ਅਮਰੀਕਾ ਦੇ ਸਕੂਲ ਵਿਚ ਅੰਧਾਧੁੰਦ ਗੋਲੀਬਾਰੀ ਵਿੱਚ 19 ਵਿਦਿਆਰਥੀਆਂ ਤੇ ਇਕ ਅਧਿਆਪਕ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 21 ਹੋਈ
* ਰਾਸ਼ਟਰਪਤੀ ਬਾਈਡਨ ਨੇ ਕੀਤੀ ਪੈਰਵਾਈ, ਸ਼ਨੀਵਾਰ ਨੂੰ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 25 ਮਈ (ਹੁਸਨ ਲੜੋਆ ਬੰਗਾ)-ਟੈਕਸਸ ਦੇ ਇਕ ਐਲਮੈਂਟਰੀ ਸਕੂਲ ਵਿਚ ਇਕ ਸਿਰਫਿਰੇ ਨੌਜਵਾਨ ਨੇ ਅੰਧਾਧੁੰਦ ਗੋਲੀਆਂ ਚਲਾ ਕੇ 19 ਵਿਦਿਆਰਥੀਆਂ ਤੇ ਇਕ ਅਧਿਆਪਕ ਦੀ ਹੱਤਿਆ ਕਰ ਦਿੱਤੀ ਤੇ ਕਈ ਹੋਰ ਜ਼ਖਮੀਆਂ ਵਿਚੋਂ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਜਖਮੀਆਂ ਵਿਚੋਂ ਕੁਝ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ। ਰਾਜ ਦੇ ਇਤਿਹਾਸ ਵਿਚ ਕਿਸੇ ਸਕੂਲ ਵਿਚ ਗੋਲੀਬਾਰੀ ਦੀ ਵਾਪਰੀ ਇਹ ਸਭ ਤੋਂ ਵੱਡੀ ਘਟਨਾ ਹੈ। ਗੋਲੀਬਾਰੀ ਕਾਰਨ ਸਕੂਲ ਵਿਚ ਅਫਰਾ ਤਫਰੀ ਮਚ ਗਈ ਤੇ ਵਿਦਿਆਰਥੀ ਅਤੇ ਅਧਿਆਪਕ ਆਪਣੀ ਜਾਨ ਬਚਾਉਣ ਲਈ ਇਧਰ- ਉਧਰ ਭੱਜਣ ਲੱਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਕ 18 ਸਾਲਾਂ ਦਾ ਹਮਲਵਾਰ ਉਵੇਲਡ ਦੇ ਰੌਬ ਐਲੀਮੈਂਟਰੀ ਸਕੂਲ ਵਿਚ ਮੰਗਲਵਾਰ ਨੂੰ ਦੁਪਹਿਰ ਵੇਲੇ ਦਾਖਲ ਹੋਇਆ ਤੇ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲਾਵਰ ਓਦੋਂ ਤੱਕ ਗੋਲੀਆਂ ਚਲਾਉਂਦਾ ਰਿਹਾ ਜਦੋਂ ਉਹ ਖੁਦ ਮੌਕੇ 'ਤੇ ਪੁੱਜੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਬਣਿਆ। ਦੋ ਪੁਲਿਸ ਅਫਸਰਾਂ ਦੇ ਵੀ ਗੋਲੀਆਂ ਲੱਗੀਆਂ ਹਨ ਪਰੰਤੂ ਉਨਾਂ ਦੇ ਜ਼ਖਮ ਜਿਆਦਾ ਗੰਭੀਰ ਨਹੀਂ ਹੋਏ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲਾਵਰ ਨੇ ਸਕੂਲ ਨੂੰ ਕਿਉਂ ਨਿਸ਼ਾਨਾ ਬਣਾਇਆ ਤੇ ਉਸ ਦੀ ਵਿਦਿਆਰਥੀਆਂ ਤੇ ਅਧਿਆਪਕ ਦੀ ਹੱਤਿਆ ਕਰਨ ਪਿੱਛੇ ਮਕਸਦ ਕੀ ਸੀ। ਇਸ ਬਾਰੇ ਲਾਅ ਇਨਫੋਰਸਮੈਂਟ ਏਜੰਸੀਆਂ ਜਾਂਚ ਕਰਨਗੀਆਂ। ਪੁਲਿਸ ਅਧਿਕਾਰੀਆਂ ਅਨੁਸਾਰ ਹਮਲਾਵਰ ਦੀ ਪਛਾਣ ਸਲਵਾਡੋਰ ਰਾਮੋਸ ਵਜੋਂ ਹੋਈ ਹੈ।
