ਐਚ-1ਬੀ ਵੀਜ਼ਾ ਮਾਮਲੇ ‘ਚ ਭਾਰਤੀ ਆਈਟੀ ਮਾਹਿਰਾਂ ਨੂੰ ਰਾਹਤ

ਐਚ-1ਬੀ ਵੀਜ਼ਾ ਮਾਮਲੇ ‘ਚ ਭਾਰਤੀ ਆਈਟੀ ਮਾਹਿਰਾਂ ਨੂੰ ਰਾਹਤ

ਵਾਸ਼ਿੰਗਟਨ/ਬਿਊਰੋ ਨਿਊਜ਼:
ਭਾਰਤੀ ਆਈਟੀ ਮਾਹਿਰਾਂ ਨੂੰ ਰਾਹਤ ਦਿੰਦਿਆਂ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਅਜਿਹੀ ਕਿਸੇ ਤਜਵੀਜ਼ ਬਾਰੇ ਵਿਚਾਰ ਨਹੀਂ ਕਰ ਰਿਹਾ ਹੈ ਜਿਸ ਤਹਿਤ ਐਚ-1ਬੀ ਵੀਜ਼ਾ ਧਾਰਕਾਂ ਨੂੰ ਮੁਲਕ ਛੱਡਣਾ ਪਏ। ਅਮਰੀਕੀ ਨਾਗਰਿਕ ਅਤੇ ਪਰਵਾਸ ਸੇਵਾਵਾਂ ਵੱਲੋਂ ਮੰਗਲਵਾਰ ਨੂੰ ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਰਿਪੋਰਟਾਂ ਆਈਆਂ ਸਨ ਕਿ ਟਰੰਪ ਪ੍ਰਸ਼ਾਸਨ ਐਚ-1ਬੀ ਵੀਜ਼ਾ ਨੇਮਾਂ ਨੂੰ ਸਖ਼ਤ ਕਰਨ ਬਾਰੇ ਵਿਚਾਰਾਂ ਕਰ ਰਿਹਾ ਹੈ ਜਿਸ ਨਾਲ ਸਾਢੇ 7 ਲੱਖ ਭਾਰਤੀਆਂ ਦੀ ਮੁਲਕ ਵਾਪਸੀ ਹੋ ਸਕਦੀ ਹੈ। ਰਿਪੋਰਟਾਂ ‘ਚ ਕਿਹਾ ਗਿਆ ਸੀ ਕਿ ਐਚ-1ਬੀ ਧਾਰਕਾਂ ਦੀ ਮਿਆਦ ਨੂੰ ਵਧਾਉਣ ਬਾਰੇ ਵਿਚਾਰ ਨਹੀਂ ਕੀਤਾ ਜਾ ਰਿਹਾ। ਅਧਿਕਾਰੀ ਨੇ ਕਿਹਾ ਕਿ ਹੁਣ ਐਚ-1ਬੀ ਵੀਜ਼ਾਧਾਰਕ 6 ਸਾਲ ਦੀ ਮਿਆਦ ਤੋਂ ਬਾਅਦ ਵੀ ਅਮਰੀਕਾ ‘ਚ ਰਹਿ ਸਕਦੇ ਹਨ। ਯੂਐਸ ਸਿਟੀਜ਼ਨਸ਼ਿਪ ਐਂਡ ਇੰਮੀਗਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਦੇ ਮੀਡੀਆ ਸੰਪਰਕ ਅਧਿਕਾਰੀ ਜੋਨਾਥਨ ਵਿਥਿੰਗਟਨ ਨੇ ਇਕ ਬਿਆਨ ‘ਚ ਕਿਹਾ ਕਿ ਇਸ ਤੋਂ ਬਾਅਦ ਵੀ ਮੁਲਾਜ਼ਮ ਇਕ-ਇਕ ਸਾਲ ਦੇ ਵਾਧੇ ਦੀ ਬੇਨਤੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਹੁਕਮਾਂ ‘ਤੇ ਫੁੱਲ ਚੜ੍ਹਾਉਣ ਲਈ ਉਹ ਨੀਤੀ ‘ਚ ਕਈ ਬਦਲਾਵਾਂ ਬਾਰੇ ਵਿਚਾਰ ਕਰ ਰਹੇ ਹਨ। ਇਸ ਦੇ ਨਾਲ ਵੀਜ਼ਾ ਪ੍ਰੋਗਰਾਮ ਆਧਾਰਿਤ ਰੁਜ਼ਗਾਰ ਦੇ ਮੌਕਿਆਂ ਦੀ ਵੀ ਪੂਰੀ ਤਰ੍ਹਾਂ ਨਾਲ ਪੜਚੋਲ ਹੋ ਰਹੀ ਹੈ। ਕਈ ਭਾਰਤੀ ਮੂਲ ਦੇ ਸੈਨੇਟਰਾਂ ਅਤੇ ਜਥੇਬੰਦੀਆਂ ਵੱਲੋਂ ਐਚ-1ਬੀ ਵੀਜ਼ਾ ਨੀਤੀ ‘ਚ ਬਦਲਾਅ ਦਾ ਵਿਰੋਧ ਕੀਤੇ ਜਾਣ ਮਗਰੋਂ ਅਮਰੀਕੀ ਸਰਕਾਰ ਨੂੰ ਆਪਣੇ ਫ਼ੈਸਲੇ ‘ਤੇ ਵਿਚਾਰ ਕਰਨਾ ਪੈ ਗਿਆ ਹੈ। ਜ਼ਿਕਰਯੋਗ ਹੈ ਕਿ ਆਪਣੇ ਚੋਣ ਪ੍ਰਚਾਰ ਸਮੇਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਚ-1ਬੀ ਅਤੇ ਐਲ-1 ਵੀਜ਼ਾ ਪ੍ਰੋਗਰਾਮਜ਼ ਦੀਆਂ ਖਾਮੀਆਂ ਨੂੰ ਦੂਰ ਕਰਨ ਦਾ ਵਾਅਦਾ ਕੀਤਾ ਸੀ।

ਜਿੱਤ ਬਾਅਦ ਐੱਚ-1 ਬੀ ਵੀਜ਼ਾ ਪ੍ਰਣਾਲੀ ਦੇ ਹੱਕ ‘ਚ ਸੀ ਟਰੰਪ
ਇੱਕ ਅਮਰੀਕੀ ਲੇਖਕ ਵੱਲੋਂ ਲਿਖੀ ਪੁਸਤਕ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੋਣਾਂ ਵਿੱਚ ਜਿੱਤਣ ਮਗਰੋਂ ਐੱਚ-1ਬੀ ਵੀਜ਼ਾ ਪ੍ਰਣਾਲੀ ਦਾ ਸਮਰਥਨ ਕੀਤਾ ਸੀ ਜੋ ਉਨ੍ਹਾਂ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ ਵਰਕ ਵੀਜ਼ਾ ਖ਼ਿਲਾਫ਼ ਕੀਤੇ ਪ੍ਰਚਾਰ ਦੇ ਬਿਲਕੁਲ ਉਲਟ ਸੀ। ਪੱਤਰਕਾਰ ਮਾਈਕਲ ਵੋਲਫ ਵੱਲੋਂ ਲਿਖੀ ਪੁਸਤਕ ‘ਫਾਇਰ ਐਂਡ ਫਿਊਰ: ਇਨਸਾਈਡ ਦਿ ਟਰੰਪ ਵ੍ਹਾਈਟ ਹਾਊਸ’ ਮੁਤਾਬਕ ਟਰੰਪ ਟਾਵਰਜ਼ ਵਿਖੇ 14 ਦਸੰਬਰ 2016 ਨੂੰ ਸਿਲੀਕਾਨ ਵੈਲੀ ਦੇ ਵਫ਼ਦ ਨਾਲ ਇੱਕ ਮੀਟਿੰਗ ਮਗਰੋਂ ਰਾਸ਼ਟਰਪਤੀ ਵਜੋਂ ਚੁਣੇ ਜਾ ਚੁੱਕੇ ਟਰੰਪ ਨੇ ਕਿਹਾ ਕਿ ਤਕਨਾਨੋਜੀ ਨਾਲ ਜੁੜੀ ਇੰਡਸਟਰੀ ਨੂੰ ਐੱਚ-1 ਬੀ ਵੀਜ਼ਾ ਮਾਮਲੇ ‘ਚ ਉਨ੍ਹਾਂ ਦੀ ਮਦਦ ਦੀ ਲੋੜ ਸੀ। ਦੂਜੇ ਪਾਸੇ, ਵ੍ਹਾਈਟ ਹਾਊਸ ਨੇ ਇਸ ਪੁਸਤਕ ਦੇ ਵਿਸ਼ੇ ‘ਤੇ ਆਪੱਤੀ ਜਤਾਈ ਹੈ ਅਤੇ ਇਸ ਨੂੰ ਮਨਘੜਤ ਕਿਹਾ ਹੈ।

ਰਾਸ਼ਟਰਪਤੀ ਬਣਨ ਦੇ ਨਹੀਂ ਸਨ ਚਾਹਵਾਨ
ਪੁਸਤਕ ਮੁਤਾਬਕ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦੇ ਸਨ। ਟਰੰਪ ਦਾ ਉਦੇਸ਼ ਕਦੇ ਵੀ ਜਿੱਤ ਹਾਸਲ ਕਰਨਾ ਨਹੀਂ ਸੀ। ਇਸ ਪੁਸਤਕ ਮੁਤਾਬਕ ਟਰੰਪ ਨੇ ਆਪਣੇ ਸਹਾਇਕ ਸੈਮ ਨਨਬਰਗ ਨੂੰ ਦੱਸਿਆ ਸੀ ਕਿ ਇਹ ਚੋਣ ਲੜਨ ਨਾਲ ਮੈਂ ਦੁਨੀਆਂ ਦਾ ਸਭ ਤੋਂ ਮਸ਼ਹੂਰ ਵਿਅਕਤੀ ਬਣ ਸਕਦਾ ਹਾਂ।

ਟਰੰਪ ਕਮਿਸ਼ਨ ਭੰਗ ਕੀਤਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 2016 ਦੀਆਂ ਚੋਣਾਂ ਵਿੱਚ ਹੋਈ ਗੈਰਕਾਨੂੰਨੀ ਵੋਟਿੰਗ ਦੀ ਜਾਂਚ ਲਈ ਸਥਾਪਤ ਕੀਤੇ ਵਿਵਾਦਤ ਕਮਿਸ਼ਨ ਨੂੰ ਭੰਗ ਕਰ ਦਿੱਤਾ ਹੈ। ਇਸ ਦਾ ਕਾਰਨ ਉਨ੍ਹਾਂ ਵੱਖ ਵੱਖ ਸੂਬਿਆਂ ਵੱਲੋਂ ਇਸ ਬੋਰਡ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਨਾ ਦੱਸਿਆ ਹੈ। ਟਰੰਪ ਨੇ ਮਈ ਵਿੱਚ ਇਸ ਕਮਿਸ਼ਨ ਦੀ ਸਥਾਪਨਾ ਕੀਤੀ ਸੀ।
ਅਮਰੀਕੀ ਕਾਨੂੰਨਸਾਜ਼ ਤੇ ਜਥੇਬੰਦੀਆਂ ਐਚ1ਬੀ
ਵੀਜ਼ਾ ਨੇਮਾਂ ‘ਚ ਬਦਲਾਓ ਵਿਰੁਧ ਨਿੱਤਰੀਆਂ
ਵਾਸ਼ਿੰਗਟਨ/ਬਿਊਰੋ ਨਿਊਜ਼:
