ਯੂਨਾਈਟਡ ਨੇਸ਼ਨਜ਼ ਦੇ ਅੰਦਰ ਡਾ. ਅੰਬੇਦਕਰ ਜੈਯੰਤੀ ਮਨਾਉਣ ਸਬੰਧੀ ਕੀਤੇ ਜਾ ਰਹੇ ਸਮਾਗਮ ਦੌਰਾਨ ਸਿੱਖਾਂ ਵਲੋਂ ਰੋਸ ਮੁਜਾਹਰਾ

ਯੂਨਾਈਟਡ ਨੇਸ਼ਨਜ਼ ਦੇ ਅੰਦਰ ਡਾ. ਅੰਬੇਦਕਰ ਜੈਯੰਤੀ ਮਨਾਉਣ ਸਬੰਧੀ ਕੀਤੇ ਜਾ ਰਹੇ ਸਮਾਗਮ ਦੌਰਾਨ ਸਿੱਖਾਂ ਵਲੋਂ ਰੋਸ ਮੁਜਾਹਰਾ

ਭਾਰਤ ‘ਚ ਸਿੱਖਾਂ, ਦਲਿਤਾਂ, ਮੁਸਲਮਾਨਾਂ ਅਤੇ ਇਸਾਈਆਂ ਦੇ ਸ਼ੋਸ਼ਣ ਦਾ ਮਾਮਲਾ ਉਭਾਰਿਆ
ਨਿਊਯਾਰਕ/ਹੁਸਨ ਲੜੋਆ ਬੰਗਾ:
ਭਾਰਤ ਸਰਕਾਰ ਵਲੋਂ ਦੁਨੀਆਂ ਦੀ ਸਰਵਉੱਚ ਮੰਨੀ ਜਾਂਦੀ ਸੰਸਥਾ ਯੂਨਾਈਟਡ ਨੇਸ਼ਨਜ਼ ਵਿਚ ਭਾਰਤ ਸੰਵਿਧਾਨ ਨਿਰਮਾਤਾ ਤੇ ਦਲਿਤ ਰਹਿਨੁਮਾ ਡਾ. ਭੀਮ ਰਾਓ ਅੰਬੇਦਕਰ ਜੀ ਜੈਯੰਤੀ ਮਨਾਈ ਜਾ ਰਹੀ ਸੀ ਅਤੇ ਭਾਰਤ ਦੇ ਸਥਾਈ ਮੈਂਬਰ ਸਾਇਦ ਅਕਬਰੁਦੀਨ ਜਿਉਂ ਹੀ ਬੋਲਣ ਲੱਗੇ ਤਾਂ ਇਕ ਸਿੱਖਾਂ ਦੇ ਸਮੂਹ ਜਿਸਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਰ ਰਿਹਾ ਸੀ ਵਲੋਂ ਰੋਸ ਮੁਜਾਹਰਾ ਕੀਤਾ ਗਿਆ। ਇਨ੍ਹਾਂ ਸਿੱਖਾਂ ਨੂੰ ਇਸ ਮੌਕੇ ਹੱਲਾ ਗੁੱਲਾ ਨਾ ਕਰਨ ਦੀ ਸ਼ਰਤ ‘ਤੇ ਪਰਮਿਟ ਲੈ ਕੇ ਅੰਦਰ ਅੰਦਰ ਜਾਣ ਦਿੱਤਾ ਗਿਆ। ਰੋਸ ਪ੍ਰਗਟਾਉਣ ਵਾਲੇ ਸਿੱਖਾਂ ਨੇ ਪੱਗੜੀਆਂ ‘ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਭਾਰਤ ਸਰਕਾਰ ਖਿਲਾਫ਼ ਸਿੱਖਾਂ, ਦਲਿਤਾਂ, ਮੁਸਲਮਾਨਾਂ ਅਤੇ ਇਸਾÂਂਆਂ ਦੇ ਹੁੰਦੇ ਸ਼ੋਸ਼ਣ ਬਾਰੇ ਲਿਖਿਆ ਹੋਇਆ ਸੀ।
ਅਕਾਲੀ ਦਲ ਅੰਮ੍ਰਿਤਸਰ, ਅਮਰੀਕਾ ਦੇ ਅਮਨਦੀਪ ਸਿੰਘ ਅਤੇ ਬੂਟਾ ਸਿੰਘ ਖੜੌਦ ਨੇ ਇਸ ਮੌਕੇ ਇਸ ਪੱਤਰਕਾਰ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਸ ਮਹਾਨ ਦਲਿਤ ਸਖ਼ਸ਼ੀਅਤ ਦੀ ਭਾਰਤ ਜੈਯੰਤੀ ਮਨਾ ਰਿਹਾ ਹੈ ਉਸੇ ਕੌਮ ਨਾਲ ਭਾਰਤ ਸਰਕਾਰ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਮਨਾਏ ਜਾ ਰਹੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਸ਼ਤਾਬਦੀ ਸਮਾਗਮਾਂ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਸਿੰਘਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕੀਤਾ ਹੈ ਅਤੇ ਐਸ.ਸੀ., ਐਸ.ਟੀ., ਓ.ਬੀ.ਸੀ. ਉਪਰ ਹੋ ਰਹੇ ਜ਼ੁਲਮਾਂ ਨੂੰ ਬੇਨਕਾਬ ਕਰਨ ਦਾ ਹੀ ਸਾਡਾ ਮਕਸਦ ਸੀ।
