ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਕੀਤਾ ਪੇਸ਼ , ਗ੍ਰਿਫਤਾਰੀ ਉਪਰੰਤ ਬਾਂਡ ਭਰਨ 'ਤੇ ਹੋਈ ਰਿਹਾਈ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਕੀਤਾ ਪੇਸ਼ , ਗ੍ਰਿਫਤਾਰੀ ਉਪਰੰਤ ਬਾਂਡ ਭਰਨ 'ਤੇ ਹੋਈ ਰਿਹਾਈ
ਕੈਪਸ਼ਨ ਸਾਬਕਾ ਰਾਸ਼ਟਰਪਤੀ ਦੀ ਗ੍ਰਿਫਤਾਰੀ ਮੌਕੇ ਫੁਲਟੋਨ ਕਾਊਂਟੀ ਸ਼ੈਰਿਫ ਦਫਤਰ ਵੱਲੋਂ ਜਾਰੀ ਕੀਤੀ ਗਈ ਇਕ ਤਸਵੀਰ

ਮਾਮਲਾ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਉਲਟਾਉਣ ਦੀ ਕੋਸ਼ਿਸ਼-

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ 2020 ਦੀਆਂ ਆਮ ਚੋਣਾਂ ਦੇ ਨਤੀੇਜੇ ਉਲਟਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਆਪਣੇ ਆਪ ਨੂੰ ਫੁਲਟੋਨ ਕਾਊਂਟੀ ਜੇਲ ਜਾਰਜੀਆ ਵਿੱਚ ਗ੍ਰਿਫਤਾਰੀ ਲਈ ਪੇਸ਼ ਕੀਤਾ ਜਿਥੇ ਪੁਲਿਸ ਅਫਸਰਾਂ ਨੇ ਉਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ 200000 ਡਾਲਰ ਦੇ ਬਾਂਡ ਭਰਨ 'ਤੇ ਰਿਹਾਅ ਕਰ ਦਿੱਤਾ। ਸਾਬਕਾ ਰਾਸ਼ਟਰਪਤੀ ਅਮਰੀਕੀ ਸਮੇ ਅਨੁਸਾਰ ਵੀਰਵਾਰ ਸ਼ਾਮ ਨੂੰ ਤਕਰੀਬਨ 7.30 ਵਜੇ ਫੁਲਟੋਨ ਕਾਊਂਟੀ ਜੇਲ ਵਿਚ ਪੇਸ਼ ਹੋਏ ਜਿਥੇ ਪੁਲਿਸ ਅਫਸਰਾਂ ਨੇ ਹੋਰ ਕੈਦੀਆਂ ਵਾਂਗ ਹੀ ਉਨਾਂ ਦੀਆਂ ਉਂਗਲੀਆਂ ਦੇ ਨਿਸ਼ਾਨ ਲਏ ਤੇ ਤਸਵੀਰ ਖਿੱਚੀ। ਹਾਲਾਂ ਕਿ ਉਨਾਂ ਦੇ ਸਹਿ ਦੋਸ਼ੀਆਂ ਨੂੰ ਆਤਮ ਸਮਰਪਣ ਕਰਨ ਮੌਕੇ ਜੇਲ ਵਿਚ ਕਾਫੀ ਸਮਾਂ ਰਹਿਣਾ ਪਿਆ ਸੀ ਪਰੰਤੂ ਸਾਬਕਾ ਰਾਸ਼ਟਰਪਤੀ ਦੀ ਗ੍ਰਿਫਤਾਰੀ ਤੇ ਰਿਹਾਈ ਲਈ ਕੇਵਲ 20 ਮਿੰਟ ਹੀ ਲੱਗੇ। ਇਸ ਤੋਂ ਬਾਅਦ ਬੈੱਡਮਿੰਸਟਰ,ਨਿਊਜਰਸੀ ਜਾਣ ਲਈ ਉਹ ਹਰਟਸਫੀਲਡ-ਜੈਕਸਨ ਐਟਲਾਂਟਾ ਇੰਟਰਨੈਸ਼ਨਲ ਏਅਰਪੋਰਟ ਲਈ ਰਵਾਨਾ ਹੋ ਗਏ। ਜੇਲ ਵਿਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਦੇ ਸਮਰਥਕ ਉਨਾਂ ਦੀ ਉਡੀਕ ਵਿੱਚ ਕਈ ਘੰਟੇ ਜੇਲ ਦੇ ਬਾਹਰ ਖੜੇ ਰਹੇ। ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਜੇਲ ਦੇ ਬਾਹਰ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ।