ਕੈਲੀਫੋਰਨੀਆ ਦੇ 13 ਵੇਂ ਡਿਸਟ੍ਰਿਕਟ ਤੋਂ ਰਿਪਬਲੀਕਨ ਉਮੀਦਵਾਰ ਜੌਹਨ ਡੂਰਟੇ ਚੋਣ ਜਿੱਤੇ

ਕੈਲੀਫੋਰਨੀਆ ਦੇ 13 ਵੇਂ ਡਿਸਟ੍ਰਿਕਟ ਤੋਂ ਰਿਪਬਲੀਕਨ ਉਮੀਦਵਾਰ ਜੌਹਨ ਡੂਰਟੇ ਚੋਣ ਜਿੱਤੇ
ਰਿਪਬਲੀਕਨ ਉਮੀਦਵਾਰ ਜੌਹਨ ਡੂਰਟੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 4 ਦਸੰਬਰ (ਹੁਸਨ ਲੜੋਆ ਬੰਗਾ) - ਕੈਲੀਫੋਰਨੀਆ ਵਿਚ ਅਮਰੀਕੀ ਕਾਂਗਰਸ ਦੇ 13 ਵੇਂ ਡਿਸਟ੍ਰਿਕਟ ਤੋਂ ਰਿਪਬਲੀਕਨ ਉਮੀਦਵਾਰ ਜੌਹਨ ਡੂਰਟੇ ਚੋਣ ਜਿੱਤੇ ਗਏ ਹਨ। ਉਨਾਂ ਦੇ ਵਿਰੋਧੀ ਡੈਮੋਕਰੈਟਿਕ ਉਮੀਦਵਾਰ ਐਡਮ ਗੈਰੀ ਨੇ ਹਾਰ ਸਵਿਕਾਰ ਕਰ ਲਈ ਹੈ। ਗੈਰੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮੈ ਨਤੀਜਾ ਆਪਣੇ ਹੱਕ ਵਿਚ ਆਉਣ ਦੀ ਆਸ ਰਖਦਾ ਸੀ ਪਰੰਤੂ ਜੋ ਨਤੀਜਾ ਆਇਆ ਹੈ ਉਸ ਨੂੰ ਮੈ ਸਵਿਕਾਰ ਕਰਦਾ ਹਾਂ ਤੇ ਜੌਹਨ ਡੂਰਟੇ ਨੂੰ ਵਧਾਈ ਦਿੰਦਾ ਹਾਂ। ਇਸ ਤਰਾਂ ਹੁਣ ਪ੍ਰਤੀਨਿੱਧ ਸਦਨ ਵਿਚ ਰਿਪਬਲੀਕਨਾਂ ਦੀਆਂ 222 ਸੀਟਾਂ ਹੋ ਗਈਆਂ ਹਨ ਜਦ ਕਿ ਡੈਮੋਕਰੈਟਿਕ ਪਾਰਟੀ ਦੀਆਂ 213 ਸੀਟਾਂ ਹਨ ਪਰੰਤੂ ਵਿਰਜੀਨੀਆ ਦੇ ਡੈਮੋਕਰੈਟਿਕ ਉਮੀਦਵਾਰ ਡੋਨਲਡ ਮੈਕਈਚਿਨ ਦੀ ਜਿੱਤ ਉਪਰੰਤ ਹਾਲ ਹੀ ਵਿਚ ਹੋਈ ਮੌਤ ਦੇ ਸਿੱਟੇ ਵਜੋਂ ਪਾਰਟੀ ਦੀਆਂ 212 ਸੀਟਾਂ ਰਹਿ ਗਈਆਂ ਹਨ। ਇਸ ਸੀਟ ਉਪਰ ਵਿਸ਼ੇਸ਼ ਚੋਣ ਪ੍ਰੋਗਰਾਮ ਐਲਾਨਣ ਉਪਰੰਤ ਚੋਣ ਹੋਵੇਗੀ। ਇਥੇ ਜਿਕਰਯੋਗ ਹੈ ਕਿ 2020 ਵਿਚ 2022 ਦੇ ਉਲਟ ਨਤੀਜੇ ਆਏ ਸਨ। ਉਸ ਸਮੇ ਡੈਮੋਕਰੈਟਿਕ ਪਾਰਟੀ ਨੇ 222 ਤੇ ਰਿਪਬਲੀਕਨ ਪਾਰਟੀ ਨੇ 213 ਸੀਟਾਂ ਜਿੱਤੀਆਂ ਸਨ।