ਇਨ੍ਹਾਂ ਸਿੰਘਾਂ ਵਲੋਂ ਯੋਜਨਾਬੱਧ ਤਰੀਕੇ ਨਾਲ ਪਹਿਲਾਂ ਇਸ ਸਮਾਗਮ ਵਿਚ ਦਾਖ਼ਲਾ ਲਿਆ ਗਿਆ ਅਤੇ ਜਦੋਂ ਭਾਰਤ ਦੇ ਅਧਿਕਾਰੀ ਡਾ. ਭੀਮ ਰਾਓ ਅੰਬੇਡਕਰ ਦੇ ਸਬੰਧੀ ਝੂਠਾ ਪਿਆਰ ਜਤਾਉਂਦੇ ਹੋਏ ਬਾਬਾ ਸਾਹਿਬ ਦੀ ਸੋਚ ਨੂੰ ਬ੍ਰਾਹਮਣੀਕਰਨ ਦਾ ਚੋਲਾ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਬੂਟਾ ਸਿੰਘ ਖੜੌਦ ਅਤੇ ਸੁਰਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਯੂ.ਐਨ.ਓ. ਅੰਦਰ ਦਾਖ਼ਲ ਹੋਏ ਇਨ੍ਹਾਂ ਸਿੰਘਾਂ ਨੇ ਆਪਣੀਆਂ ਕੁਰਸੀਆਂ ‘ਤੇ ਖੜ੍ਹੇ ਹੋ ਕੇ ਦਸਤਾਰਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਹੱਥਾਂ ਵਿਚ ਮੰਨੂਵਾਦੀਆਂ ਦੇ ਜ਼ੁਲਮਾਂ ਦੀ ਦਾਸਤਾਨ ਦੀਆਂ ਤਖ਼ਤੀਆਂ ਫੜ ਕੇ ਦੁਨੀਆਂ ਨੂੰ ਦਿਖਾ ਦਿਤਾ। ਇਹ ਐਕਸ਼ਨ ਇੰਨਾ ਗੁਪਤ ਅਤੇ ਤੇਜ਼ੀ ਨਾਲ ਹੋਇਆ ਕਿ ਸਮਾਗਮ ਵਿਚ ਸ਼ਾਮਲ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕੀ ਹੁਣ ਕੀਤਾ ਕੀ ਜਾਵੇ?
ਦਰਅਸਲ ਸਿੱਖ ਕੌਮ ਦੇ 33 ਸਾਲਾਂ ਦੇ ਸੰਘਰਸ਼ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਯੂ.ਐਨ.ਓ. ਦੇ ਅੰਦਰ ਜਾ ਕੇ ਸਿੱਖ ਕੌਮ ਦੇ ਕਾਰਕੁੰਨਾਂ ਵਲੋਂ ਮੁਜ਼ਾਹਰਾ ਕੀਤਾ ਗਿਆ ਹੋਵੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਅਤੇ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜਦੋਂ ਤੱਕ ਸਜ਼ਾ ਨਹੀਂ ਮਿਲਦੀ ਸਿੱਖ ਕਦੇ ਵੀ ਆਰਾਮ ਨਾਲ ਨਹੀਂ ਬੈਠਣਗੇ। ਮੁਜਾਹਰੇ ਦੌਰਾਨ ਯੁਨਾਈਟਡ ਨੇਸ਼ਨ ਕਾਨਫਰੰਸ ਦੇ ਕਾਲੀ ਵਰਦੀ ਵਿਚ ਅਫਸਰ ਅਤੇ ਹੋਰ ਸਕਿਊਰਿਟੀ ਸਭ ਅਲਰਟ ਹੋ ਗਏ ਅਤੇ ਕੁਝ ਅਫਸਰ ਅੰਦਰ ਵੀ ਗਏ ਅਤੇ ਸਭ ‘ਤੇ ਨਜ਼ਰ ਰੱਖਦੇ ਰਹੇ।
ਯੂਨਾਈਟਡ ਨੇਸ਼ਨਜ਼ ਵਿਚ ਭਾਰਤ ਦੇ ਸਥਾਈ ਮੈਂਬਰ ਸਈਦ ਅਕਬਰੁਦੀਨ ਨੇ ਰੋਸ ਮੁਜ਼ਾਹਰੇ ਦੌਰਾਨ ਆਪਣਾ ਲੈਕਚਰ ਜਾਰੀ ਰੱਖਿਆ।