ਕਰਤਾਰਪੁਰ ਦੀ ਪ੍ਰਵਾਨਗੀ ਨਾ ਮਿਲਣ 'ਤੇ ਸਿੱਧੂ ਨੇ ਭਾਰਤ ਸਰਕਾਰ ਨੂੰ ਤਲਖੀ ਭਰੀ ਚਿੱਠੀ ਲਿਖੀ, ਪਾਕਿਸਤਾਨ ਵੱਲੋਂ ਵੀਜ਼ਾ

ਕਰਤਾਰਪੁਰ ਦੀ ਪ੍ਰਵਾਨਗੀ ਨਾ ਮਿਲਣ 'ਤੇ ਸਿੱਧੂ ਨੇ ਭਾਰਤ ਸਰਕਾਰ ਨੂੰ ਤਲਖੀ ਭਰੀ ਚਿੱਠੀ ਲਿਖੀ, ਪਾਕਿਸਤਾਨ ਵੱਲੋਂ ਵੀਜ਼ਾ

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਮਿਲੇ ਖਾਸ ਸੱਦੇ 'ਤੇ ਕਰਤਾਰਪੁਰ ਸਾਹਿਬ ਵਿਖੇ 9 ਨਵੰਬਰ ਨੂੰ ਹੋਣ ਵਾਲੇ ਉਦਘਾਟਨੀ ਸਮਾਗਮ ਮੌਕੇ ਜਾਣ ਵਾਸਤੇ ਭਾਰਤ ਸਰਕਾਰ ਤੋਂ ਵਾਰ-ਵਾਰ ਮੰਗੀ ਜਾ ਰਹੀ ਪ੍ਰਵਾਨਗੀ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਕੋਈ ਜਵਾਬ ਨਾ ਆਉਣ 'ਤੇ ਅੱਜ ਨਵਜੋਤ ਸਿੰਘ ਸਿੱਧੂ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਤਲਖੀ ਭਰੀ ਚਿੱਠੀ ਲਿਖੀ ਹੈ। 

ਇਹ ਖ਼ਬਰ ਵੀ ਪੜ੍ਹੋ: ਸਿੱਧੂ ਦੇ ਦਬਕੇ ਦਾ ਅਸਰ; ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਜਾਣ ਦੀ ਪ੍ਰਵਾਨਗੀ ਦਿੱਤੀ

ਸਿੱਧੂ ਨੇ ਕਿਹਾ, "ਜੇ ਭਾਰਤ ਸਰਕਾਰ ਨੂੰ ਮੇਰੇ ਪਾਕਿਸਤਾਨ ਜਾਣ ਤੋਂ ਕੋਈ ਦਿੱਕਤ ਹੈ ਤਾਂ ਮੈਨੂੰ ਜਵਾਬ ਦਿਓ ਕਿ ਮੈਂ ਨਾ ਜਾਵਾਂ ਤੇ ਭਾਰਤ ਦਾ ਇੱਕ ਨਾਗਰਿਕ ਹੋਣ ਨਾਅਤੇ ਮੈਂ ਇਸ ਗੱਲ ਨੂੰ ਮੰਨਦਿਆਂ ਪਾਕਿਸਤਾਨ ਨਹੀਂ ਜਾਵਾਂਗਾ। ਪਰ ਜੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਤਾਂ ਮੈਂ ਇੱਕ ਆਮ ਸਿੱਖ ਵਾਂਗ ਵੀਜ਼ਾ ਲਵਾ ਕੇ ਵਾਹਗੇ ਰਾਹੀਂ ਕਰਤਾਰਪੁਰ ਸਾਹਿਬ ਜਾਵਾਂਗਾ।"

ਇਹ ਖ਼ਬਰ ਵੀ ਪੜ੍ਹੋ: ਭਾਰਤ ਨੇ ਬਿਨ੍ਹਾ ਪਾਸਪੋਰਟ ਸਿੱਖਾਂ ਨੂੰ ਕਰਤਾਰਪੁਰ ਲਾਂਘੇਂ ਰਾਹੀਂ ਜਾਣ ਦੀ ਪ੍ਰਵਾਨਗੀ ਦੇਣ ਤੋਂ ਨਾਹ ਕੀਤੀ

ਪਰ ਅੱਜ ਭਾਰਤ ਦੇ ਵਿਦੇਸ਼ ਮਹਿਕਮੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪੱਤਰਕਾਰ ਮਿਲਣੀ ਵਿੱਚ ਸਾਫ ਕਿਹਾ ਹੈ ਕਿ ਜਿਹੜੀ 575 ਯਾਤਰੀਆਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਉਹ ਹੀ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਜਾਣਗੇ। ਇਸ ਸੂਚੀ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਂ ਨਹੀਂ ਹੈ। ਰਵੀਸ਼ ਕੁਮਾਰ ਨੇ ਕਿਹਾ ਕਿ ਕਿਸੇ ਖਾਸ ਇੱਕ ਬੰਦੇ ਦੀ ਅਰਜ਼ੀ ਨੂੰ ਇਸ ਜਥੇ ਵਿੱਚ ਸ਼ਾਮਿਲ ਕਰਨ ਲਈ ਹੁਣ ਪ੍ਰਵਾਨ ਨਹੀਂ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ: ਪਾਕਿਸਤਾਨ ਸਰਕਾਰ ਨੇ ਕੀਤਾ ਐਲਾਨ, ਕਰਤਾਰਪੁਰ ਲਾਂਘੇ ਰਾਹੀਂ ਆਉਣ ਲਈ ਪਾਸਪੋਰਟ ਦੀ ਨਹੀਂ ਹੋਵੇਗੀ ਜ਼ਰੂਰਤ

ਉੱਧਰ ਪਾਕਿਸਤਾਨ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਲਈ ਵੀਜ਼ਾ ਜਾਰੀ ਕਰ ਦਿੱਤਾ ਹੈ। ਪਾਕਿਸਤਾਨ ਵਿਦੇਸ਼ ਮਹਿਕਮੇ ਦੇ ਬੁਲਾਰੇ ਮੁਹੱਮਦ ਫੈਜ਼ਲ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਸਾਹਿਬ ਆਉਣ ਲਈ ਵੀਜ਼ਾ ਜਾਰੀ ਕਰ ਦਿੱਤਾ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।