ਕਾਰਪੋਰੇਟ ਤੰਤਰ ਲੋਕਤੰਤਰੀ ਵਿਵਸਥਾ ਦਾ ਕਰ ਰਿਹੈ ਘਾਣ

ਕਾਰਪੋਰੇਟ ਤੰਤਰ ਲੋਕਤੰਤਰੀ ਵਿਵਸਥਾ ਦਾ ਕਰ ਰਿਹੈ ਘਾਣ

ਅਜੋਕੀ ਵਿਸ਼ਵ ਵਿਆਪੀ ਲੋਕਤੰਤਰੀ ਵਿਵਸਥਾ ’ਤੇ ਜੇਕਰ ਗਹੁ ਨਾਲ ਝਾਤ ਮਾਰੀ ਜਾਏ, ਇਸਦਾ ਡੂੰਘਾ ਵਿਸ਼ਲੇਸ਼ਣ ਕੀਤਾ ਜਾਏ ਤਾਂ ਅਜੋਕੇ ਗਲੋਬਲ ਰਾਜਨੀਤਕ ਅਤੇ ਯੁੱਧਨੀਤਕ ਸੰਦਰਭ ਵਿੱਚ ਇਸਦੀ ਪ੍ਰੀਭਾਸ਼ਾ ਬਿਲਕੁਲ ਬਦਲ ਗਈ ਵਿਖਾਈ ਦੇ ਰਹੀ ਹੈ।

ਅਮਰੀਕੀ ਰਾਸ਼ਟਰਪਤੀ ਆਬਰਾਹਮ ਲਿੰਕਨ ਵੱਲੋਂ 19ਵੀਂ ਸਦੀ ਵਿੱਚ ਘੜੀ ਗਈ ਅਤੇ ਪ੍ਰਚਲਤ ਪ੍ਰੀਭਾਸ਼ਾ ਲੋਕਤੰਤਰ ਲੋਕਾਂ ਲਈ, ਲੋਕਾਂ ਦੀ ਅਤੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੁੰਦੀ ਹੈ, ਹੁਣ ਬਿਲਕੁਲ ਬਦਲ ਚੁੱਕੀ ਹੈ। ਅਜੋਕੀ ਪ੍ਰੀਭਾਸ਼ਾ ਲੋਕਤੰਤਰ ਕਾਰਪੋਰੇਟਰਾਂ ਲਈ, ਕਾਰਪੋਰੇਟਰਾਂ ਦੀ ਅਤੇ ਕਾਰਪੋਰੇਟਰਾਂ ਦੁਆਰਾ ਚੁਣੀ ਹੋਈ ਸਰਕਾਰ ਸਥਾਪਿਤ ਹੋ ਚੁੱਕੀ ਹੈ।

ਕਾਰਪੋਰੇਟਰ ਲੋਕਤੰਤਰੀ ਵਰਤਾਰਾ ਦੂਸਰੀ ਵਿਸ਼ਵ ਜੰਗ ਬਾਅਦ ਸ਼ੁਰੂ ਹੋ ਚੁੱਕਾ ਸੀ। ਸੰਨ 1947 ਵਿੱਚ ਭਾਰਤ ਦੀ ਅਜ਼ਾਦੀ ਅਤੇ ਇਸਦੀ ਭਿਆਨਕ ਮਾਰੂ ਵੰਡ, ਸੰਨ 1948 ਵਿੱਚ ਅਰਬ ਖੇਤਰ ਅੰਦਰ ਇਸਰਾਈਲ ਰਾਸ਼ਟਰ ਦੀ ਸਥਾਪਨਾ ਦੀ ਦਾਸਤਾਨ ਪੱਛਮੀ ਅਤੇ ਖਾਸ ਕਰਕੇ ਅਮਰੀਕੀ ਕਾਰਪੋਰੇਟਰ ਸ਼ਕਤੀਆਂ ਵੱਲੋਂ ਲਿਖੀ ਗਈ ਸੀ। ਇਨ੍ਹਾਂ ਖਿੱਤਿਆਂ ਵਿੱਚ ਸਦੀਵੀ ਇਲਾਕਾਈ, ਧਾਰਮਿਕ ਅਤੇ ਘੱਟ-ਗਿਣਤੀਆਂ ਦੇ ਘਾਣ ਸੰਬੰਧੀ ਜੰਗਾਂ ਜਾਰੀ ਰੱਖਣ ਖਾਤਰ ਅਜਿਹਾ ਕੀਤਾ ਗਿਆ। ਸੰਨ 1989-91 ਵਿੱਚ ਸੋਵੀਅਤ ਰੂਸ ਅਤੇ ਉਸ ਦੇ ਸੈਟਾਲਾਈਟ ਰਾਸ਼ਟਰਾਂ ਦਾ ਖਾਤਮਾ, ਚੀਨੀ ਕਮਿਊਨਿਜ਼ਮ ਦਾ ਕਾਰਪੋਰੇਟੀਕਰਨ ਇਸੇ ਦੀ ਦੇਣ ਹਨ।

ਭਾਰਤ ਉੱਤੇ ਪ੍ਰਭਾਵ

ਭਾਰਤ ਅੰਦਰ ਔਜੋਕੇ ਭਾਜਪਾ-ਆਰ.ਐੱਸ.ਐੱਸ. ਦੀ ਅਗਵਾਈ ਵਾਲਾ ਸ਼੍ਰੀ ਨਰੇਂਦਰ ਮੋਦੀ ਸ਼ਾਸਨ ਨਿਰੋਲ ਕਾਰਪੋਰੇਟ ਲੋਕਤੰਤਰ ਸ਼ਾਸਨ ਸਥਾਪਿਤ ਹੋ ਚੁੱਕਾ ਹੈ। ਭਾਰਤੀ ਸੰਵਿਧਾਨ, ਕਾਰਜਪਾਲਿਕਾ, ਨਿਆਂਪਾਲਕਾ, ਵਿਧਾਨਪਾਲਕਾ, ਮੀਡੀਆ, ਬਾਬੂਸ਼ਾਹੀ ਆਦਿ ਦਾ ਲਗਾਤਾਰ ਕਾਰਪੋਰੇਟ ਲੋਕਤੰਤਰੀਕਰਨ ਹੋ ਰਿਹਾ ਹੈ। ਅਜੋਕੀ ਵੱਡੀ ਮਿਸਾਲ ਭਾਰਤੀ ਚੋਣ ਕਮਿਸ਼ਨ ਦਾ ਨਿਯੁਕਤੀਕਰਨ ਅਤੇ ਭਾਰਤੀ ਨਿਆਂਪਾਲਿਕਾ ਵੱਲੋਂ ਇਸ ਨਾਲ ਸਹਿਮਤੀ ਜਿਤਾਉਣਾ ਹੈ। ਕਾਂਗਰਸ ਪਾਰਟੀ ਤਾਂ ਸ਼ੁਰੂ ਤੋਂ ਹੀ ਇਸਦੀ ਬਾਂਦੀ ਰਹੀ ਹੈ। ਸ਼੍ਰੀ ਰਾਜੀਵ ਗਾਂਧੀ, ਨਰਸਿਮਹਾ ਰਾਉ ਅਤੇ ਡਾ. ਮਨਮੋਹਨ ਸਿੰਘ ਸਰਕਾਰਾਂ ਤਾਂ ਖੁੱਲ੍ਹ ਕੇ ਇਸਦੀਆਂ ਬਾਂਦੀਆਂ ਸਨ। ਭਾਰਤ-ਚੀਨ ਜੰਗ ਅਤੇ ਲਗਾਤਾਰ ਸਰਹੱਦੀ ਖਿੱਚੋਤਾਣ, ਭਾਰਤੀ-ਪਾਕਿਸਤਾਨ ਜੰਗਾਂ, ਪੰਜਾਬ ਅੰਦਰ ਨੀਲਾ ਤਾਰਾ ਅਪਰੇਸ਼ਨ, ਨਵੰਬਰ ‘84 ਸਿੱਖ ਕਤਲ-ਏ-ਆਮ, ਗੁਜਰਾਤ ਅੰਦਰ ਗੋਧਰਾ ਅਤੇ ਉਪਰੰਤ ਤਿੰਨ ਰੋਜ਼ਾ ਫਿਰਕੂਘਾਣ ਆਦਿ ਇਸੇ ਕਾਰਪੋਰੇਟਰ ਲੋਕਤੰਤਰੀ ਵਿਵਸਥਾ ਦੇ ਕਾਰਨਾਮੇ ਸਨ ਜਿਨ੍ਹਾਂ ਦੇ ਸ਼੍ਰੀਮਤੀ ਇੰਦਰਾ ਗਾਂਧੀ, ਸ਼੍ਰੀ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਅਤੇ ਸ਼੍ਰੀ ਨਰੇਂਦਰ ਮੋਦੀ ਮੁੱਖ ਸ਼ਾਸਕ ਚਿਹਰੇ ਬਣੇ।

