ਅਮਰੀਕਾ ਵਿਚ ਕਾਰ 'ਤੇ ਬਿਜਲੀ ਦੀ ਤਾਰ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ

ਅਮਰੀਕਾ ਵਿਚ ਕਾਰ 'ਤੇ ਬਿਜਲੀ ਦੀ ਤਾਰ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਪੋਰਟਲੈਂਡ (ਓਰਗੋਨ) ਵਿਖੇ ਇਕ ਕਾਰ ਉਪਰ ਬਿਜਲੀ ਦੀ ਤਾਰ ਡਿੱਗ ਜਾਣ ਕਾਰਨ ਉਸ ਵਿਚ ਸਵਾਰ 3 ਜਣਿਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਪੋਰਟਲੈਂਡ ਫਾਇਰ ਐਂਡ ਰੈਸਕਿਊ ਵਿਭਾਗ ਦੇ ਬੁਲਾਰੇ ਰਿਕ ਗਰੇਵਜ ਨੇ ਕਿਹਾ ਹੈ ਕਿ ਤਾਰ ਡਿੱਗਣ ਉਪਰੰਤ 3 ਵਿਅਕਤੀਆਂ ਨੇ ਕਾਰ ਵਿਚੋਂ ਬਰਫ ਉਪਰ ਛਾਲਾਂ ਮਾਰ ਦਿੱਤੀਆਂ ਪਰੰਤੂ ਉਹ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆ ਗਏ ਤੇ ਮਾਰੇ ਗਏ। ਪੀੜਤ ਪਰਿਵਾਰ ਦੇ ਮੁਖੀ ਰੋਨਾਲਡ ਬਿਗਸ ਨੇ ਦਸਿਆ ਕਿ ਇਸ ਘਟਨਾ ਵਿਚ ਉਸ ਦੇ 15 ਸਾਲਾ ਪੁੱਤਰ , 21 ਸਾਲਾ ਧੀ ਜੋ 6 ਮਹੀਨੇ ਤੋਂ ਗਰਭਵਤੀ ਸੀ, ਤੇ ਧੀ ਦੇ ਦੋਸਤ ਨੈਸ਼ ਦੀਆਂ ਜਾਨਾਂ ਚਲੀਆਂ ਗਈਆਂ ਜਦ ਕਿ ਉਸ ਦੇ 9 ਮਹੀਨਿਆਂ ਦੇ ਪੋਤੇ ਨੂੰ ਨੇੜੇ ਘਟਨਾ ਨੂੰ ਵੇਖ ਰਹੀ ਇਕ ਔਰਤ ਨੇ ਹਿੰਮਤ ਕਰਕੇ ਬਚਾ ਲਿਆ। ਬਿਗਸ ਨੇ ਕਿਹਾ ਕਿ ਮੇਰੇ 6 ਬੱਚੇ ਹਨ ਜਿਨਾਂ ਵਿਚੋਂ 2 ਇਕੋ ਦਿਨ ਹੀ ਉਸ ਤੋਂ ਸਦਾ ਲਈ ਵਿਛੜ ਗਏ ਹਨ। ਇਥੇ ਜਿਕਰਯੋਗ ਹੈ ਕਿ ਜਬਰਦਸਤ ਬਰਫਬਾਰੀ ਤੇ ਸ਼ੀਤ ਲਹਿਰ ਕਾਰਨ ਬਿਜਲੀ ਦੀਆਂ ਤਾਰਾਂ ਟੁੱਟਣ ਤੇ ਦਰੱਖਤ ਡਿੱਗਣ ਕਾਰਨ ਜਾਨ ਲੇਵਾ ਘਟਨਾਵਾਂ ਵਾਪਰ ਰਹੀਆਂ ਹਨ।