ਅਮਰੀਕਾ ਵਿਚ ਭਾਰਤੀ ਮੂਲ ਦੇ ਮਾਲਕ ਨੂੰ ਆਪਣੇ ਮੁਲਾਜ਼ਮਾਂ ਨੂੰ 69000 ਡਾਲਰ ਓਵਰ ਟਾਈਮ ਦੇ ਦੇਣ ਦੇ ਆਦੇਸ਼

ਅਮਰੀਕਾ ਵਿਚ ਭਾਰਤੀ ਮੂਲ ਦੇ ਮਾਲਕ ਨੂੰ ਆਪਣੇ ਮੁਲਾਜ਼ਮਾਂ ਨੂੰ 69000 ਡਾਲਰ ਓਵਰ ਟਾਈਮ ਦੇ ਦੇਣ ਦੇ ਆਦੇਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ 11 ਫਰਵਰੀ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਤਿੰਨ ਨਰਸਿੰਗ ਹੋਮਜ਼ ਦੇ ਮਾਲਕ ਤੇ ਸੰਚਾਲਕ ਭਾਰਤੀ ਮੂਲ ਦੇ ਇਕ ਵਿਅਕਤੀ ਵਲੋਂ ਕਿਰਤ ਨਿਯਮਾਂ ਦੀ ਉਲੰਘਣਾ ਕਰਕੇ ਆਪਣੇ ਮੁਲਾਜ਼ਮਾਂ ਨੂੰ ਓਵਰ ਟਾਈਮ ਨਾ ਦੇਣਾ ਦਾ ਮਾਮਲਾ ਸਾਹਮਣੇ ਆਇਆ ਹੈ। ਸੰਘੀ ਜਾਂਚ ਤੋਂ ਬਾਅਦ ਐਮੀ ਪਟੇਲ ਨਾਮੀ ਭਾਰਤੀ ਨੂੰ ਆਪਣੇ ਮੁਲਾਜ਼ਮਾਂ ਨੂੰ 69000 ਡਾਲਰ ਓਵਰ ਟਾਈਮ ਦੇ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਐਮੀ ਪਟੇਲ ਚੈਸਨਿੰਗ ਨਰਸਿੰਗ ਸੈਂਟਰ,ਬੀਕੋਨਸ਼ਾਇਰ ਨਰਸਿੰਗ ਸੈਂਟਰ ਤੇ   ਵੈਸਟ ਵੁੱਡ ਨਰਸਿੰਗ ਸੈਂਟਰ, ਡੈਟਰੋਇਟ ਦਾ ਮਾਲਕ ਤੇ ਸੰਚਾਲਕ ਹੈ। ਇਨਾਂ ਤਿੰਨ ਨਰਸਿੰਗ ਸੈਂਟਰਾਂ ਵਿਚ 45 ਮੁਲਾਜ਼ਮ ਮੈਨੇਜਰ ਵਜੋਂ ਕੰਮ ਕਰਦੇ ਹਨ। ਕਿਰਤ ਵਿਭਾਗ ਦੀ ਵੇਜ਼ ਐਂਡ ਆਵਰਜ਼ ਡਵੀਜ਼ਨ ਨੇ ਜਾਂਚ ਵਿਚ ਪਾਇਆ ਕਿ ਪਟੇਲ ਨੇ ਇਕ ਹਫਤੇ ਵਿਚ 40 ਘੰਟੇ ਤੋਂ ਘੱਟ ਕੰਮ ਕਰਨ 'ਤੇ ਆਪਣੇ ਮੈਨੇਜਰਾਂ ਨੂੰ ਪ੍ਰਤੀ ਘੰਟਾ ਮਜ਼ਦੂਰੀ ਦੇ ਹਿਸਾਬ ਨਾਲ ਅਦਾਇਗੀ ਕੀਤੀ ਤੇ 40 ਘੰਟੇ ਤੋਂ ਵਧ ਕੰਮ ਕਰਨ 'ਤੇ ਤਨਖਾਹ ਦੇ ਆਧਾਰ 'ਤੇ ਅਦਾਇਗੀ ਕੀਤੀ। ਟਿਮੋਲਿਨ ਮਿਸ਼ੈਲ, ਡਿਸਟ੍ਰਿਕਟ ਡਾਇਰੈਕਟਰ ਆਫ ਵੇਜ਼ ਐਂਡ ਆਵਰਜ਼ ਡਵੀਜਨ ਡੈਟਰੋਇਟ ਨੇ ਕਿਹਾ ਹੈ ਕਿ ਮਾਲਕ ਮੰਨਮਾਨੇ ਢੰਗ ਨਾਲ ਆਪਣੇ ਮੁਲਾਜ਼ਮਾਂ ਨੂੰ ਕੁਝ ਹਫਤਿਆਂ ਦੀ ਅਦਾਇਗੀ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇ ਕੁਝ ਹੋਰ ਹਫਤਿਆਂ ਦੀ ਅਦਾਇਗੀ ਤਨਖਾਹ ਦੇ ਆਧਾਰ 'ਤੇ ਕਰਨ ਦਾ ਨਿਰਨਾ ਨਹੀਂ ਲੈ ਸਕਦਾ। ਅਜਿਹਾ ਕਰਕੇ ਪਟੇਲ ਨੇ ਸਪਸ਼ਟ ਤੌਰ 'ਤੇ ਸੰਘੀ ਨਿਯਮਾਂ ਦੀ ਉਲੰਘਣਾ ਕੀਤੀ ਹੈ।