ਗਲੋਬਲ ਪ੍ਰਭਾਵ:

ਅਜੋਕੇ ਵਿਸ਼ਵ ਅੰਦਰ ਕਾਰਪੋਰੇਟ ਲੋਕਤੰਤਰੀ ਵਿਵਸਥਾ ਪੂਰੀ ਤਰ੍ਹਾਂ ਸਥਾਪਿਤ ਨਜ਼ਰ ਆ ਰਹੀ ਹੈ। ਭਾਰਤ ਅੰਦਰ ਇਸ ਸਾਲ ਅਪਰੈਲ-ਮਈ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਇਸ ਵਿਵਸਥਾ ਵੱਲੋਂ ਖੁੱਲ੍ਹ ਕੇ ਲੜੀਆਂ ਜਾ ਰਹੀਆਂ ਹਨ। ਕਾਰਪੋਰੇਟ ਲੋਕਤੰਤਰ ਦੇ ਪ੍ਰਮੁੱਖ ਫੀਚਰ ਬਦਲ ਚੁੱਕੇ ਹਨ। ਪਬਲਿਕ ਸਬਸਿਡੀਆਂ ਦਾ ਤੜਕਾ, ਨਿੱਜੀ ਮੁਨਾਫਾਖੋਰੀ, ਅਮੀਰਾਂ ਲਈ ਸਮਾਜਵਾਦ ਸਥਾਪਤੀ, ਗਰੀਬਾਂ ਲਈ ਸਰਮਾਏਦਾਰਾਨਾ ਸਥਾਪਤੀ ਅਤੇ ਆਰਥਿਕ ਮਜ਼ਬੂਤੀ ਲਈ ਵਿਸ਼ਵ ਦੇ ਵੱਖ-ਵੱਖ ਖੇਤਰਾਂ ਵਿੱਚ ਜੰਗਾਂ ਦਾ ਸਥਾਈ ਤਵੀਕਰਨ ਇਸਦੀਆਂ ਪ੍ਰਮੁੱਖ ਜ਼ਰੂਰਤਾਂ ਹਨ। ਇੱਕ ਪਾਸੇ ਭਾਰਤ ਨੂੰ ਵਿਸ਼ਵ ਦੀ 5ਵੀਂ ਆਰਥਿਕ ਸ਼ਕਤੀ ਗਰਦਾਨਣਾ, ਦੂਸਰੇ ਪਾਸੇ ਪਬਲਿਕ ਸਬਸਿਡੀਆਂ ਦੇ ਤੜਕੇ ਜਾਰੀ ਰੱਖਣਾ, ਮਿਸਾਲ ਵਜੋਂ 82 ਕਰੋੜ ਗੁਰਬਤ ਮਾਰੇ ਲੋਕਾਂ ਨੂੰ ਅਗਲੇ 5 ਸਾਲ ਮੁਫ਼ਤ ਅਨਾਜ ਮੁਹਈਆ ਕਰਾਉਣਾ। ਜਦਕਿ ਸਚਾਈ ਇਹ ਹੈ ਕਿ ਪ੍ਰਤੀ ਜੀਅ ਆਮਦਨ ਪੱਖੋਂ ਇਸ ਵਿਸ਼ਵ ਦੀ 5ਵੀਂ ਅਰਥ ਵਿਵਸਥਾ 200 ਦੇਸ਼ਾਂ ਵਿੱਚ 120ਵਾਂ ਸਥਾਨ ਰੱਖਦੀ ਹੈ। ਅਟਲ ਪੈਨਸ਼ਨ ਯੋਜਨਾ, ਸਵੱਛ ਭਾਰਤ ਅਭਿਯਾਨ, ਆਯੂਸ਼ਮਾਨ ਭਾਰਤ ਯੋਜਨਾ, ਮਤਸਿਆ ਸੰਪਦਾ ਯੋਜਨਾ, ਆਵਾਸ ਯੋਜਨਾ, ਕਿਸਾਨ ਸਨਮਾਨ ਨਿਧੀ, ਗਰੀਬ ਕਲਿਆਣ ਯੋਜਨਾ, ਜਨ ਧਨ ਯੋਜਨਾ, ਉਜਾਲਾ ਯੋਜਨਾ, ਡਿਜਿਟਲ ਇੰਡੀਆ, ਸਮਾਰਟ ਸਿਟੀ ਯੋਜਨਾ, ਸਵਸਥ ਸੁਰੱਖਿਆ ਯੋਜਨਾ, ਸੜਕ ਯੋਜਨਾ ਆਦਿ ਦੀ ਲੰਬੀ ਸੂਚੀ ਹੈ। ਵਿਸ਼ਵ ਦੇ ਦੂਸਰੇ ਦੇਸ਼ਾਂ ਵਿੱਚ ਵੀ ਐਸੀਆਂ ਯੋਜਨਾਵਾਂ, ਸਕੀਮਾਂ, ਪ੍ਰੋਗਰਾਮਾਂ ਦਾ ਬੋਲਬਾਲਾ ਹੈ।

ਪੱਤਰਕਾਰਤਾ ਉੱਤੇ ਗਲਬਾ:

ਲੋਕਤੰਤਰ ਅੰਦਰ ਪੱਤਰਕਾਰਤਾ ਨੂੰ ਚੌਥਾ ਵੱਡਾ ਅਤੇ ਤਾਕਤਵਰ ਸਤੰਭ ਮੰਨਿਆ ਜਾਂਦਾ ਰਿਹਾ ਹੈ। ਪੱਤਰਕਾਰਤਾ ਦੀ ਅਜ਼ਾਦੀ ਲੋਕਤੰਤਰ ਦੀ ਪ੍ਰਮੁੱਖ ਵਿਸ਼ੇਸ਼ਤਾ ਹੁੰਦੀ ਸੀ। ਬੇਬਾਕੀ ਨਾਲ ਸਰਕਾਰਾਂ ਅਤੇ ਸਮਾਜ ਨੂੰ ਉਸਦੀਆਂ ਕਮਜ਼ੋਰੀਆਂ ਦਾ ਸ਼ੀਸ਼ਾ ਵਿਖਾਉਣ ਕਰਕੇ ਇਹ ਮਸ਼ਹੂਰ ਹੁੰਦੀ ਸੀ। ਸਥਾਨਿਕ, ਇਲਾਕਾਈ, ਰਾਸ਼ਟਰੀ ਅਤੇ ਗਲੋਬਲ ਪੱਧਰ ’ਤੇ ਖੋਜੀ ਅਤੇ ਸਨਸਨੀਖੇਜ਼ ਮੁਹਾਰਤ ਨਾਲ ਇਹ ਸਚਾਈ ਲੱਭ ਲਿਆਉਂਦੀ ਸੀ। ਹਿਟਲਰ, ਮੁਸੋਲਿਨੀ ਵਰਗੇ ਡਿਕਟੇਟਰਾਂ ਦੇ ਝੂਠੇ ਪ੍ਰਾਪੇਗੰਡੇ, ਵਾਟਰਗੇਟ ਰਾਹੀਂ ਅਮਰੀਕੀ ਪ੍ਰਧਾਨ ਨਿਕਸਨ ਵਰਗਿਆਂ ਦੇ ਕਾਰਨਾਮੇ ਬੇਪਰਦਾ ਕਰਨ ਦੀ ਸ਼ਕਤੀ ਰੱਖਦੀ ਸੀ। ਰਾਜਨੀਤੀਵਾਨਾਂ, ਸਰਕਾਰਾਂ ਅਤੇ ਬਾਬੂ ਸ਼ਾਹਾਂ ਦੇ ਭ੍ਰਿਸ਼ਟਾਚਾਰ, ਘੱਟ ਗਿਣਤੀਆਂ ਉੱਤੇ ਜ਼ੁਲਮ, ਨਸ਼ੀਲੇ ਅਤੇ ਹੋਰ ਕੀਮਤੀ ਪਦਾਰਥਾਂ ਦੀ ਸਮਲਿੰਗ, ਕਾਲ ਗਰਲਜ਼ ਨਾਲ ਲੁਕਵੇਂ ਸੰਬੰਧਾਂ ਦਾ ਪਰਦਾਫਾਸ਼ ਕਰਦੀ ਸੀ। ਲੇਕਿਨ ਅਜੋਕੀ ਕਾਰਪੋਰੇਟ ਲੋਕਤੰਤਰੀ ਵਿਵਸਥਾ ਵਿੱਚ ਮੀਡੀਆ ਸਾਧਨ ਅਤੇ ਪੱਤਰਕਾਰਤਾ ਚੰਦ ਛਿੱਲੜਾਂ ਅਤੇ ਰੋਜ਼ੀ-ਰੋਟੀ ਖਾਤਰ ਗੁਲਾਮ ਬਣ ਕੇ ਰਹਿ ਗਏ ਹਨ। ਸਵੈਮਾਣਤਾ, ਖੁਦਮੁਖਤਾਰੀ, ਉੱਚ ਕਦਰਾਂ-ਕੀਮਤਾਂ, ਨਿਰਛਲਤਾ, ਨਿਡਰਤਾ ਘੱਟੇ-ਕੌਡੀਆਂ ਰੁਲ ਚੁੱਕੇ ਹਨ। ਸਰਵੋਤਮ ਮੀਡੀਆ ਕੰਪਨੀਆਂ ਜਿਵੇਂ ਇੰਟਰਨੈੱਟ, ਟਵਿਟਰ, ਫੇਸਬੁੱਕ, ਗੂਗਲ ਆਦਿ ਉੱਤੇ ਉੱਤਰੀ ਅਮਰੀਕੀ ਕਾਰਪੋਰੇਟ ਜਗਤ ਦਾ ਕਬਜ਼ਾ ਹੈ।

