ਰੂਸ ਤੇ ਅਮਰੀਕਾ ਵਿਚਾਲੇ ਵਿਵਾਦ ਕਾਰਨ ਯੂਕ੍ਰੇਨ ਸੰਕਟ ਡੂੰਘਾ
ਵਿਸ਼ਵ ਮਸਲਾ
ਅਮਰੀਕਾ ਦੇ ਰੂਸ ਨਾਲ ਵਿਵਾਦ ਨੂੰ ਲੈ ਕੇ ਫਰਾਂਸ, ਜਰਮਨੀ ਤੇ ਪੋਲੈਂਡ ਵੱਲੋਂ ਯੂਕ੍ਰੇਨ ਦੀ ਹਮਾਇਤ ਦੇ ਕਈ ਮਾਅਨੇ ਕੱਢੇ ਜਾ ਰਹੇ ਹਨ। ਯੂਕ੍ਰੇਨ ਮੁੱੱਦੇ ’ਤੇ ਜਿਸ ਤਰ੍ਹਾਂ ਅਮਰੀਕਾ ਤੇ ਰੂਸ ਇਕ-ਦੂਸਰੇ ਨੂੰ ਧਮਕਾ ਰਹੇ ਹਨ ਉਸ ਤੋਂ ਤਾਂ ਲੱਗਦਾ ਹੈ ਕਿ ਪਤਾ ਨਹੀਂ ਕੌਣ ਹਮਲਾ ਕਰ ਬੈਠੇ ਤੇ ਮਿਜ਼ਾਈਲਾਂ ਤੇ ਬੰਬਾਂ ਦੀ ਬਾਰਿਸ਼ ਹੋਣ ਲੱਗ ਪਏ। ਹਾਲਾਤ ਦਿਨ-ਬਦਿਨ ਇੰਨੇ ਗੰਭੀਰ ਹੁੰਦੇ ਜਾ ਰਹੇ ਹਨ ਕਿ ਵਿਸ਼ਵ ਦੇ ਸਾਰੇ ਦੇਸ਼ਾਂ ਦੇ ਅਮਨ ਪਸੰਦ ਆਗੂ ਯੁੱਧ ਨੂੰ ਟਾਲਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਆਪਸੀ ਵਾਰਤਾਵਾਂ ਦੇ ਦੌਰ ਜਾਰੀ ਹਨ ਪਰ ਸ਼ਾਂਤੀ ਦੇ ਆਸਾਰ ਨਜ਼ਰ ਨਹੀਂ ਆ ਰਹੇ। ਰੂਸ ਦੇ ਲਗਪਗ ਡੇਢ ਲੱਖ ਫ਼ੌਜੀ ਯੂਕ੍ਰੇਨ ਦੀ ਸਰਹੱਦ ਨਾਲ ਲੱਗੇ ਬੇਲਾਰੂਸ ਤਕ ਪਹੁੰਚ ਚੁੱਕੇ ਹਨ। ਦੂਸਰੇ ਪਾਸੇ ਕੈਨੇਡਾ ਤੇ ਬਿ੍ਰਟੇਨ ਵਰਗੇ ਦੇਸ਼ ਵੀ ਯੂਕ੍ਰੇਨ ਨੂੰ ਹਥਿਆਰ ਤੇ ਜੰਗੀ ਸਾਮਾਨ ਮੁਹੱਈਆ ਕਰਵਾ ਰਹੇ ਹਨ।
ਅਮਰੀਕਾ ਨੇ ਤਾਂ ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਸੁਰੱਖਿਆ ਸਹਾਇਤਾ ਦਾ ਐਲਾਨ ਵੀ ਕਰ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਤਾਂ ਰੂਸ ਨੂੰ ਧਮਕੀ ਵੀ ਦੇ ਦਿੱਤੀ ਹੈ ਕਿ ਉਸ ਨੂੰ ਯੂਕ੍ਰੇਨ ਵਿਚ ਘੁਸਪੈਠ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਅਮਰੀਕਾ ਹੁਣ ਯੂਕ੍ਰੇਨ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਦਿਸ਼ਾ ਵੱਲ ਵਧ ਚੁੱੱਕਾ ਹੈ। ਲੰਬਾ ਸਮਾਂ ਚੁੱਪ ਰਹਿਣ ਦੇ ਬਾਅਦ ਨਵੀਂ ਦਿੱਲੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਯੂਕ੍ਰੇਨ ਦੇ ਮਾਮਲੇ ’ਚ ਰੂਸ ਵਿਰੁੱਧ ਅਮਰੀਕੀ ਪ੍ਰਸਤਾਵ ’ਤੇ ਵੋਟਿੰਗ ਤੋਂ ਖ਼ੁਦ ਨੂੰ ਅਲੱਗ ਰੱਖਿਆ।