ਭਾਈ ਕਾਉਂਕੇ ਨੂੰ ਫਖ਼ਰ ਏ ਕੌਮ ਐਵਾਰਡ ਦੇਣ ਦੀ ਮੰਗ ਦਾ ਸਰਨਾ ਵਲੋਂ ਵਿਰੋਧ ਕਿਉਂ.? ਕਾਲਕਾ

ਭਾਈ ਕਾਉਂਕੇ ਨੂੰ ਫਖ਼ਰ ਏ ਕੌਮ ਐਵਾਰਡ ਦੇਣ ਦੀ ਮੰਗ ਦਾ ਸਰਨਾ ਵਲੋਂ ਵਿਰੋਧ ਕਿਉਂ.? ਕਾਲਕਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 22 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਸਵਾਲ ਕੀਤਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ’ਤੇ ਉਹਨਾਂ ਅਤੇ ਉਹਨਾਂ ਦੇ ’ਗੋਲਕ ਦੇ ਯਾਰ’ ਦਾ ਤਿੰਨ ਦਹਾਕੇ ਤੱਕ ਕਬਜ਼ਾ ਰਿਹਾ ਹੈ, ਇਸ ਸਮੇਂ ਦੌਰਾਨ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਚੇਤੇ ਕਿਉਂ ਨਹੀਂ ਆਏ ?

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਤੁਹਾਡੀ ਤੇ ਤੁਹਾਡੇ ’ਗੋਲਕ ਦੇ ਯਾਰ’ ਦੀ ਅਸਲੀਅਤ ਤੋਂ ਸਾਰੀ ਸਿੱਖ ਕੌਮ ਵਾਕਫ ਹੈ। ਉਹਨਾਂ ਕਿਹਾ ਕਿ ਤਿੰਨ ਦਹਾਕਿਆਂ ਵਿਚ ਤੁਸੀਂ ਕਦੇ ਵੀ ਸੁਮੇਧ ਸਿੰਘ ਸੈਣੀ ਨੂੰ ਡੀ ਜੀ ਪੀ ਲਾਉਣ ਦਾ ਵਿਰੋਧ ਨਹੀਂ ਕੀਤਾ, ਨਾ ਤੁਸੀਂ ਕਦੇ ਬਰਗਾੜੀ ਮਾਮਲੇ ਦੇ ਇਨਸਾਫ ਦੀ ਗੱਲ ਕੀਤੀ ਤੇ ਨਾ ਹੀ ਕਦੇ 328 ਸਰੂਪ ਗਾਇਬ ਹੋਣ ਦੇ ਮਾਮਲੇ ਦੀ ਗੱਲ ਕੀਤੀ।

ਉਹਨਾਂ ਕਿਹਾ ਕਿ ਹੁਣ ਜਦੋਂ ਅਸੀਂ ਪੰਥ ਦੇ ਨਿਮਾਣੇ ਸੇਵਾਦਾਰ ਹੋਣ ਦੇ ਨਾਅਤੇ, ਜੋ ਸੇਵਾ ਦੀ ਜ਼ਿੰਮੇਵਾਰੀ ਸਾਨੂੰ ਸੰਗਤ ਨੇ ਸੌਂਪੀ ਹੈ, ਬਰਗਾੜੀ ਅਤੇ ਭਾਈ ਕਾਉਂਕੇ ਦੇ ਇਨਸਾਫ ਦੀ ਗੱਲ ਚੁੱਕ ਰਹੇ ਹਾਂ ਤਾਂ ਤੁਹਾਨੂੰ ਇਹ ਬਹੁਤ ਰੜਕ ਰਹੀ ਹੈ। ਉਹਨਾਂ ਕਿਹਾ ਕਿ ਸਰਦਾਰ ਸਰਨਾ ਸੰਗਤ ਨੂੰ ਦੱਸਣ ਕਿ ਉਹ ਭਾਈ ਕਾਉਂਕੇ ਨੂੰ ਫਖ਼ਰ ਏ ਕੌਮ ਐਵਾਰਡ ਦੇਣ ਦੀ ਮੰਗ ਦਾ ਵਿਰੋਧ ਕਿਉਂ ਕਰ ਰਹੇ ਹਨ ? ਕੀ ਭਾਈ ਕਾਉਂਕੇ ਕੌਮ ਦੀ ਖ਼ਾਤਰ ਸ਼ਹੀਦੀ ਪਾਉਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਇਕਲੌਤੇ ਕਾਰਜਕਾਰੀ ਜਥੇਦਾਰ ਨਹੀਂ ਸਨ? ਜੇਕਰ ਭਾਈ ਕਾਉਂਕੇ ਨੂੰ ਇਹ ਐਵਾਰਡ ਨਾ ਮਿਲੇ ਤਾਂ ਫਿਰ ਕਿਸਨੂੰ ਮਿਲੇ ਸਰਨਾ ਭਰਾਵਾਂ ਨੂੰ ਜਿਹਨਾਂ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬੁਲਾ ਬੁਲਾ ਕੇ ਸਨਮਾਨਤ ਕੀਤਾ ?

ਸਰਦਾਰ ਕਾਲਕਾ ਨੇ ਕਿਹਾ ਕਿ ਤੁਹਾਡੀ ਅਸਲੀਅਤ ਤੋਂ ਸਾਰਾ ਪੰਥ ਵਾਕਫ ਹੈ। ਹੁਣ ਤੱਕ ਤੁਸੀਂ ਜਿਹਨਾਂ ਨੂੰ ਬਹੁਤ ਮੰਦੀ ਸ਼ਬਦਾਵਲੀ ਲੈ ਕੇ ਬੁਲਾਉਂਦੇ ਸੀ, ਅੱਜ ਉਹਨਾਂ ਨਾਲ ਗਲਵਕੜੀਆਂ ਪਾਈਆਂ ਹਨ ਤੇ ਸੰਗਤ ਸਭ ਸਮਝਦੀ ਹੈ। ਉਹਨਾਂ ਕਿਹਾ ਕਿ ਸਰਦਾਰ ਸਰਨਾ ਕਿਸੇ ਭੁਲੇਖੇ ਵਿਚ ਨਾ ਰਹਿਣ ਕਿਉਂਕਿ ਸੰਗਤ ਪਿਛਲੇ ਸਮੇਂ ਦੌਰਾਨ ਵਾਰ-ਵਾਰ ਉਹਨਾਂ ਨੂੰ ਨਕਾਰ ਕੇ ਦੱਸ ਚੁੱਕੀ ਹੈ ਕਿ ਤੁਸੀਂ ਉਹਨਾਂ ਲਈ ਕੀ ਹੋ।