ਬਦਨਾਮ ਕਾਰਨਾਮੇ:

ਵਿਸ਼ਵ ਭਰ ਦੇ ਵੱਖ-ਵੱਖ ਖਿੱਤਿਆਂ ਵਿੱਚ ਜੰਗਾਂ, ਜੰਗੀ ਸਮਾਨ ਦੀ ਜਮ੍ਹਾਂਖੋਰੀ ਇਸ ਵਿਵਸਥਾ ਦਾ ਵੱਡਾ ਵਪਾਰਕ ਮਾਧਿਅਮ ਬਣਿਆ ਪਿਆ ਹੈ। ਨੌਂ-ਗਿਆਰਾਂ ਤੋਂ ਬਾਅਦ ਜੰਗੀ ਸਨਅਤ ਦੀ ਸਟਾਕ ਮਾਰਕੀਟ ਅਮਰ ਵੇਲ ਵਾਂਗ ਵਧਦੀ ਵੇਖੀ ਗਈ। ਕਾਰਪੋਰੇਟਰਾਂ ਨੇ ਆਪਣੇ ਨਿੱਜੀ ਧੰਨ ਗੁਦਾਮ ਮਾਲਾਮਾਲ ਕਰਨ ਲਈ ਸਥਾਈ ਜੰਗਾਂ ਦਾ ਮਾਹੌਲ ਸਿਰਜਿਆ। ਅੱਜ ਇਹ ਜੰਗਾਂ ਅਫਗਾਨਿਸਤਾਨ, ਇਰਾਕ, ਲਿਬੀਆ, ਯਮਨ, ਸੂਡਾਨ, ਪਾਕਿਸਤਾਨ, ਫਲਸਤੀਨ, ਯੂਕਰੇਨ ਆਦਿ ਵਿਖੇ ਸਥਾਈਤਵ ਰੂਪ ਧਾਰਨ ਕਰਦੀਆਂ ਨਜ਼ਰ ਆ ਰਹੀਆਂ ਹਨ। ਮੱਧ-ਏਸ਼ੀਆ, ਈਰਾਨ, ਪਾਕਿਸਤਾਨ ਐਸੀਆਂ ਅੰਦਰੂਨੀ-ਬਾਹਰੀ ਜੰਗਾਂ ਵਿੱਚ ਉਲਝਦੇ ਨਜ਼ਰ ਆ ਰਹੇ ਹਨ।

