ਭਾਰਤ ਦੀ ਰਾਜਨੀਤੀ ਵਿਚ ਸਿੱਖ ਕਿਉਂ ਪਿਛੜੇ?

ਭਾਰਤ ਦੀ ਰਾਜਨੀਤੀ ਵਿਚ ਸਿੱਖ ਕਿਉਂ ਪਿਛੜੇ?

ਸੱਤਾ ਨੂੰ ਤਰਜੀਹ ਦੇਣ ਕਰਕੇ,ਸਿਖ ਸਿਧਾਂਤ ਤਿਆਗਣ ਕਾਰਣ ਸਿਖ ਰਾਜਨੀਤੀ ਪੱਛੜੀ

*ਵਿਸ਼ਵ ਸੰਕਟ ਦੌਰਾਨ ਸਿਖਾਂ ਨੇ ਲੋੜਵੰਦਾਂ ਦੀ ਸੇਵਾ ਕਰਕੇ ਵਿਸ਼ਵ ਦੀਆਂ ਸਰਕਾਰਾਂ ਦਾ ਮਨ ਜਿਤਿਆ

*ਵਿਸ਼ਵ ਦੀ ਰਾਜਨੀਤੀ ਵਿਚ ਮਾਰ ਰਹੇ ਨੇ ਮੱਲਾਂ

ਭਾਵੇਂ ਸਿਖ ਪੰਥ ਨੂੰ 47 ਦੀ ਵੰਡ ਦੇ ਉਜਾੜੇ ਤੋਂ ਬਾਅਦ 84 ਜੂਨ ਤੇ ਨਵੰਬਰ ਦੌਰਾਨ ਦੋ ਵਡੇ ਘਲੂਘਾਰੇ ਹੰਢਾਉਣੇ ਪਏ ਪਰ ਇਸ ਦੇ ਬਾਵਜੂਦ ਸਿੱਖ ਚੜ੍ਹਦੀਕਲਾ ਵਿਚ ਰਹੇ ਤੇ ਰਾਜਨੀਤੀ ਵਿਚ ਕਈ ਮੱਲਾਂ ਮਾਰਦੇ ਰਹੇ। ਇਸ ਤੋਂ ਪਹਿਲਾਂ ਵੀ ਅਤੇ ਬਾਅਦ ਵੀ ਸਿੱਖ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਫ਼ੌਜ ਮੁਖੀ, ਸੁਪਰੀਮ ਕੋਰਟ ਦੇ ਮੁੱਖ ਜੱਜ ਤੇ ਵੱਡੇ ਮੰਤਰਾਲਿਆਂ ਦੇ ਮੰਤਰੀ ਬਣਦੇ ਰਹੇ। ਕੇਂਦਰੀ ਸਕੱਤਰੇਤ ਵਿਚ ਅੱਧੀ-ਅੱਧੀ ਦਰਜਨ ਵੱਡੇ ਸਿੱਖ ਅਫ਼ਸਰ, ਰਾਜਪਾਲ ਅਤੇ ਕਈ ਹੋਰਾਂ ਵਿਚ ਵੱਖ-ਵੱਖ ਸਮਿਆਂ 'ਤੇ ਸਿੱਖ ਵੱਡੀਆਂ ਪਾਰਟੀਆਂ ਦੇ ਲੋਕ ਸਭਾ ਅਤੇ ਵਿਧਾਨ ਸਭਾ ਦੇ ਉਮੀਦਵਾਰ ਹੀ ਨਹੀਂ ਬਣੇ ਸਗੋਂ ਕਈ ਵਾਰ ਜਿੱਤਦੇ ਵੀ ਰਹੇ। ਪਰ ਸ਼ਾਇਦ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਇਸ ਵਾਰ ਇਹ ਪਹਿਲੀ ਵਾਰ ਹੈ ਕਿ ਪੰਜਾਬ ਤੋਂ ਬਾਹਰ ਕਿਸੇ ਵੀ ਵੱਡੀ ਪਾਰਟੀ ਨੇ ਕਿਸੇ ਵੀ ਸਿੱਖ ਨੂੰ ਉਮੀਦਵਾਰ ਨਹੀਂ ਬਣਾਇਆ। ਇਸ ਤਰ੍ਹਾਂ ਜਾਪਦਾ ਹੈ ਕਿ ਦੇਸ਼ ਵਿਚ ਸਿੱਖ ਪੰਥ ਨੂੰ ਰਾਜਨੀਤੀ ਵਿਚ ਹਾਸ਼ੀਏ ਉਪਰ ਧਕਿਆ ਜਾ ਰਿਹਾ ਹੈ। ਪਰ ਇਸ ਦੇ ਉਲਟ ਦੁਨੀਆ ਭਰ ਦੀ ਰਾਜਨੀਤੀ ਵਿਚ ਵੱਖ-ਵੱਖ ਦੇਸ਼ਾਂ ਵਿਚ ਸਿੱਖਾਂ ਦੀ ਚੜ੍ਹਦੀ ਕਲਾ ਹੋ ਰਹੀ ਹੈ। ਕੈਨੇਡਾ ਵਿਚ ਤਾਂ ਇਕ ਰਾਸ਼ਟਰੀ ਪਾਰਟੀ ਦਾ ਮੁਖੀ ਹੀ ਇਕ ਅੰਮ੍ਰਿਤਧਾਰੀ ਸਿੱਖ ਜਗਮੀਤ ਸਿੰਘ ਹੈ, ਕਿੰਨੇ ਕੇਂਦਰੀ ਵਜ਼ੀਰ ਤੇ ਐਮ.ਪੀ. ਸਿੱਖ ਹਨ, ਬਰਤਾਨੀਆ ਦੀ ਰਾਜਨੀਤੀ ਵਿਚ ਵੀ ਸਿੱਖਾਂ ਦੀ ਚੜ੍ਹਤ ਵਧ ਰਹੀ ਹੈ। ਆਸ ਕੀਤੀ ਜਾਂਦੀ ਹੈ ਕਿ ਅਗਲੀ ਸਰਕਾਰ ਵਿਚ ਤਨਮਨਜੀਤ ਸਿੰਘ ਢੇਸੀ ਯੂ.ਕੇ. ਦੇ ਪ੍ਰਮੁੱਖ ਵਜ਼ੀਰ ਹੋ ਸਕਦੇ ਨੇ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਰਾਜਨੀਤੀ ਵਿਚ ਵੀ ਸਿੱਖ ਰਾਜਨੀਤੀ ਦੇ ਖੇਤਰ ਵਿਚ ਤਰੱਕੀ ਕਰ ਰਹੇ ਹਨ, ਯੂਰਪ ਵਿਚਲੇ ਕੁਝ ਦੇਸ਼ਾਂ ਵਿਚ ਵੀ ਸਿੱਖ ਲਾਬੀ ਮਜ਼ਬੂਤ ਹੋ ਰਹੀ ਹੈ। ਸਿੰਗਾਪੁਰ ਵਿਚ ਤਾਂ ਵਿਰੋਧੀ ਧਿਰ ਦਾ ਨੇਤਾ ਹੀ ਇਕ ਸਿੱਖ ਪਰਿਵਾਰ ਦਾ ਵਿਅਕਤੀ ਹੈ, ਸਿੰਗਾਪੁਰ ਦਾ ਚੀਫ਼ ਜਸਟਿਸ ਇਕ ਸਿੱਖ ਰਿਹਾ ਹੈ। ਕਈ ਪਾਰਲੀਮੈਂਟ ਮੈਂਬਰ ਵੀ ਰਹੇ, ਉਥੋਂ ਦੀ ਨੇਵੀ ਅਤੇ ਫ਼ੌਜ ਦੇ ਮੁਖੀ ਵੀ ਸਿੱਖ ਰਹੇ। ਅਮਰੀਕਾ ਵਿਚ ਵੀ ਸਿੱਖ ਲਾਬੀ ਮਜ਼ਬੂਤ ਹੋ ਰਹੀ ਹੈ। ਮਲੇਸ਼ੀਆ ਵਿਚ ਵੀ ਕਈ ਐਮ.