ਡੈਨਵਰ ਖੇਤਰ ਵਿਚ ਗੋਲੀਆਂ ਮਾਰ ਕੇ 5 ਦੀ ਹੱਤਿਆ

ਡੈਨਵਰ ਖੇਤਰ ਵਿਚ ਗੋਲੀਆਂ ਮਾਰ ਕੇ 5 ਦੀ ਹੱਤਿਆ

  *ਪੁਲਿਸ ਅਧਿਕਾਰੀ ਸਮੇਤ ਦੋ ਜ਼ਖਮੀ

  * ਹਮਲਾਵਰ ਵੀ ਮਾਰਿਆ ਗਿਆ

    ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਡੈਨਵਰ ਖੇਤਰ ਵਿਚ ਇਕ ਵਿਅਕਤੀ ਵੱਲੋਂ ਵੱਖ ਵੱਖ ਥਾਵਾਂ 'ਤੇ ਕੀਤੀ ਗਈ ਗੋਲੀਬਾਰੀ ਵਿਚ 5 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਤਿੰਨ ਮ੍ਰਿਤਕਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ਵਿਚ ਅਲੀਸੀਆ ਕਾਰਡਨਜ, ਡੈਨੀ ਸ਼ੋਫੀਲਡ (38) ਤੇ ਸਾਰਾਹ ਸਟੈਕ (28) ਸ਼ਾਮਿਲ ਹਨ। ਸਟੈਕ ਹਈਆਤ ਹੋਟਲ ਵਿਚ ਕਲਰਕ ਸੀ। ਪੁਲਿਸ ਨੇ ਮਾਰੇ ਗਏ ਦੋ ਵਿਅਕਤੀਆਂ ਦੇ ਨਾਂ ਜਾਰੀ ਨਹੀਂ ਕੀਤੇ। ਬਾਅਦ ਵਿਚ ਪੁਲਿਸ ਨਾਲ ਹੋਈ ਝੜਪ ਵਿਚ 47 ਸਾਲਾ ਹਮਲਾਵਰ ਲਿੰਡਨ ਜੇਮਜ ਮੈਕਲੀਓਡ ਵੀ ਮਾਰਿਆ  ਗਿਆ। ਗੋਲੀਬਾਰੀ ਵਿਚ ਇਕ ਪੁਲਿਸ ਅਧਿਕਾਰੀ ਸਮੇਤ ਦੋ ਲੋਕ ਜ਼ਖਮੀ ਵੀ ਹੋਏ ਹਨ। ਜਿਨ੍ਹਾਂ ਦੀ ਹਾਲਤ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਹ ਜਾਣਕਾਰੀ ਡੈਨਵਰ ਤੇ ਲੇਕਵੁੱਡ ਪੁਿਲਸ ਨੇ ਇਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ। ਡੈਨਵਰ ਦੇ ਪੁਲਿਸ ਮੁੱਖੀ ਪਾਲ ਪੇਜ਼ਨ ਨੇ ਕਿਹਾ ਕਿ ਲੜੀਵਾਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਵੱਖ ਵੱਖ ਥਾਵਾਂ 'ਤੇ ਵਾਪਰੀਆਂ ਤੇ ਆਖਿਰ ਲੇਕਵੁੱਡ ਨੇੜੇ ਸਮਾਪਤ ਹੋਈਆਂ ਜਿਥੇ ਹਮਲਾਵਰ ਪੁਲਿਸ ਹੱਥੋਂ ਮਾਰਿਆ ਗਿਆ।