ਕੁੱਲੂ ਦੇ ਡੀ.ਸੀ. ਯੂਨਸ ਸ਼ਹੀਦ ਪਰਮਜੀਤ ਸਿੰਘ ਦੀ ਧੀ ਨੂੰ ਲੈਣਗੇ ਗੋਦ

ਕੁੱਲੂ ਦੇ ਡੀ.ਸੀ. ਯੂਨਸ ਸ਼ਹੀਦ ਪਰਮਜੀਤ ਸਿੰਘ ਦੀ ਧੀ ਨੂੰ ਲੈਣਗੇ ਗੋਦ

ਸੰਤੋਖਗੜ੍ਹ/ਬਿਊਰੋ ਨਿਊਜ਼ :
ਹਿਮਾਚਲ ਪ੍ਰਦੇਸ਼ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਊਨਾ (ਹਿਮਾਚਲ ਪ੍ਰਦੇਸ਼) ਜ਼ਿਲ੍ਹੇ ਦੇ ਸਾਬਕਾ ਨੌਜਵਾਨ ਡਿਪਟੀ ਕਮਿਸ਼ਨਰ ਅਤੇ ਮੌਜੂਦਾ ਕੁੱਲੂ ਵਿਖੇ ਤਾਇਨਾਤ ਡੀ.ਸੀ. ਯੂਨਸ ਅਤੇ ਉਨ੍ਹਾਂ ਦੀ ਧਰਮ ਪਤਨੀ ਅੰਜੁਮ ਆਰਾ ਆਈ.ਪੀ.ਐਸ. (ਐਸ.ਪੀ. ਸੋਲਨ) ਨੇ ਸ਼ਹੀਦ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੀ ਛੋਟੀ ਬੇਟੀ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ। ਯੂਨਸ ਦੀ ਸ਼ਹੀਦ ਪਰਮਜੀਤ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਹੋ ਚੁੱਕੀ ਹੈ। ਸ਼ਹੀਦ ਪਰਮਜੀਤ ਦੇ 3 ਬੱਚੇ ਹਨ ਜਿਸ ਵਿਚ 16 ਸਾਲਾਂ ਦੀ ਵੱਡੀ ਬੇਟੀ ਅਤੇ 12 ਸਾਲਾਂ ਦੇ ਜੁੜਵਾ ਭੈਣ-ਭਾਈ ਹਨ। ਯੂਨਸ ਅਨੁਸਾਰ ਛੋਟੀ ਬੇਟੀ ਆਪਣੀ ਮਾਤਾ ਅਤੇ ਭੈਣ-ਭਰਾਵਾਂ ਪਾਸ ਹੀ ਰਹੇਗੀ ਪ੍ਰੰਤੂ ਉਸ ਦਾ ਸਾਰਾ ਖਰਚ ਅਤੇ ਦੇਖਭਾਲ ਡੀ.ਸੀ. ਯੂਨਸ ਅਤੇ ਐਸ.ਪੀ. ਅੰਜੁਮ ਆਰਾ ਹੀ ਕਰੇਗੀ। ਉਹ ਇਸ ਬੇਟੀ ਦੇ ਅਕਾਊਂਟ ਵਿਚ ਹਰ ਮਹੀਨੇ ਉਸ ਦੇ ਖਰਚ ਲਈ ਪੈਸੇ ਪਾ ਦਿਆ ਕਰਨਗੇ। ਯੂਨਸ ਨੇ ਫੋਨ ‘ਤੇ ਦੱਸਿਆ ਕਿ ਉਹ ਉਸ ਨੂੰ ਬੇਟੀ ਮੰਨਦੇ ਹੋਏ ਉਸ ਦੀ ਪੜ੍ਹਾਈ, ਲਿਖਾਈ, ਵਿਆਹ-ਸ਼ਾਦੀ ਅਤੇ ਉਸ ਦੀਆਂ ਸਾਰੀਆਂ ਜ਼ਿੰਮੇਵਾਰੀ ਕਬੂਲਦੇ ਹੋਏ ਉਸ ਨੂੰ ਆਪਣੀ ਧੀ ਬਣਾ ਕੇ ਰੱਖਣਗੇ।