ਪੀ. ਸਿੱਖ ਰਹੇ ਹਨ ਅਤੇ ਹੁਣ ਵੀ ਸਿੱਖਾਂ ਦੀ ਰਾਜਨੀਤਕ ਲਾਬੀ ਤਕੜੀ ਹੈ। ਯੂਗਾਂਡਾ ਵਿਚ ਸਿੱਖ ਚੰਗੀ ਪੁਜ਼ੀਸ਼ਨ ਵਿਚ ਰਹੇ ਹਨ। ਹੋਰ ਤਾਂ ਹੋਰ ਹੁਣੇ-ਹੁਣੇ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦਾ ਘੱਟ-ਗਿਣਤੀਆਂ ਦੇ ਮਾਮਲਿਆਂ ਸੰਬੰਧੀ ਇਕ ਵਜ਼ੀਰ ਰਮੇਸ਼ ਸਿੰਘ ਬਣਿਆ ਹੈ। ਅਫ਼ਗਾਨਿਸਤਾਨ ਦੀ ਪਾਰਲੀਮੈਂਟ ਵਿਚ ਸਿੱਖ ਮੈਂਬਰ ਰਹੇ ਹਨ। ਹੁਣ ਭਾਵੇਂ ਇਸ ਵੇਲੇ ਅਫ਼ਗਾਨਿਸਤਾਨ ਵਿਚ ਰਹਿੰਦੇ ਸਿੱਖਾਂ ਦੀ ਗਿਣਤੀ 100 ਵੀ ਨਹੀਂ ਰਹੀ ਪਰ ਉਥੋਂ ਦੀ ਅਫ਼ਗਾਨ ਹਕੂਮਤ ਵਲੋਂ ਸਿੱਖਾਂ ਨੂੰ ਵਾਪਸ ਬੁਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਚਰਚਾ ਹੈ ਕਿ ਕਿਸੇ ਸਿੱਖ ਨੂੰ ਪਾਰਲੀਮੈਂਟ ਮੈਂਬਰ ਨਾਮਜ਼ਦ ਕੀਤਾ ਜਾ ਸਕਦਾ ਹੈ। ਬੇਸ਼ੱਕ ਹੁਣੇ ਮੋਦੀ ਸਰਕਾਰ ਨੇ ਵੀ ਇਕ ਸਿੱਖ ਨੂੰ ਨਾਮਜ਼ਦ ਰਾਜ ਸਭਾ ਮੈਂਬਰ ਬਣਾਇਆ ਹੈ ਪਰ ਉਹ ਵੀ ਪੰਜਾਬ ਦਾ ਰਹਿਣ ਵਾਲਾ ਹੈ, ਗੱਲ ਤਾਂ ਪੰਜਾਬੋਂ ਬਾਹਰ ਰਹਿੰਦੇ ਸਿੱਖਾਂ ਦੀ ਦੇਸ਼ ਦੀ ਰਾਜਨੀਤੀ 'ਤੇ ਘਟਦੀ ਪਕੜ ਦੀ ਹੈ। 

ਸੋਚਣ ਵਾਲੀ ਗੱਲ ਹੈ ਕਿ ਕਰੋਨਾ ਸੰਕਟ ਤੇ ਹੋਰ ਕੁਦਰਤੀ ਬਿਪਤਾਵਾਂ ਤੋਂ ਬਾਅਦ ਸਿੱਖ ਸੇਵਾ ਤੇ ਲੋੜਵੰਦਾਂ ਦੀ ਮਦਦ ਕਰਕੇ ਵਿਸ਼ਵ ਦੀਆਂ ਸਰਕਾਰਾਂ ਦੀ ਪ੍ਰਸੰਸਾ ਖਟ ਰਹੇ ਹਨ ਤੇ ਵਿਸ਼ਵ ਭਰ ਦੀ ਰਾਜਨੀਤੀ ਵਿਚ ਤਾਂ ਇਕ ਤਾਕਤ ਵਜੋਂ ਉਭਰ ਰਹੇ ਹਨ।ਸੁਆਲ ਇਹ ਹੈ ਕਿ ਭਾਰਤ ਵਿਚ ਹੀ ਸਿੱਖ ਰਾਜਨੀਤੀ ਵਿਚ ਕਿਉਂ ਪੱਛੜ ਰਹੇ ਹਨ? 