ਇਸ ਦੇ ਨਾਲ ਹੀ ਭਾਰਤ ਨੇ ਸ਼ਾਂਤੀ ਪੂਰਵ ਗੱਲਬਾਤ ਜ਼ਰੀਏ ਤਣਾਅ ਘੱਟ ਕਰਨ ਦੀ ਅਪੀਲ ਕੀਤੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੋਟਿੰਗ ਤੋਂ ਪਹਿਲਾਂ ਅਮਰੀਕਾ ਦੇ ਦਬਾਅ ਅੱਗੇ ਨਾ ਝੁਕਣ ਦੇ ਨਵੀਂ ਦਿੱਲੀ ਦੇ ਕਦਮ ਨੂੰ ਹੌਸਲੇ ਵਾਲਾ ਦੱਸਿਆ। ਯੂਕ੍ਰੇਨ ਮਾਮਲੇ ਵਿਚ ਰੂਸ ’ਤੇ ਸਖ਼ਤ ਪਾਬੰਦੀਆਂ ਲਗਾਉਣ ਦੀਆਂ ਪੱਛਮੀ ਦੇਸ਼ਾਂ ਦੀਆਂ ਧਮਕੀਆਂ ਦੌਰਾਨ ਭਾਰਤ ਨੇ ਸਪਸ਼ਟ ਕਿਹਾ ਹੈ ਕਿ ਉਹ ਰੂਸ ਵਿਰੁੱਧ ਕਿਸੇ ਵੀ ਆਰਥਿਕ ਪਾਬੰਦੀ ’ਚ ਪੱਖਪਾਤੀ ਨਹੀਂ ਬਣ ਸਕਦਾ। ਅਸਲ ਵਿਚ ਭਾਰਤ ਮਾਸਕੋ ਪ੍ਰਤੀ ਆਪਣੀ ਭਰੋਸਗੀ ਅਤੇ ਸਾਲਾਂ ਤੋਂ ਪਰਖੀ ਹੋਈ ਦੋਸਤੀ ਨੂੰ ਖ਼ਤਰੇ ਵਿਚ ਨਹੀਂ ਪਾਉਣਾ ਚਾਹੁੰਦਾ।
ਭਾਰਤ ਦੀਆਂ ਫ਼ੌਜੀ ਲੋੜਾਂ ਦਾ 60% ਰੂਸ ’ਤੇ ਨਿਰਭਰ ਹੈ। ਸਾਫ਼ ਹੈ ਕਿ ਮਾਸਕੋ ਨੂੰ ਅਲੱਗ-ਥਲੱਗ ਕਰਨ ਦਾ ਜੋਖ਼ਮ ਭਾਰਤ ਨਹੀਂ ਉਠਾ ਸਕਦਾ ਖ਼ਾਸ ਤੌਰ ’ਤੇ ਉਦੋਂ ਜਦੋਂ ਪੂਰਬੀ ਸਰਹੱਦ ’ਤੇ ਚੀਨ ਨਾਲ ਤਣਾਅ ਬਰਕਰਾਰ ਹੈ। ਸਾਬਕਾ ਸੋਵੀਅਤ ਦੇ ਹੋਰ ਗਣਰਾਜਾਂ ਦੇ ਉਲਟ ਯੂਕ੍ਰੇਨ ਮਾਸਕੋ ਲਈ ਵਿਸ਼ੇਸ਼ ਸਥਾਨ ਰੱਖਦਾ ਹੈ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਵੱਖ ਬਣੇ ਦੇਸ਼ ਯੂਕ੍ਰੇਨ ਨੂੰ ਰੂਸ ਕਿਸੇ ਵੀ ਕੀਮਤ ’ਤੇ ਆਪਣੇ ਹੱਥੋਂ ਨਹੀਂ ਨਿਕਲਣ ਦੇਣਾ ਚਾਹੁੰਦਾ। ਸੰਨ 1954 ਵਿਚ ਨਿਕੀਤਾ ਖਰੁਸ਼ਚੋਵ ਨੇ ਯੂਕ੍ਰੇਨ ਨੂੰ ਤੋਹਫ਼ੇ ਦੇ ਤੌਰ ’ਤੇ ਕਰੀਮੀਆ ਸੌਂਪਿਆ ਸੀ ਪਰ ਸੋਵੀਅਤ ਸੰਘ ਦੇ ਬਿਖਰ ਜਾਣ ਤੋਂ ਬਾਅਦ ਰੂਸ ਯੂਕ੍ਰੇਨ ਤੋਂ ਕਰੀਮੀਆ ਵਾਪਸ ਲੈਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਫਲਸਰੂਪ ਸੰਕਟ ਹੋਰ ਡੂੰਘਾ ਹੋ ਗਿਆ।
