ਸਿੱਖ ਵਿਦਵਾਨ ਪ੍ਰੋ. ਸੀਤਲ ਸਿੰਘ ਸਿਤਾਰਾ ਐਮ.ਬੀ. ਈ. ਐਵਾਰਡ ਨਾਲ ਸਨਮਾਨਿਤ

ਸਿੱਖ ਵਿਦਵਾਨ ਪ੍ਰੋ. ਸੀਤਲ ਸਿੰਘ ਸਿਤਾਰਾ ਐਮ.ਬੀ. ਈ. ਐਵਾਰਡ ਨਾਲ ਸਨਮਾਨਿਤ

ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ਵਿਚ ਸਿੱਖ ਵਿਰਾਸਤ ਅਤੇ ਸਭਿਆਚਾਰ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੇ ਪ੍ਰੋ. ਸੀਤਲ ਸਿੰਘ ਸਿਤਾਰਾ ਨੂੰ ਸ਼ਾਹੀ ਐਵਾਰਡ ਐਮ.ਬੀ.ਈ. ਬੀਤੇ ਦਿਨੀਂ ਪ੍ਰਦਾਨ ਕੀਤਾ ਗਿਆ। ਇਹ ਐਵਾਰਡ ਬਕਿੰਘਮ ਪੈਲਿਸ ਵਿਚ ਪ੍ਰਿੰਸਸ ਐਨਾ ਵੱਲੋਂ ਭੇਟ ਕੀਤਾ ਗਿਆ। ਜ਼ਿਕਰਯੋਗ ਹੈ ਕਿ 80 ਸਾਲਾ ਪ੍ਰੋ. ਸੀਤਲ ਸਿੰਘ ਸਿਤਾਰਾ 1970 ਵਿਚ ਯੂ.ਕੇ. ਆਏ ਅਤੇ ਇਥੇ ਉਨ੍ਹਾਂ ਜਿਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਸਿੱਖ ਧਰਮ ਨਾਲ ਜੋੜਿਆ, ਉਥੇ ਹੀ ਉਨ੍ਹਾਂ ਅਣਗਿਣਤ ਪੰਜਾਬੀਆਂ ਅਤੇ ਗ਼ੈਰ-ਪੰਜਾਬੀਆਂ ਨੂੰ ਕਲਾਸੀਕਲ ਸੰਗੀਤ ਦੀ ਸਿੱਖਿਆ ਦਿੱਤੀ। ਵਰਨਣਯੋਗ ਹੈ ਕਿ ਪ੍ਰੋ. ਸਿਤਾਰਾ ਨੇਤਰਹੀਣ ਹੋਣ ਦੇ ਬਾਵਜੂਦ ਲੰਡਨ ਦੀ ਅੰਡਰਗਰਾਊਂਡ ਬਿਜਲੀ ਹੇਠ ਚੱਲਣ ਵਾਲੀ ਟਰੇਨ ਰਾਹੀਂ ਇਕੱਲੇ ਹੀ ਸਫ਼ਰ ਕਰਕੇ ਵੱਖ-ਵੱਖ ਥਾਵਾਂ ‘ਤੇ ਪਹੁੰਚ ਕੇ ਕੀਰਤਨ ਸਿਖਾਇਆ ਕਰਦੇ ਸਨ। ਉਹ ਯੂ.ਕੇ. ਦੇ ਬਹੁਤ ਸਾਰੇ ਗੁਰੂ ਘਰਾਂ ਵਿਚ ਕੀਰਤਨ ਰਾਹੀਂ ਹਾਜ਼ਰੀ ਭਰਦੇ ਆ ਰਹੇ ਹਨ। ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅੰਤ ਬਾਣੀ ਕੰਠ ਹੈ। ਪ੍ਰੋ. ਸਿਤਾਰਾ ਨੇ ਅਨੇਕਾਂ ਕਿਤਾਬਾਂ ਲਿਖੀਆਂ ਅਤੇ ਬਹੁਤ ਸਾਰੀਆਂ ਗੁਰਬਾਣੀ ਦੀਆਂ ਸੀ.ਡੀ. ਅਤੇ ਕੈਸੇਟਾਂ ਰਿਕਾਰਡ ਕਰਵਾਈਆਂ। ਪ੍ਰੋ. ਸਿਤਾਰਾ ਨੇ ਇਹ ਐਵਾਰਡ ਆਪਣੀ ਪਤਨੀ ਬੀਬੀ ਪਰਮਿੰਦਰ ਕੌਰ ਸਿਤਾਰਾ ਅਤੇ ਸਿੱਖ ਭਾਈਚਾਰੇ ਨੂੰ ਸਮਰਪਿਤ ਕੀਤਾ ਹੈ।