ਜ਼ਰਾ ਧਿਆਨ ਨਾਲ ਮੁਤਾਲਿਆ ਕੀਤਾ ਜਾਵੇ ਤਾਂ ਸ਼ੈਤਾਨ ਮਹਾਂ ਸ਼ਕਤੀ ਅਮਰੀਕਾ ਅੰਦਰ ਕਾਰਪੋਰੇਟ ਲੋਕਤੰਤਰੀ ਵਿਵਸਥਾ ਕੀ ਕਰਦੀ ਆ ਰਹੀ ਹੈ, ਬਿਲਕੁਲ ਹੈਰਾਨਕੁਨ ਦ੍ਰਿਸ਼ ਸਾਹਮਣੇ ਨਜ਼ਰ ਆਉਣਗੇ। ਇਸ ਨੇ 50 ਤੋਂ ਵੱਧ ਦੇਸ਼ ਅੰਦਰ ਤਖਤੇ ਪਲਟੇ ਜਾਂ ਤਖਤੇ ਪਲਟਣ ਦੀਆਂ ਸਾਜ਼ਿਸ਼ਾਂ ਅੰਜਾਮ ਦਿੱਤੀਆਂ। ਕਰੀਬ 30 ਤੋਂ ਵੱਧ ਦੇਸ਼ ਅੰਦਰ ਚੋਣਾਂ ਵੇਲੇ ਦਖ਼ਲ ਦਿੱਤਾ। ਕਰੀਬ 20 ਤੋਂ ਵੱਧ ਦੇਸ਼ਾਂ ਅੰਦਰ ਅਜ਼ਾਦੀ ਦੀਆਂ ਲਹਿਰਾਂ ਕੁਚਲ ਕੇ ਰੱਖ ਦਿੱਤੀਆਂ। ਅਰਬ ਸਪਰਿੰਗ ਦਾ ਗਲਾ ਘੁੱਟ ਕੇ ਰੱਖ ਦਿੱਤਾ। ਕਿਊਬਾ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਵਿੱਤੀ ਅਸੰਤੋਸ਼ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ, ਜੋ ਅੱਜ ਵੀ ਜਾਰੀ ਹਨ। ਵਿਸ਼ਵ ਦੇ 50 ਤੋਂ ਵੱਧ ਦੇਸ਼ਾਂ ਦੇ ਪ੍ਰਮੁੱਖ ਨੇਤਾਵਾਂ ਨੂੰ ਮੌਤ ਦੇ ਘਾਟ ਉਤਾਰਨ ਦੀਆਂ ਸਾਜ਼ਿਸ਼ ਰਚੀਆਂ। ਨਾਟੋ ਫ਼ੌਜੀ ਸੰਗਠਨ ਵਿਸ਼ਵ ਭਾਈਚਾਰੇ ਲਈ ਡਰ, ਭੈਅ ਅਤੇ ਅੱਤਵਾਦ ਪੈਦਾ ਕਰਨ ਲਈ ਕਾਇਮ ਰੱਖਿਆ ਹੋਇਆ ਹੈ। ਜੂਨ, 2022 ਵਿੱਚ ਮੈਡਰਿਡ (ਸਪੇਨ) ਵਿਖੇ ਨਾਟੋ ਮੀਟਿੰਗ ਵਿੱਚ ਏਜੰਡਾ ਤੈਅ ਕੀਤਾ ਗਿਆ ਕਿ ਕਿਵੇਂ ਰੂਸ ਅਤੇ ਚੀਨ ਨੂੰ ਭਵਿੱਖ ਵਿੱਚ ਘੇਰਨਾ ਹੈ, ਯੂਰਪ ਖੇਤਰ ਅੰਦਰ ਫੌਜੀਕਰਨ ਮਜ਼ਬੂਤ ਕਰਨਾ ਹੈ, ਕਿਵੇਂ ਭਵਿੱਖ ਵਿੱਚ ਬਹੁ-ਪੱਖੀ ਜੰਗ ਦੀ ਤਿਆਰੀ ਸ਼ੁਰੂ ਕਰਨੀ ਹੈ।