ਅਸਲ ਗੱਲ ਇਹ ਹੈ ਕਿ ਸਿੱਖ ਉਥੋਂ ਦੀਆਂ ਸਥਿਤੀਆਂ ਮੁਤਾਬਿਕ ਰਾਜਨੀਤੀ ਅਪਣਾਉਂਦੇ ਰਹੇ ਹਨ ਪਰ 1984 ਤੋਂ ਬਾਅਦ ਸਿੱਖਾਂ ਦੀ ਪੰਜਾਬ ਦੀ ਲੀਡਰਸ਼ਿਪ ਨੇ ਜਿਵੇਂ ਪੰਥਕ ਸੰਸਥਾਵਾਂ ਅਕਾਲ ਤਖਤ ਸਾਹਿਬ , ਸ੍ਰੋਮਣੀ ਕਮੇਟੀ ਤੇ ਸਾਰੀ ਦੇਸ਼ ਦੀ ਸਿੱਖ ਰਾਜਨੀਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਨ੍ਹਾਂ ਨੂੰ ਪੰਜਾਬ ਮੁਤਾਬਿਕ ਚੱਲਣ ਲਈ ਕਿਹਾ ,ਪੰਜਾਬ ਦੀ ਖੁਦਮੁਖਤਿਆਰੀ ਦਾ ਸਿਖ ਏਜੰਡਾ ਅਨੰਦਪੁਰ ਦਾ ਮਤਾ ਤਿਆਗਿਆ, ਜਿਸ ਦਾ ਨਤੀਜਾ ਸਾਰਥਿਕ ਨਹੀਂ ਨਿਕਲਿਆ। ਇਸ ਦਾ ਨਤੀਜਾ ਅਕਾਲੀ ਰਾਜਨੀਤੀ ਤੇ ਸਿਖ ਭਾਈਚਾਰੇ ਲਈ ਘਾਤਕ ਸਿੱਧ ਹੋਇਆ। ਜਦੋਂ ਕਿ ਭਾਜਪਾ ਦੀ ਬਹੁਲਤਾਵਾਦ ਦੀ ਰਾਜਨੀਤੀ ਨੇ ਵੀ ਸਿੱਖਾਂ ਦੀ ਰਾਜਨੀਤੀ ਵਿਚ ਪਕੜ ਨੂੰ ਕਮਜ਼ੋਰ ਕੀਤਾ ਹੈ। 

ਇਸ ਦਾ ਹੱਲ ਇਹ ਹੈ ਕਿ ਸਿਖ ਭਾਈਚਾਰਾ ਆਪਣੀਆਂ ਸੂਬਾ ਪੱਧਰ ਦੀਆਂ ਗ਼ੈਰ-ਰਾਜਨੀਤਕ ਜਥੇਬੰਦੀਆਂ ਬਣਾਵੇ ਜੋ ਧਾਰਮਿਕ ਤੇ ਸਮਾਜਿਕ ਕੰਮ ਕਰਨ, ਪਰ ਮੌਕਾ ਪੈਣ 'ਤੇ ਸਿੱਖ ਲਾਬੀ ਵਾਂਗ ਦਬਾਅ ਗਰੁੱਪ ਵਜੋਂ ਕੰਮ ਕਰ ਸਕਣ ਅਤੇ ਸਭ ਤੋਂ ਵੱਡੀ ਤੇ ਜ਼ਰੂਰੀ ਗੱਲ ਕਿ ਉਹ ਯੂ.ਪੀ.ਐਸ.ਸੀ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਅਤੇ ਸਟੇਟਾਂ ਦੇ ਸਰਵਿਸ ਇਲੈਕਸ਼ਨ ਬੋਰਡਾਂ ਦੇ ਇਮਤਿਹਾਨਾਂ ਲਈ ਸਿੱਖ ਬੱਚਿਆਂ ਨੂੰ ਤਿਆਰ ਕਰਨ ਲਈ ਸ਼ਾਨਦਾਰ ਤੇ ਨਤੀਜੇ ਦੇਣ ਵਾਲੇ ਕੋਚਿੰਗ ਕੇਂਦਰ ਬਣਾਉਣ। ਬੇਸ਼ੱਕ ਸਮਾਂ ਲੱਗੇਗਾ ਪਰ ਜੇਕਰ ਸਿੱਖ, ਆਈ.ਏ.ਐਸ., ਆਈ.ਪੀ.