ਰਾਸ਼ਟਰਪਤੀ ਵਲੋਂ ਘਟਨਾਂ ਦੀ ਪੈਰਵਾਈ-
ਟੈਕਸਾਸ ਦੇ ਸਕੂਲ ਵਿਚ ਵਾਪਰੇ ਦੁਖਾਂਤ ਬਾਰੇ ਰਾਸ਼ਟਰਪਤੀ ਜੋ ਬਾਈਡਨ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਜੋ ਬਾਈਡਨ ਇਸ ਘਟਨਾ ਦੀ ਗੰਭੀਰਤਾ ਨਾਲ ਪੈਰਵਾਈ ਕਰ ਰਹੇ ਹਨ।। ਵਾਈਟ ਹਾਊਸ ਦੇ ਬੁਲਾਰੇ ਕਾਰੀਨ ਜੀਨ ਪੀਰ ਨੇ ਇਹ ਜਾਣਕਾਰੀ ਆਪਣੇ ਟਵਿਟਰ ਉਪਰ ਦਿੱਤੀ ਹੈ। ਰਾਸ਼ਟਰਪਤੀ ਨੇ ਇਕ ਆਦੇਸ਼ ਵਿਚ ਕਿਹਾ ਹੈ ਕਿ ਮ੍ਰਿਤਕਾਂ ਦੇ ਸਨਮਾਨ ਵਿਚ ਸ਼ਨੀਵਾਰ ਨੂੰ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਇਥੇ ਜਿਕਰਯੋਗ ਹੈ ਕਿ 4 ਸਾਲ ਪਹਿਲਾਂ ਰਾਜ ਦੇ ਹੋਸਟਨ ਖੇਤਰ ਵਿਚ ਸਾਂਟਾ ਹਾਈ ਸਕੂਲ ਵਿਚ ਗੋਲੀਬਾਰੀ ਦੀ ਵੱਡੀ ਘਟਨਾ ਵਾਪਰੀ ਸੀ ਜਿਸ ਵਿਚ 10 ਜਾਨਾਂ ਗਈਆਂ ਸਨ। ਉਂਝ 2012 ਵਿਚ ਕੋਨੈਕਟੀਕਟ ਦੇ ਸੈਂਡੀ ਹੁਕ ਸਕੂਲ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ 20 ਵਿਦਿਆਰਥੀਆਂ ਸਮੇਤ 26 ਲੋਕ ਮਾਰੇ ਗਏ ਸਨ ਜੋ ਅਮਰੀਕਾ ਦੇ ਇਤਿਹਾਸ ਵਿਚ ਕਿਸੇ ਸਕੂਲ ਵਿਚ ਗੋਲੀਬਾਰੀ ਦੀ ਵਾਪਰੀ ਸਭ ਤੋਂ ਵੱਡੀ ਘਟਨਾ ਹੈ। ਉਵੇਲਡ ਸ਼ਹਿਰ ਜਿਥੇ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਸੈਨ ਐਨਟੋਨੀਓ ਦੇ ਪੱਛਮ ਵਿਚ ਤਕਰੀਬਨ 85 ਮੀਲ ਦੂਰ ਸਥਿੱਤ ਹੈ ਤੇ ਸ਼ਹਿਰ ਦੀ ਆਬਾਦੀ 16000 ਦੇ ਆਸ ਪਾਸ ਹੈ। ਘਟਨਾ ਤੋਂ ਬਾਅਦ ਮਾਪਿਆਂ ਵਿਚ ਵਿਆਪਕ ਰੋਸ ਤੇ ਡਰ ਪਾਇਆ ਜਾ ਰਿਹਾ ਹੈ।
ਕੈਪਸ਼ਨ: 18 ਸਾਲਾ ਸਾਲਵਾਡੋਰ ਰੋਲਾਂਡੋ ਰਾਮੋਸ ਜਿਸਨੇ ਟੈਕਸਸ, ਉਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ ਚ ਕਥਿਤ ਤੌਰ 'ਤੇ ਆਪਣੀ ਦਾਦੀ, 19 ਵਿਦਿਆਰਥੀਆਂ ਅਤੇ 1 ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
Comments (0)