ਪੰਜਾਬ ਦੀ ਖੇਤੀ ਬਚਾਉਣ ਲਈ ਪਾਕਿਸਤਾਨ ਦਾ ਲਾਂਘਾ ਖੋਲੇ ਸਰਕਾਰ: ਮਾਨ

ਅੰਮ੍ਰਿਤਸਰ ਟਾਈਮਜ਼
ਕੁੱਪ ਕਲਾਂ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਹਲਕਾ ਅਮਰਗੜ੍ਹ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਪਿੰਡ ਸਰੌਦ ਸਮੇਤ ਅੱਧੀ ਦਰਜਨ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਖੇਤੀ ਤੇ ਸਨਅਤ ਬਚਾਉਣ ਲਈ ਪਾਕਿਸਤਾਨ ਲਾਂਘਾ ਖੋਲ੍ਹਿਆ ਜਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕਿਸਾਨਾਂ ਤੇ ਵਪਾਰੀਆਂ ਨੂੰ ਆਪਣੀਆਂ ਵਸਤਾਂ ਦਾ ਸਹੀ ਲਾਗਤ ਮੁੱਲ ਮਿਲ ਸਕੇਗਾ ਅਤੇ ਪੰਜਾਬ ਦਾ ਭਵਿੱਖ ਸੁਰੱਖਿਅਤ ਹੋ ਜਾਵੇਗਾ। ਇਸ ਨਾਲ ਕਿਸਾਨੀ ਅਤੇ ਛੋਟਾ ਵਪਾਰ ਬਚ ਜਾਵੇਗਾ। ਅੱਜ ਪੰਜਾਬ ਦੀ ਕਿਸਾਨੀ ਤਬਾਹ ਹੋ ਰਹੀ ਹੈ ਇਸ ਕਰਕੇ ਇਨ੍ਹਾਂ ਸਮਝੌਤਿਆਂ ਦੀ ਸਖ਼ਤ ਲੋੜ ਹੈ। ਮਾਨ ਨੇ ਆਖਿਆ ਕਿ ਕੇਂਦਰੀ ਹਕੂਮਤ ਵੱਲੋਂ ਸਿੱਖੀ ਦੀ ਹੋਂਦ ਮਿਟਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਉਹ ਆਪਣੀਆਂ ਚਾਲਾਂ ਵਿਚ ਕਾਮਯਾਬ ਨਹੀਂ ਹੋਣਗੇ। ਇਸ ਮੌਕੇ ਅਦਾਕਾਰਾ ਸੋਨੀਆ ਮਾਨ ਨੇ ਵੀ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਪ੍ਰਚਾਰ ਕੀਤਾ।
Comments (0)