ਟਰੰਪ ਪ੍ਰਸ਼ਾਸਨ ਵੱਲੋਂ ਐਚ1ਬੀ ਵੀਜ਼ਾ ਨਿਯਮਾਂ ‘ਚ ਕਟੌਤੀ ਦੀ ਯੋਜਨਾ ਦੀ ਕੁਝ ਅਮਰੀਕੀ ਕਾਨੂੰਨਸਾਜ਼ਾਂ ਅਤੇ ਜਥੇਬੰਦੀਆਂ ਨੇ ਨੁਕਤਾਚੀਨੀ ਕੀਤੀ । ਉਨ੍ਹਾਂ ਦਾ ਦੋਸ਼ ਹੈ ਕਿ ਇਸ ਨਾਲ ਅੰਦਾਜ਼ਨ 5 ਤੋਂ ਸਾਢੇ 7 ਲੱਖ ਭਾਰਤੀ ਅਮਰੀਕੀਆਂ ਨੂੰ ਮੁਲਕ ਪਰਤਨਾ ਪੈ ਸਕਦਾ ਹੈ ਅਤੇ ਅਮਰੀਕਾ ‘ਚੋਂ ਪ੍ਰਤਿਭਾਵਾਂ ਬਾਹਰ ਚਲੀਆਂ ਜਾਣਗੀਆਂ। ਰਾਸ਼ਟਰਪਤੀ ਡੋਨਲਡ ਟਰੰਪ ਦੀ ‘ਖਰੀਦੋ ਅਮਰੀਕੀ, ਨੌਕਰੀ ‘ਤੇ ਰੱਖੋ ਅਮਰੀਕੀ’ ਪਹਿਲ ਤਹਿਤ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਇਹ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਅਸਰਦਾਰ ਡੈਮੋਕਰੇਟਿਕ ਕਾਂਗਰਸਵਿਮੈੱਨ ਤੁਲਸੀ ਗਬਾਰਡ ਨੇ ਕਿਹਾ,”ਐਚ1ਬੀ ਵੀਜ਼ਾ ਹੋਲਡਰਾਂ ‘ਤੇ ਪਾਬੰਦੀਆਂ ਥੋਪੇ ਜਾਣ ਨਾਲ ਪਰਿਵਾਰਾਂ ਦੇ ਟੋਟੇ ਹੋ ਜਾਣਗੇ, ਮਾਹਿਰ ਸਾਡੇ ਮੁਲਕ ‘ਚੋਂ ਚਲੇ ਜਾਣਗੇ ਅਤੇ ਅਹਿਮ ਭਾਈਵਾਲ ਭਾਰਤ ਨਾਲ ਰਿਸ਼ਤੇ ਖ਼ਰਾਬ ਹੋ ਸਕਦੇ ਹਨ।” ਹਿੰਦੂ ਅਮਰੀਕੀ ਫਾਊਂਡੇਸ਼ਨ ਨੇ ਵੀ ਬਿਆਨ ਜਾਰੀ ਕਰਕੇ ਟਰੰਪ ਪ੍ਰਸ਼ਾਸਨ ਦੀ ਤਜਵੀਜ਼ ਦਾ ਵਿਰੋਧ ਕੀਤਾ ਹੈ। ਭਾਰਤ-ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਘਰੇਲੂ ਕਾਮਿਆਂ ਨੂੰ ਆਧੁਨਿਕ ਸਿਖਲਾਈ ਦੇਣ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਆਸ ਜਤਾਈ ਕਿ ਸਰਕਾਰ ਇਸ ਤਜਵੀਜ਼ ਨੂੰ ਫੌਰੀ ਤੌਰ ‘ਤੇ ਰੱਦ ਕਰ ਦੇਵੇਗੀ। ਕਾਂਗਰਸਮੈਨ ਰੋ ਖੰਨਾ ਨੇ ਕਿਹਾ ਕਿ ਇਹ ਤਜਵੀਜ਼ ਪਰਵਾਸੀ ਵਿਰੋਧੀ ਹੈ। ਉਨ੍ਹਾਂ ਟਵੀਟ ਕਰਕੇ ਰਾਸ਼ਟਰਪਤੀ ਨੂੰ ਪੁੱਛਿਆ ਕਿ ਕੀ ਭਾਰਤੀਆਂ ਬਗੈਰ ਅਮਰੀਕਾ ਮਹਾਨ ਬਣ ਸਕੇਗਾ।