ਰੂਸ ਤੇ ਯੂਕ੍ਰੇਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਅਮਰੀਕਾ ਦੇ ਪੱਛਮੀ ਦੇਸ਼ ਹਮਾਇਤੀ ਹਨ ਅਤੇ ਰੂਸ ਦਾ ਸਮਰਥਨ ਚੀਨ ਕਰ ਰਿਹਾ ਹੈ। ਬੇਲਾਰੂਸ ਤੇ ਪੋਲੈਂਡ ਦਰਮਿਆਨ ਪਰਵਾਸੀ ਸ਼ਰਨਾਰਥੀਆਂ ਨੂੰ ਲੈ ਕੇ ਸਰਹੱਦੀ ਵਿਵਾਦ ਵਿਚਾਲੇ ਰੂਸ ਨੇ ਸਰਹੱਦ ਨੇੜੇ ਟੈਂਕ ਤੇ ਬਖਤਰਬੰਦ ਗੱਡੀਆਂ ਤਾਇਨਾਤ ਕੀਤੀਆ ਹੋਈਆਂ ਹਨ।ਰੂਸ ਦੇੇ 2014 ਵਿਚ ਯੂਕ੍ਰੇਨ ’ਤੇ ਕਬਜ਼ੇ ਤੋਂ ਬਾਅਦ ਫਰਾਂਸ ਨੇ 2015 ਵਿਚ ਰੂਸ ਤੇ ਯੂਕ੍ਰੇਨ ਵਿਚ ਸ਼ਾਂਤੀ ਸਮਝੌਤਾ ਕਰਵਾਇਆ ਸੀ ਪਰ ਰੂਸ ਦਾ ਕਹਿਣਾ ਹੈ ਕਿ ਯੂਕ੍ਰੇਨ ਉਸ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ। ਯੂਕ੍ਰੇਨ ਅਨੁਸਾਰ ਰੂਸ ਉਸ ਵਿਚ ਵਿਦਰੋਹੀ ਤਾਕਤਾਂ ਦੀ ਹਮਾਇਤ ਕਰਦਾ ਆ ਰਿਹਾ ਹੈ। ਰੂਸ ਨੂੰ ਡਰ ਹੈ ਕਿ ਯੂਕ੍ਰੇਨ ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਵਿਚ ਸ਼ਾਮਲ ਹੋ ਸਕਦਾ ਹੈ। ਨਾਟੋ ਦੇ ਪੂਰਬ ਵੱਲ ਵਿਸਥਾਰ ਤੋਂ ਰੂਸ ਦੇ ਮੁੱਖ ਰਣਨੀਤਕ ਹਿੱਤਾਂ ਨੂੰ ਖ਼ਤਰਾ ਹੈ। ਪੁਤਿਨ ਨੇ ਵਾਰ-ਵਾਰ ਇਹ ਇਲਜ਼ਾਮ ਲਾਇਆ ਹੈ ਕਿ ਪੱਛਮ ਨੇ ਸਾਡੇ ਨਾਲ ਕਈ ਵਾਰ ਝੂਠ ਬੋਲਿਆ ਹੈ। ਪਿੱਠ ਪਿੱਛੇ ਫ਼ੈਸਲੇ ਕੀਤੇ ਹਨ। ਉਹ ਨਾਟੋ ਦੇ ਵਿਸਥਾਰ ਨਾਲ ਹੋਇਆ ਹੈ। ਅਮਰੀਕਾ ਨੇ ਯੂਕ੍ਰੇਨ ਨੂੰ ਨਾਟੋ ਦਾ ਹਿੱਸਾ ਬਣਨ ਤੋਂ ਰੋਕਣ ਦੀ ਰੂਸੀ ਸ਼ਰਤ ਨੂੰ ਠੁਕਰਾ ਦਿੱਤਾ ਹੈ ਸੋ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਸਿਖਰ ’ਤੇ ਜਾ ਪੁੱਜਾ ਹੈ।
ਭਾਵੇਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਰੂਸ ਯੁੱਧ ਨਹੀਂ ਕਰੇਗਾ। ਨਾਟੋ ਅਮਰੀਕਾ ਦੀ ਅਗਵਾਈ ਵਿਚ ਬਣਿਆ ਫ਼ੌਜੀ ਸੰਗਠਨ ਹੈ ਜਿਸ ਵਿਚ ਅਮਰੀਕਾ, ਕੈਨੇਡਾ ਅਤੇ ਯੂਰਪੀ ਦੇਸ਼ ਸ਼ਾਮਲ ਹਨ। ਨਾਟੋ ਦੀ ਆਪਣੀ ਫ਼ੌਜ ਹੈ। ਨਾਟੋ ਦਾ ਉਦੇਸ਼ ਕਮਿਊਨਿਜ਼ਮ ਤੇ ਰੂਸ ਦੇ ਪ੍ਰਭਾਵ ਨੂੰ ਘੱਟ ਕਰਨਾ ਹੈ। ਅਸਹਿਮਤ ਦੇਸ਼ਾਂ ਤੇ ਲੋਕਤੰਤਰ ਦੀ ਬਹਾਲੀ ਦੇ ਨਾਂ ’ਤੇ ਵਿਰੋਧੀ ਦੇਸ਼ਾਂ ਅਫ਼ਗਾਨਿਸਤਾਨ, ਇਰਾਕ, ਸੀਰੀਆ ਖ਼ਿਲਾਫ਼ ਫ਼ੌਜੀ ਕਾਰਵਾਈ ਕੀਤੀ ਜਾਂਦੀ ਰਹੀ ਹੈ। ਯੂਕ੍ਰੇਨ 1991 ਵਿਚ ਵੱਖਰੇ ਦੇਸ਼ ਵਜੋਂ ਹੋਂਦ ’ਚ ਆਇਆ ਸੀ ਜੋ ਯੂਰਪ ਵਿਚ ਆਉਂਦਾ ਹੈ। ਉਹ ਯੁੱਧਨੀਤਕ ਤੌਰ ’ਤੇ ਕਾਫ਼ੀ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਯੂਕ੍ਰੇਨ ਨੇ ਉੱਥੇ ਰਹਿ ਰਹੇ ਰੂਸ ਦੇ ਹਮਾਇਤੀਆਂ ਨੂੰ ਨਿਸ਼ਾਨਾ ਬਣਾਇਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਹੁਣ ਯੂਕ੍ਰੇਨ ਨੇੜਲੀਆਂ ਸਰਹੱਦਾਂ ’ਤੇ ਨਾਟੋ ਨੇ ਤਾਇਨਾਤੀ ਵਧਾਈ ਹੈ। ਜੈਨੇਵਾ ’ਚ ਹੋਈ ਵਾਰਤਾ ਬੇਮਤਲਬ ਹੋਣ ਦੇ ਸੰਕੇਤ ਮਿਲੇ ਹਨ।
ਨਾਟੋ ਜਨਰਲ ਸਕੱਤਰ ਨੇ ਕਿਹਾ ਹੈ ਕਿ ਸੁਰੱਖਿਆ ਦੇ ਸਾਰੇ ਕਦਮ ਚੁੱਕੇ ਜਾਣਗੇ। ਸੋ, ਰੂਸ ਤੇ ਅਮਰੀਕਾ ’ਚ ਤਣਾਅ ਸਿਖ਼ਰ ’ਤੇ ਪਹੁੰਚ ਚੁੱਕਾ ਹੈ। ਅਮਰੀਕਾ ਤੇ ਬਰਤਾਨੀਆ ਨੇ ਯੂਕ੍ਰੇਨ ਵਿਚਲੀ ਅੰਬੈਸੀ ਦੇ ਮੁਲਾਜ਼ਮ ਵਾਪਸ ਬੁਲਾਏ ਹਨ। ਤਣਾਅ ਦੇ ਮੱਦੇਨਜ਼ਰ ਰੂਸ ਪਹਿਲਾਂ ਹੀ ਯੂਕ੍ਰੇਨ ਦੀ ਰਾਜਧਾਨੀ ਕੀਵ ਤੋਂ ਦੂਤਘਰ ਮੁਲਾਜ਼ਮਾਂ ਨੂੰ ਵਾਪਸ ਬੁਲਾ ਚੁੱਕਿਆ ਹੈ। ਅਮਰੀਕਾ ਵੱਲੋਂ 8500 ਸੈਨਿਕਾਂ ਨੂੰ ਤਿਆਰ ਰਹਿਣ ਦੇ ਹੁਕਮ ਦਿੱਤੇ ਜਾ ਚੁੱਕੇ ਹਨ। ਬਾਇਡਨ ਨੇ ਯੂਰਪੀ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਹੈ। ਰੂਸ ਤੇ ਅਮਰੀਕਾ ਸਮੇਤ ਹੋਰ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਵਧ ਜਾਣ ਕਾਰਨ ਯੂਕ੍ਰੇਨ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਸ ਸਮੇਂ ਭਾਰਤ ਨੂੰ ਰੂਸ ਦਾ ਸਾਥ ਦੇਣਾ ਜ਼ਰੂਰੀ ਬਣਦਾ ਹੈ ਕਿਉਂਕਿ ਅਮਰੀਕਾ ਵੱਲੋਂ ਕਿਸੇ ਵੀ ਵੇਲੇ ਹਮਲਾ ਕਰਨ ਦਾ ਖ਼ਦਸ਼ਾ ਹੈ।
ਮੁਖਤਾਰ ਗਿੱਲ
Comments (0)