ਹਸਪਤਾਲ ਨੇ ਨਾਟਕਕਾਰ ਔਲਖ ਦੇ ਪਰਿਵਾਰ ਨੂੰ ਫੜਾਇਆ 16 ਲੱਖ ਦਾ ਬਿੱਲ

ਹਸਪਤਾਲ ਨੇ ਨਾਟਕਕਾਰ ਔਲਖ ਦੇ ਪਰਿਵਾਰ ਨੂੰ ਫੜਾਇਆ 16 ਲੱਖ ਦਾ ਬਿੱਲ

ਪੰਜਾਬ ਸਰਕਾਰ ਦੇ ਐਲਾਨ ਦੇ ਬਾਵਜੂਦ ਨਹੀਂ ਮਿਲੇ ਪੈਸੇ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਨੇ ਕੈਂਸਰ ਕਾਰਨ ਪਿਛਲੇ ਇੱਕ ਮਹੀਨੇ ਤੋਂ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਨਾਟਕਕਾਰ ਅਜਮੇਰ ਔਲਖ ਦੇ ਇਲਾਜ ਦਾ ਸਾਰਾ ਖ਼ਰਚ ਉਠਾਉਣ ਦਾ ਐਲਾਨ ਕੀਤਾ ਹੋਇਆ ਹੈ ਪਰ ਔਲਖ ਦਾ ਪਰਿਵਾਰ ਉਸ ਵੇਲੇ ਦੰਗ ਰਹਿ ਗਿਆ, ਜਦੋਂ ਹਸਪਤਾਲ ਵਲੋਂਉਨ੍ਹਾਂ ਹੱਥ 16 ਲੱਖ ਰੁਪਏ ਦਾ ਬਿੱਲ ਫੜਾ ਦਿੱਤਾ ਗਿਆ।
ਕਰੀਬ ਦੋ ਹਫ਼ਤੇ ਪਹਿਲਾਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਹਸਪਤਾਲ ਪੁੱਜੇ ਤੇ ਔਲਖ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਔਲਖ ਦੇ ਇਲਾਜ ਦਾ ਸਾਰਾ ਖ਼ਰਚਾ ਉਠਾਏਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਔਲਖ ਦੇ ਇਲਾਜ ਲਈ ਦੋ ਲੱਖ ਦਾ ਚੈੱਕ ਵੀ ਭੇਜਿਆ ਗਿਆ ਸੀ। ਹਸਪਤਾਲ ਵਲੋਂ ਔਲਖ ਦੇ ਇਲਾਜ ਦਾ 16 ਲੱਖ ਰੁਪਏ ਦਾ ਬਿੱਲ ਬਣਾ ਦਿੱਤਾ ਗਿਆ। ਅਜਮੇਰ ਔਲਖ ਦੀ ਪਤਨੀ ਮਨਜੀਤ ਔਲਖ ਨੇ ਕਿਹਾ ਕਿ ਉਨ੍ਹਾਂ ਨੂੰ 7.5 ਲੱਖ ਰੁਪਏ ਜਮ੍ਹਾਂ ਕਰਾਉਣ ਲਈ ਆਖਿਆ ਗਿਆ ਸੀ ਤੇ ਉਨ੍ਹਾਂ ਹੱਥ 16 ਲੱਖ ਰੁਪਏ ਦਾ ਬਿੱਲ ਦੇ ਦਿੱਤਾ। ਉਨ੍ਹਾਂ ਨੇ ਜਦੋਂ ਮੁਫ਼ਤ ਇਲਾਜ ਦੇ ਸਰਕਾਰੀ ਐਲਾਨ ਬਾਰੇ ਕਿਹਾ ਤਾਂ ਹਸਪਤਾਲ ਪ੍ਰਬੰਧਕਾਂ ਨੇ ਕਿਹਾ ਕਿ ਉਹ ਐਲਾਨ ਸਿਰਫ਼ ਜ਼ੁਬਾਨੀ ਸੀ ਤੇ ਉਨ੍ਹਾਂ ਨੂੰ ਸਰਕਾਰ ਵਲੋਂ ਲਿਖਤੀ ਤੌਰ ‘ਤੇ ਕੁਝ ਨਹੀਂ ਦੱਸਿਆ ਗਿਆ। ਇਸ ਸਬੰਧੀ ਜਦੋਂ ਸਿਹਤ ਮੰਤਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਔਲਖ ਦੀ ਬਿਮਾਰੀ ਤੋਂ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਲਾਜ ਲੰਮਾ ਹੋ ਗਿਆ, ਜਦੋਂਕਿ ਡਾਕਟਰਾਂ ਨੇ ਖ਼ਰਚਾ ਘੱਟ ਦੱਸਿਆ ਸੀ। ਇਸ ਦੇ ਬਾਵਜੂਦ ਉਹ ਇਸ ਮਾਮਲੇ ‘ਤੇ ਉਚ ਪੱਧਰੀ ਵਿਚਾਰ ਕਰਨਗੇ।