ਅਮਰੀਕੀ ਮੈਡੀਕਲ ਖੋਜ਼ੀਆਂ ਵੱਲੋਂ ਬਿਮਾਰੀ ਦੀ ਗਲਤ ਪਛਾਣ ਵਿਰੁੱਧ ਚਿਤਾਵਨੀ

ਅਮਰੀਕੀ ਮੈਡੀਕਲ ਖੋਜ਼ੀਆਂ ਵੱਲੋਂ ਬਿਮਾਰੀ ਦੀ ਗਲਤ ਪਛਾਣ ਵਿਰੁੱਧ ਚਿਤਾਵਨੀ

ਲੱਖਾਂ ਅਮਰੀਕੀਆਂ ਦੀ ਸਹੀ ਬਿਮਾਰੀ ਦੀ ਪਛਾਣ ਨਾ ਹੋਣ ਕਾਰਨ ਹੁੰਦੀ ਹੈ ਮੌਤ ਜਾਂ ਹੋ ਰਹੇ ਹਨ ਅਪਾਹਜ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਡਾਕਟਰੀ ਖੇਤਰ ਦੇ ਚੋਟੀ ਦੇ ਖੋਜ਼ੀਆਂ ਨੇ ਬਿਮਾਰੀ ਦੀ ਸਹੀ ਪਛਾਣ ਨਾ ਹੋਣ ਕਾਰਨ ਗਲਤ ਦਵਾਈ ਦੇਣ ਦੇ ਸਿੱਟੇ ਵਜੋਂ ਹੁੰਦੀਆਂ ਮੌਤਾਂ ਵਿਰੁੱਧ ਚਿਤਾਵਨੀ ਦਿੱਤੀ ਹੈ। ਇਨਾਂ ਖੋਜ਼ੀਆਂ ਨੇ ਕਿਹਾ ਹੈ ਕਿ ਇਕ ਅਨੁਮਾਨ ਅਨੁਸਾਰ ਹਰ ਸਾਲ 7,95,000 ਅਮਰੀਕੀ ਮਰੀਜ਼ ਮਰ ਰਹੇ ਹਨ ਜਾਂ ਸਥਾਈ ਤੌਰ 'ਤੇ ਅਪਾਹਜ਼ ਹੋ ਰਹੇ ਹਨ ਕਿਉਂਕਿ ਉਨਾਂ ਦੀ ਬਿਮਾਰੀ ਦੀ ਪਛਾਣ ਕਰਨ ਵਿੱਚ ਗਲਤੀ ਹੋ ਰਹੀ ਹੈ। ਉਨਾਂ ਦੀ ਬਿਮਾਰੀ ਦੀ ਪਛਾਣ ਗਲਤ ਹਾਲਾਤ ਵਿਚ ਕੀਤੀ ਗਈ ਹੈ। ਜੌਹਨਜ ਹੋਪਕਿਨਜ ਆਰਮਸਟਰਾਂਗ ਇੰਸਟੀਚਿਊਟ ਸੈਂਟਰ ਫਾਰ ਡਾਇਆਗਨੋਸਟਿਕ ਐਕਸੇਲੈਂਸ ਵੱਲੋਂ ਜਾਰੀ ਨਵੀਂ ਰਿਪੋਰਟ ਵਿਚ ਉਕਤ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਹੈ ਕਿ ਕਈ ਸਾਲਾਂ ਤੱਕ 'ਮੈਡੀਕਲ ਮਿਸਡਾਇਆਗਨੋਜ' ਜੋ ਅਮਰੀਕਾ ਵਿਚ ਹੁੰਦਾ ਰਿਹਾ ਹੈ, ਬਾਰੇ ਆਮ ਲੋਕ ਜਿਆਦਾ ਨਹੀਂ ਜਾਣਦੇ ਸਨ। ਹੁਣ ਇਸ ਬਾਰੇ ਡੂੰਘਾਈ ਤੱਕ ਖੋਜ਼ ਕਰਕੇ ਸਿੱਟੇ ਕੱਢੇ ਗਏ ਹਨ। ਰਿਪੋਰਟ ਅਨੁਸਾਰ ਇਕ ਅਨੁਮਾਨ ਅਨੁਸਾਰ ਸਹੀ ਬਿਮਾਰੀ ਲਈ ਦਵਾਈ ਨਾ ਦੇਣ ਕਾਰਨ ਹਰ ਸਾਲ 3,71,000 ਮਰੀਜ਼ ਮਰ ਜਾਂਦੇ ਹਨ ਜਾਂ ਸਥਾਈ ਤੌਰ 'ਤੇ ਅਪਾਹਜ਼ ਹੋ ਜਾਂਦੇ ਹਨ। ਅਜਿਹਾ ਨਾ ਕੇਵਲ ਸਿਹਤ ਸੰਭਾਲ ਵਿਵਸਥਾ ਵਿਚ ਹੋ ਰਿਹਾ ਹੈ ਬਲਕਿ ਪਰਿਵਾਰਕ ਡਾਕਟਰ ਵੀ ਗਲਤ ਬਿਮਾਰੀ ਦਾ ਇਲਾਜ਼ ਕਰ ਰਹੇ ਹਨ ਜਿਸ ਕਾਰਨ ਮਰੀਜ਼ ਠੀਕ ਹੋਣ ਦੀ ਥਾਂ ਹੋਰ ਬਿਮਾਰ ਹੋ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਨੁਮਾਨਤ ਅੰਕੜੇ ਪਹਿਲਾਂ ਹੋਏ ਅਨੇਕਾਂ ਅਧਿਅਨਾਂ 'ਤੇ ਅਧਾਰਤ ਹਨ ਜੋ ਅਧਿਅਨ ਐਂਬੂਲੇਟਰੀ ਕਲੀਨਿਕਸ ਤੇ ਐਮਰਜੈਂਸੀ ਵਿਭਾਗਾਂ ਦੁਆਰਾ ਅਤੇ ਮਰੀਜ਼ਾਂ ਦੇ ਇਲਾਜ਼ ਦੌਰਾਨ ਬਿਮਾਰੀ ਦੀ ਗਲਤ ਪਛਾਣ ਬਾਰੇ ਕੀਤੇ ਗਏ ਹਨ। ਰਿਪੋਰਟ ਵਿਚ ਡਾ ਡੇਵਿਡ ਨਿਊਮੈਨ ਟੋਕਰ ਡਾਇਰੈਕਟਰ ਜੌਹਨਜ ਹੋਪਕਿਨਜ ਡਾਇਆਗਨੋਸਟਿਕ ਐਕਸੇਲੈਂਸ ਸੈਂਟਰ ਨੇ ਕਿਹਾ ਹੈ ਕਿ ਗਲਤ ਬਿਮਾਰੀ ਦੀ ਪਛਾਣ ਦੇ ਜਿਆਦਾਤਰ ਮਾਮਲੇ ਪਬਲਿਕ ਹੈਲਥ ਐਮਰਜੈਂਸੀ ਨਾਲ ਸਬੰਧਤ ਹਨ। ਉਨਾਂ ਕਿਹਾ ਕਿ ਬਿਮਾਰੀ ਦੀ ਪਛਾਣ ਬਾਰੇ ਗਲਤੀ ਦਾ ਘੇਰਾ ਵਿਆਪਕ ਹੈ ਜਿਸ ਦਾ ਸਾਹਮਣਾ ਅਸੀਂ ਕਰ ਰਹੇ ਹਾਂ। ਟੋਕਰ ਨੇ ਕਿਹਾ ਹੈ ਕਿ ਡਾਕਟਰੀ ਪੇਸ਼ਾਵਰ ਹਮੇਸ਼ਾਂ ਬਿਮਾਰੀ ਦਾ ਗਲਤ ਅਨੁਮਾਨ ਉਸ ਵੇਲੇ ਲਾਉਂਦੇ ਹਨ ਜਦੋਂ ਕਿਸੇ ਵਿਅਕਤੀ ਦੀ ਬਿਮਾਰੀ ਦੇ ਲੱਛਣ ਸੰਭਾਵੀ ਉਨਾਂ ਲੱਛਣਾਂ ਵਰਗੇ ਹੁੰਦੇ ਹਨ ਜੋ ਵੱਖਰੇ ਹਾਲਾਤ ਦੀ ਦੇਣ ਹੁੰਦੇ ਹਨ। ਉਨਾਂ ਕਿਹਾ ਕਿ ਜਿੰਨੇ ਜਿਆਦਾ ਲੱਛਣ ਕਠਿਨ ਪ੍ਰਤੀਤ ਹੁੰਦੇ ਹਨ ਓਨੀ ਹੀ ਬਿਮਾਰੀ ਦੀ ਪਛਾਣ ਵਿੱਚ ਗਲਤੀ ਦੀ ਸੰਭਾਵਨਾ ਵਧ ਜਾਂਦੀ ਹੈ ਤੇ ਮਰੀਜ਼ ਦੀ ਸਮੱਸਿਆ ਦਾ ਇਲਾਜ਼ ਗਲਤ ਦਵਾਈ ਨਾਲ ਹੋਣ ਦੀ ਸੰਭਾਵਨਾ ਹੁੰਦੀ ਹੈ। ਰਿਪੋਰਟ ਅਨੁਸਾਰ ਸਮੁੱਚੇ ਤੌਰ 'ਤੇ ਬਿਮਾਰੀ ਦੀ ਗਲਤ ਪਛਾਣ ਦੇ ਮਾਮਲੇ ਤਕਰੀਬਨ 11% ਹਨ। ਗਲਤ ਬਿਮਾਰੀ ਦੀ ਪਛਾਣ ਦੇ ਕੇਵਲ 1.5% ਮਾਮਲੇ ਦਿੱਲ ਦੀ ਬਿਮਾਰੀ ਨਾਲ ਸਬੰਧਤ ਹਨ ਜਦ ਕਿ ਰੀਡ ਦੀ ਹੱਡੀ ਦੇ 62% ਮਾਮਲਿਆਂ ਵਿਚ ਬਿਮਾਰੀ ਦੀ ਪਛਾਣ ਗਲਤ ਹੁੰਦੀ ਹੈ। ਟੋਕਰ ਨੇ ਕਿਹਾ ਕਿ ਦਿੱਲ ਦੀ ਬਿਮਾਰੀ ਦੀ ਗਲਤ ਪਛਾਣ ਦੀ ਦਰ ਇਸ ਲਈ ਘੱਟ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਇਸ ਖੇਤਰ ਵਿਚ ਅਸੀਂ ਠੋਸ ਨਿਵੇਸ਼ ਕੀਤਾ ਹੈ ਜਿਸ ਕਾਰਨ ਬਿਮਾਰੀ ਦੀ ਪਛਾਣ ਦੇ ਬੇਹਤਰ ਸਾਧਨ ਵਿਕਸਤ ਹੋਏ ਹਨ।