ਅਮਰੀਕਾ ਵਿਚ ਦੋ ਵਿਦਿਆਰਥਣਾਂ ਵੱਲੋਂ ਕਾਲੀ ਵਿਦਿਆਰਥਣ ਉਪਰ ਕਾਲਾ ਪੇਂਟ ਮਲਣ ਤੇ ਨਸਲੀ ਟਿੱਪਣੀਆਂ ਕਰਨ ਦੀ ਵੀਡੀਓ ਵਾਇਰਲ

ਅਮਰੀਕਾ ਵਿਚ ਦੋ ਵਿਦਿਆਰਥਣਾਂ ਵੱਲੋਂ ਕਾਲੀ ਵਿਦਿਆਰਥਣ ਉਪਰ ਕਾਲਾ ਪੇਂਟ ਮਲਣ ਤੇ ਨਸਲੀ ਟਿੱਪਣੀਆਂ ਕਰਨ ਦੀ ਵੀਡੀਓ ਵਾਇਰਲ
ਕੈਪਸ਼ਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ , ਕੈਲੀਫੋਰਨੀਆ 11 ਫਰਵਰੀ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ  ਫਿਲਾਡੈਲਫੀਆ ਦੇ ਇਕ ਹਾਈ ਸਕੂਲ ਦੀਆਂ ਦੋ ਵਿਦਿਆਰਥਣਾਂ ਵੱਲੋਂ ਇਕ ਕਾਲੀ ਵਿਦਿਆਰਥਣ ਦੇ ਚੇਹਰੇ ਉਪਰ ਕਾਲੇ ਰੰਗ ਦੀ ਸਪਰੇਅ ਕਰਨ ਤੇ ਨਸਲੀ ਟਿੱਪਣੀਆਂ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਹੈ ਕਿ ਦੋਸ਼ੀ ਵਿਦਿਆਰਥੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋਵੇਗੀ। ਇਹ ਵੀਡੀਓ ਸਕੂਲ ਤੋਂ ਬਾਹਰ ਬਣਾਈ ਗਈ ਹੈ। ਚੀਫ ਕਮਿਊਨੀਕੇਸ਼ਨ ਅਫਸਰ ਫਿਲਾਡੈਲਫੀਆ ਕੈਨਥ ਏ ਗਾਵਿਨ ਅਨੁਸਾਰ ਵੀਡੀਓ ਵਿਚਲੀਆਂ ਦੋ ਲੜਕੀਆਂ ਸੇਂਟ ਹੁਬਰਟ ਕੈਥੋਲਿਕ ਹਾਈ ਸਕੂਲ ਫਾਰ ਗਰਲਜ਼ ਦੀਆਂ ਹਨ ਜਦ ਕਿ ਤੀਸਰੀ ਲੜਕੀ ਸਕੂਲ ਦੀ ਵਿਦਿਆਰਥਣ ਨਹੀਂ ਹੈ। ਉਨਾਂ ਕਿਹਾ ਕਿ ਲੜਕੀਆਂ ਦੇ ਵਿਵਹਾਰ ਨੂੰ ਵੇਖਦਿਆਂ ਅਨੁਸ਼ਾਸਨੀ ਕਾਰਵਾਈ ਤਹਿਤ ਉਨਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ ਤੇ ਕੌਂਸਲਿੰਗ ਲਈ ਭੇਜਿਆ ਜਾ ਸਕਦਾ ਜਾਂ ਫਿਰ ਸਕੂਲ ਵਿਚੋਂ ਕੱਢਿਆ ਵੀ ਜਾ ਸਕਦਾ ਹੈ। ਇਕ ਵੱਖਰੇ ਬਿਆਨ ਵਿਚ ਫਰੈਂਕਲਿਨ ਟਾਊਨ ਚਾਰਟਰ ਹਾਈ ਸਕੂਲ ਨੇ ਕਿਹਾ ਹੈ ਕਿ ਵੀਡੀਓ ਵਿਚ  ਨਜਰ ਆ ਰਹੀ ਸਕੂਲ ਦੀ ਸਾਬਕਾ ਵਿਦਿਆਰਥਣ ਜਾਂ ਹੋਰ ਕਿਸੇ ਵੀ ਵਿਦਿਆਰਥੀ ਜਿਸ ਨੇ ਅਜਿਹਾ ਭੱਦਾ ਵਿਵਿਹਾਰ ਕੀਤਾ ਹੈ, ਲਈ ਸਾਡੇ ਸਕੂਲ ਵਿਚ ਕੋਈ ਥਾਂ ਨਹੀਂ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿਚ ਇਕ ਲੜਕੀ ਇਕ ਹੋਰ ਲੜਕੀ ਦੇ ਚੇਹਰੇ 'ਤੇ ਕਾਲੇ ਰੰਗ ਦੀ  ਸਪਰੇਅ ਕਰਦੀ ਹੋਈ ਨਜਰ ਆ ਰਹੀ ਹੈ ਤੇ ਨਾਲ ਹੀ ਕਹਿੰਦੀ ਹੈ ਕਿ ਤੂੰ ਕਾਲੀ ਹੈ, ਤੂੰ ਆਪਣੀਆਂ ਜੜਾਂ ਬਾਰੇ ਜਾਣਦੀ ਹੈ, ਤੂੰ ਗੁਲਾਮ ਤੋਂ ਵਧ ਕੁਝ ਨਹੀਂ ਹੈ। ਵੀਡੀਓ ਵਿਚ ਹੋਰ ਲੋਕ ਇਸ ਮੌਕੇ ਹਸਦੇ ਹੋਏ ਸੁਣਾਈ ਦਿੰਦੇ ਹਨ। ਲੜਕੀ ਜਿਸ ਦੇ ਕਾਲਖ ਮਲੀ ਗਈ , ਉਹ ਇਸ ਦੇ ਜਵਾਬ ਵਿਚ ਕਹਿੰਦੀ ਹੈ ਕਿ ਹਾਂ ਮੈ ਕਾਲੀ ਹਾਂ ,ਮੈਨੂੰ ਇਸ ਉਪਰ ਮਾਣ ਹੈ।