ਅਮਰੀਕੀ ਤਾਕਤਵਰ ਕਾਰਪੋਰੇਟ ਲੋਕਤੰਤਰ ਦੀ ਵਿਦੇਸ਼ ਨੀਤੀ ਦਾ ਮੁੱਖ ਮੰਤਵ ਦੂਸਰੇ ਰਾਸ਼ਟਰਾਂ ਦੀ ਬਰਬਾਦੀ, ਅੰਦਰੂਨੀ ਖਾਨਾਜੰਗੀ, ਆਪਸੀ ਤਣਾਉ ਪੈਦਾ ਕਰਨਾ, ਆਪਣੇ ਗਲੋਬਲ ਅਤੇ ਨਿੱਜੀ ਹਿਤ ਸੁਰੱਖਿਅਤ ਰੱਖਣਾ, ਲੋਕਾਂ ਦੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ, ਅਜ਼ਾਦ ਪ੍ਰੈੱਸ, ਅਜ਼ਾਦੀ ਸੰਘਰਸ਼ਾਂ ਦਾ ਗਲਾ ਘੁੱਟਣਾ ਹੈ। ਕਾਰਪੋਰੇਟ ਲੋਕਤੰਤਰ ਨੂੰ ਪਬਲਿਕ ਨਾਲ ਸਿਰਫ ਇੰਨਾ ਹੀ ਸਰੋਕਾਰ ਹੈ ਕਿ ਉਹ ਉਸ ਦੇ ਨਿੱਜੀ ਹਿਤਾਂ ਦੀ ਪੂਰਤੀ ਲਈ ਵਿਨਾਸ਼ਕਾਰੀ ਅੰਜਾਮ ਲਈ ਤਤਪਰ ਰਹੇ। ਇੱਥੋਂ ਤਕ ਕਿ ਵਿਸ਼ਵ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅੱਤਵਾਦੀ ਲਹਿਰਾਂ ਇਸਦੇ ਕਾਰਨਾਮੇ ਹਨ।

ਲਿਬੀਆ ਅੰਦਰ ਬੈਂਗਾਜ਼ੀ ਵਿਖੇ ਕੋਈ ਕਤਲ-ਏ-ਆਮ ਨਹੀਂ ਸੀ ਹੋਇਆ, ਲੇਕਿਨ ਅਮਰੀਕੀ ਅਤੇ ਪੱਛਮ ਕਾਰਪੋਰੇਟ ਲੋਕਤੰਤਰ ਦੇ ਝੂਠੇ ਗੋਬਲਾਨਾ (ਹਿਟਲਰ ਦੇ ਲੋਕ ਸੰਪਰਕ ਮੰਤਰੀ ਗੋਬਲਜ਼ ਦੇ ਝੂਠੀ ਪ੍ਰਾਪੇਗੰਡਾ ਮਸ਼ੀਨ) ਪ੍ਰਚਾਰ ਨੇ ਉਸ ਨੂੰ ਵਿਸ਼ਵ ਭਾਈਚਾਰੇ ਮੂਹਰੇ ਸੱਚ ਕਰ ਵਿਖਾਇਆ। ਇਵੇਂ ਇਰਾਕ ਦੇ ਸ਼ਾਸਕ ਸਾਦਾਮ ਹੁਸੈਨ ਦਾ ਨੌਂ-ਗਿਆਰਾਂ ਹਮਲੇ ਵਿੱਚ ਕੋਈ ਰੋਲ ਨਾ ਹੋਣ ਦੇ ਬਾਵਜੂਦ ਇਸ ਲਈ ਉਸ ਨੂੰ ਜ਼ਿੰਮੇਵਾਰ ਠਹਿਰਾ ਕੇ ਉਸ ਨੂੰ ਨਾਟੋ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਇਹ ਅਮਰੀਕੀ ਰਾਸ਼ਟਰਪਤੀ ਬੁਸ਼ ਅਤੇ ਕਰੋਨੀ ਕਾਰਪੋਰੇਟਰਾਂ ਦਾ ਬਦਨਾਮ ਕਾਰਨਾਮਾ ਸੀ ਲੇਕਿਨ ਇਹੀ ਕਾਰਪੋਰੇਟ ਲੋਕਤੰਤਰ ਗਾਜ਼ਾ ਅੰਦਰ ਹਮਾਸ ਨਸਲਘਾਤ ਨਕਾਰਦਾ ਹੈ।

