ਅਕਾਲੀ ਪ੍ਰਤਿਕਾ ਦੇ ਬਾਨੀ ਸ. ਅਮਰ ਸਿੰਘ ਦੁਸਾਂਝ ਦੀ ਪਤਨੀ ਸਰਦਾਰਨੀ ਗੁਰਚਰਨ ਕੌਰ ਦੁਸਾਂਝ ਨਹੀਂ ਰਹੇ

ਅਕਾਲੀ ਪ੍ਰਤਿਕਾ ਦੇ ਬਾਨੀ ਸ. ਅਮਰ ਸਿੰਘ ਦੁਸਾਂਝ ਦੀ ਪਤਨੀ ਸਰਦਾਰਨੀ ਗੁਰਚਰਨ ਕੌਰ ਦੁਸਾਂਝ ਨਹੀਂ ਰਹੇ

ਅੰਤਿਮ ਸਸਕਾਰ 3 ਅਗਸਤ, ਵੀਰਵਾਰ ਨੂੰ ਦੁਪਹਿਰ 1.00 ਤੋਂ 3.00 ਵਜੇ ਤੱਕ
ਹੇਵਰਡ/ਬਿਊਰੋ ਨਿਊਜ਼ :
ਅਕਾਲੀ ਪ੍ਰਤਿਕਾ ਦੇ ਬਾਨੀ ਸ. ਅਮਰ ਸਿੰਘ ਦੁਸਾਂਝ ਦੀ ਪਤਨੀ ਸਰਦਾਰਨੀ ਗੁਰਚਰਨ ਕੌਰ ਦੁਸਾਂਝ 26 ਜੁਲਾਈ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸਸਕਾਰ 3 ਅਗਸਤ, ਵੀਰਵਾਰ ਨੂੰ ਦੁਪਹਿਰ 1.00 ਤੋਂ 3.00 ਵਜੇ ਤੱਕ ਚੈਪਲ ਆਫ਼ ਚਾਈਮਜ਼ ਹੇਵਰਡ, ਕੈਲੀਫੋਰਨੀਆ ਵਿਖੇ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਰਦਾਰਨੀ ਗੁਰਚਰਨ ਕੌਰ ਦਾ ਜਨਮ ਨਰੰਗਵਾਲ (ਲੁਧਿਆਣਾ ਜ਼ਿਲ੍ਹਾ) ਵਿਚ 1917 ਵਿਚ ਹੋਇਆ ਸੀ। ਉਹ 3 ਭੈਣ-ਭਰਾ ਸਨ। ਛੋਟੀ ਉਮਰੇ ਹੀ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ, ਜਿਸ ਕਰਕੇ ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਚਾਚਾ-ਚਾਚੀ ਨੇ ਹੀ ਕੀਤਾ। ਉਨ੍ਹਾਂ ਦਾ ਵੱਡਾ ਭਰਾ ਤੇ ਪਿਤਾ ਜੀ ਕੀਨੀਆ ਚਲੇ ਗਏ ਤੇ ਉਥੇ ਜਾ ਕੇ ਸਫਲ ਕਿਸਾਨ ਬਣੇ। 20 ਵਰ੍ਹਿਆਂ ਦੀ ਉਮਰ ਵਿਚ ਉਨ੍ਹਾਂ ਦਾ ਵਿਆਹ ਸਰਦਾਰ ਅਮਰ ਸਿੰਘ ਦੁਸਾਂਝ ਨਾਲ ਹੋਇਆ। ਸਰਦਾਰਨੀ ਗੁਰਚਰਨ ਕੌਰ ਨੇ ਮਜ਼ਬੂਤ ਇਰਾਦੇ ਨਾਲ ਘਰ ਸੰਭਾਲਿਆ ਅਤੇ ਆਪਣੇ ਪਤੀ ਨੂੰ ਸਫਲ ਸਿਆਸੀ ਸਫ਼ਰ ‘ਤੇ ਤੋਰਿਆ। ਉਨ੍ਹਾਂ ਨੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਵਧੀਆ ਢੰਗ ਨਾਲ ਕੀਤਾ ਅਤੇ ਸਮਾਜ ਸੇਵਾ ਦੇ ਕੰਮਾਂ ਵਿਚ ਹਿੱਸਾ ਲਿਆ। ਉਨ੍ਹਾਂ ਦੇ 7 ਬੱਚੇ ਹੋਏ ਜੋ ਦੁਸਾਂਝ ਕਲਾਂ ਅਤੇ ਜਲੰਧਰ ਵਿਚ ਪਲੇ, ਵੱਡੇ ਹੋਏ। ਸਿਆਸਤਦਾਨ ਦੀ ਪਤਨੀ ਹੋਣ ਦੇ ਨਾਤੇ ਉਨ੍ਹਾਂ ਨੇ ਘਰ ਵਿਚ ਆਉਂਦੇ ਹਰ ਵਿਅਕਤੀ ਦਾ ਸਵਾਗਤ ਖਿੜੇ ਮੱਥੇ ਕੀਤਾ। ਉਨ੍ਹਾਂ ਦੀ ਦਿਆਨਤਦਾਰੀ ਤੇ ਮਹਿਮਾਨਨਵਾਜ਼ੀ ਕਾਰਨ ਜ਼ਿੰਦਗੀ ਵਧੀਆ ਗੁਜ਼ਰਦੀ ਰਹੀ। ਸਰਦਾਰ ਅਮਰ ਸਿੰਘ ਦੁਸਾਂਝ ਦੀ 1980 ਵਿਚ ਮੌਤ ਤੋਂ ਬਾਅਦ ਵੀ ਉਹ ਦ੍ਰਿੜ ਇਰਾਦੇ ਨਾਲ ਚੱਲਦੇ ਰਹੇ।
ਸਰਦਾਰਨੀ ਗੁਰਚਰਨ ਕੌਰ ਦੁਸਾਂਝ ਨੇ ਆਪਣੇ-ਆਪ ਨੂੰ ਕਦੇ ਡੋਲਣ ਨਹੀਂ ਦਿੱਤਾ। ਉਹ ਆਪਣੇ ਬੱਚਿਆਂ, ਪੋਤੇ-ਪੋਤੀਆਂ ਕੋਲ ਇੰਗਲੈਂਡ ਤੇ ਅਮਰੀਕਾ ਰਹਿੰਦੇ ਰਹੇ। ਅਕਾਲ ਪੁਰਖ਼ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ 510-209-9614 ‘ਤੇ ਕਾਲ ਕਰ ਸਕਦੇ ਹੋ।