ਐਸ. ਤੇ ਹੋਰ ਅਜਿਹੇ ਅਹੁਦਿਆਂ 'ਤੇ ਵੱਡੀ ਗਿਣਤੀ ਵਿਚ ਤਾਇਨਾਤ ਹੋ ਜਾਣ ਤਾਂ ਉਨ੍ਹਾਂ ਨੂੰ ਦੁਬਾਰਾ ਰਾਜਨੀਤੀ ਵਿਚ ਪ੍ਰਭਾਵਸ਼ਾਲੀ ਰੋਲ ਨਿਭਾਉਣ ਤੋਂ ਕੋਈ ਤਾਕਤ ਨਹੀਂ ਰੋਕ ਸਕੇਗੀ। ਵੈਸੇ ਦੁਨੀਆ ਦੀ ਹਰ ਕੌਮ ਉਤਰਾਅ-ਚੜ੍ਹਾਅ ਵਿਚੋਂ ਗੁਜ਼ਰਦੀ ਹੈ। ਜਿਹੜੀਆਂ ਸੁਚੇਤ ਕੌਮਾਂ ਹੁੰਦੀਆਂ ਹਨ, ਉਹ ਡਿਗ-ਡਿਗ ਕੇ ਵੀ ਉੱਠ ਪੈਂਦੀਆਂ ਹਨ, ਜੋ ਸੁਚੇਤ ਨਹੀਂ ਹੁੰਦੀਆਂ ਉਹ ਖ਼ਤਮ ਹੋ ਜਾਂਦੀਆਂ ਹਨ। ਖਾਲਸਾ ਪੰਥ ਦਾ ਇਤਿਹਾਸ ਇਹੀ ਰਿਹਾ ਹੈ ਕਿ ਸਿੱਖ ਤਾਂ ਸੰਕਟਾਂ ਨੇੜੇ ਜਾ ਕੇ ਉਠਦੇ ਰਹੇ ਹਨ।ਇਤਿਹਾਸ ਗੁਆਹ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਨਾ ਤਾਂ ਗੁਰੂ ਸਾਹਿਬ ਕੋਲ ਅਤੇ ਨਾ ਹੀ ਉਨ੍ਹਾਂ ਦੇ ਸਿੱਖਾਂ ਪਾਸ ਕੋਈ ਰਾਜਸੱਤਾ ਸੀ। ਜਿਸ ਸਮੇਂ ਸਿੱਖ ਸੰਘਰਸ਼ ਦੇ ਦੌਰ ਵਿਚੋਂ ਗੁਜ਼ਰ ਰਹੇ ਸਨ, ਉਸ ਸਮੇਂ ਸਿੱਖੀ ਮਜ਼ਬੂਤ ਸੀ, ਜਿਸਦੇ ਸਹਾਰੇ ਸਿੱਖ ਜਬਰ-ਜ਼ੁਲਮ ਦਾ ਨਾਸ਼ ਕਰਨ ਪ੍ਰਤੀ ਦ੍ਰਿੜ੍ਹ ਸੰਕਲਪ ਹੋ ਜੁਟੇ ਹੋਏ ਸਨ। ਇਸ ਦਾ ਕਾਰਣ ਇਹੀ ਸੀ ਕਿ ਸਿਖ ਸਿਧਾਂਤ ਨੂੰ ਤਿਲਾਂਜਲੀ ਦੇਕੇ ਸਤਾ ਦਾ ਰਾਹ ਨਹੀਂ ਅਪਨਾਉਂਦੇ ਸਨ।ਇਨ੍ਹਾਂ ਹਾਲਾਤ ਵਿਚ ਇਹ ਗਲ ਸਵੀਕਾਰ ਕਰਨੀ ਹੀ ਹੋਵੇਗੀ ਕਿ ਸਿੱਖ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਤਾਂ ਹੀ ਸੰਭਵ ਹੈ, ਜੇ ਉਹ ਰਾਜ-ਸੱਤਾ ਦੇ ਪ੍ਰਭਾਵ ਤੋਂ ਮੁਕਤ ਹੋਣ।ਇਸਦਾ ਕਾਰਣ ਇਹ ਹੈ ਕਿ ਰਾਜਨੀਤੀ ਵਿਚ ਤਾਂ ਗ਼ੈਰ-ਸਿਧਾਂਤਕ ਸਮਝੌਤੇ ਕੀਤੇ ਜਾ ਸਕਦੇ ਹਨ ਪਰ ਧਰਮ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੇ ਨਾ ਤਾਂ ਗ਼ੈਰ-ਸਿਧਾਂਤਕ ਸਮਝੌਤੇ ਹੋ ਸਕਦੇ ਹਨ ਤੇ ਨਾ ਹੀ ਕਿਸੇ ਤਰ੍ਹਾਂ ਦਾ ਗਠਜੋੜ।