ਰੂਸ ਨਾਲ ਜੰਗ ਜਾਰੀ ਰੱਖਣ ਲਈ 5 ਲੱਖ ਨਵੇਂ ਸਿਪਾਹੀਆਂ, ਤੋਪਾਂ, ਟੈਂਕਾਂ, ਡਰੋਨਾਂ, ਹਵਾਈ ਜਹਾਜ਼ਾਂ, ਗੋਲਾ-ਬਾਰੂਦ ਦੀ ਲੋੜ ਹੈ। ਕੀ ਅਮਰੀਕਾ, ਪੱਛਮ ਅਤੇ ਨਾਟੋ ਸੰਗਠਨ ਭੇਜਣਗੇ ਜੋ ਉਸ ਦੇਸ਼ ਦੀ ਬਰਬਾਦੀ ਬਾਅਦ ਪਿੱਠ ਦੇ ਚੁੱਕੇ ਹਨ। ਕਰੀਬ 1500 ਕਿਲੋਮੀਟਰ ਜੰਗੀ ਫਰੰਟ ਤੇ ਬਰਬਾਦ ਯੂਕਰੇਨ ਕਿਵੇਂ ਲੜ ਪਾਏਗਾ? ਯੂਰਪੀਨ ਯੂਨੀਅਨ ਉਸ ਨੂੰ ਆਪਣੇ ਵਿੱਚ ਸ਼ਾਮਲ ਕਰੇ? ਉਸਦੀ ਮੁੜ ਉਸਾਰੀ ਲਈ ਮਦਦ ਕਰੇ ਅਤੇ ਉਸ ਦੇ ਬਚਾ ਲਈ ਫੌਜੀ ਦਸਤੇ ਭੇਜੇਗੀ? ਦਰਅਸਲ ਕਾਰਪੋਰੇਟ ਲੋਕਤੰਤਰੀ ਨਿਜ਼ਾਮ ਇਸ ਜੰਗ ਨੂੰ ਜਾਰੀ ਰੱਖਣ ਲਈ ਯੂਕਰੇਨੀ ਪਬਲਿਕ ਦੀ ਆਖਰੀ ਆਰਥਿਕ ਬੂੰਦ ਚੂਸਣਾ ਚਾਹੁੰਦੀ ਹੈ। ਇਸ ਜੰਗ ਦਾ ਹਮਲਾਵਰ ਪੱਛਮੀ ਅਤੇ ਅਮਰੀਕੀ ਕਾਰਪੋਰੇਟ ਲੋਕਤੰਤਰ ਬੇਨਕਾਬ ਹੋ ਚੁੱਕਾ ਹੈ। ਇਹੀ ਹਾਲ ਬਾਕੀ ਜੰਗੀ ਖੇਤਰਾਂ ਦਾ ਹੈ। ਕਾਰਪੋਰੇਟ ਲੋਕਤੰਤਰ ਨੂੰ ਮਹਾਂਮਾਰੀਆਂ, ਭੁੱਖਮਰੀਆਂ, ਬਰਬਾਦੀਆਂ ਨਾਲ ਕੋਈ ਸਰੋਕਾਰ ਨਹੀਂ, ਇਸ ਨੂੰ ਸਿਰਫ ਅਤੇ ਸਿਰਫ ਆਪਣਾ ਸਮੁੱਚਾ ਗਲੋਬਲ ਏਕਾਧਿਕਾਰ ਪਿਆਰਾ ਹੈ।

 

ਦਰਬਾਰਾ ਸਿੰਘ ਕਾਹਲੋਂ