ਵਾਸ਼ਿੰਗਟਨ ਵਿਖੇ 7 ਹਾਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ   

ਵਾਸ਼ਿੰਗਟਨ ਵਿਖੇ 7 ਹਾਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ    

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ  : ਵਾਸ਼ਿੰਗਟਨ ਡੀ.ਸੀ. ਵਿਚ 7 ‘ਪਬਲਿਕ ਹਾਈ ਸਕੂਲਾਂ’ ਬੁੱਧਵਾਰ ਦੁਪਹਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਉਨ੍ਹਾਂ ਨੂੰ ਖਾਲ੍ਹੀ ਕਰਵਾ ਲਿਆ ਗਿਆ। ਹਾਲਾਂਕਿ ਪੁਲਸ ਨੂੰ ਕਿਤੇ ਵੀ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ। ਮੈਟਰੋਪੋਲੀਟਨ ਪੁਲਸ ਡਿਪਾਰਟਮੈਂਟ ਨੇ ਘੋਸ਼ਣਾ ਕੀਤੀ ਕਿ 7 ਸਕੂਲਾਂ- ਡਨਬਰ ਹਾਈ ਸਕੂਲ, ਥੀਓਡੋਰ ਰੂਜ਼ਵੈਲਟ ਹਾਈ ਸਕੂਲ, ਰੌਨ ਬ੍ਰਾਊਨ ਹਾਈ ਸਕੂਲ, ਕੇ.ਆਈ.ਪੀ.ਪੀ. ਡੀਸੀ ਕਾਲਜ ਪ੍ਰੈਪਰੇਟਰੀ, ਆਈਡੀਆ ਪਬਲਿਕ ਚਾਰਟਰ ਸਕੂਲ, ਸੀਡ ਪਬਲਿਕ ਚਾਰਟਰ ਸਕੂਲ ਅਤੇ ਮੈਕਕਿਨਲੇ ਟੈਕ ਹਾਈ ਸਕੂਲ ਨੂੰ ਫੋਨ ’ਤੇ ਧਮਕੀ ਦਿੱਤੀ ਗਈ ਸੀ।

ਏਏਐਮ.ਪੀ.ਡੀ. ਨੇ ਟਵਿੱਟਰ ’ਤੇ ਦੱਸਿਆ ਕਿ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਇਮਾਰਤ ਦੀ ਤਲਾਸ਼ੀ ਲਈ ਗਈ। “ਕੋਈ ਖ਼ਤਰਨਾਕ ਸਮੱਗਰੀ ਨਹੀਂ ਮਿਲੀ।” ਇਨ੍ਹਾਂ ਤੋਂਂਇਲਾਵਾ ਇਕ ਹੋਰ ਸਕੂਲ ‘ਫਰੈਂਡਸ਼ਿਪ ਪਬਲਿਕ ਚਾਰਟਰ ਸਕੂਲ’ ਨੂੰ ਵੀ ਧਮਕੀਂ ਮਿਲੀ ਸੀ, ਪਰ ਉਹ ਸਕੂਲ ਬੰਦ ਸੀ। ਇਸ ਤੋਂ ਇਕ ਦਿਨ ਪਹਿਲਾਂ ‘ਡਨਬਰ ਹਾਈ ਸਕੂਲ’ ਵਿਚ ‘ਬਲੈਕ ਹਿਸਟਰੀ ਮੰਥ’ ਪ੍ਰੋਗਰਾਮ ਦੌਰਾਨ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪ੍ਰੋਗਰਾਮ ਵਿਚ ਆਏ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਡਗ ਐਮਹੋਫ ਨੂੰ ਜਲਦ ਉਥੋਂ ਬਾਹਰ ਕੱਢਿਆ ਗਿਆ ਸੀ।

ਐਮ.ਪੀ.ਡੀ. ਨੇ ਦੱਸਿਆ ਕਿ ਉਹ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ.) ਅਤੇ ਅਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ ਬਿਊਰੋ ਵਿਚ ‘ਆਪਣੇ ਫੈਡਰਲ ਭਾਈਵਾਲਾਂ ਦੀ ਮਦਦ ਨਾਲ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ।’ ਡੀ.ਸੀ. ਪਬਲਿਕ ਸਕੂਲਾਂ ਦੇ ਚਾਂਸਲਰ ਲੁਈਸ ਫੇਰੇਬੀ ਨੇ ਇਨ੍ਹਾਂ ਧਮਕੀਆਂ ਨੂੰ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਕਰਾਰ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ। ਇਕ ਬਿਆਨ ਵਿਚ ਫੇਰੇਬੀ ਨੇ ਕਿਹਾ, ‘ਸਕੂਲਾਂ, ਵਿਦਿਆਰਥੀਆਂ ਜਾਂ ਕਰਮਚਾਰੀਆਂ ਨੂੰ ਪੇਸ਼ ਹੋਣ ਵਾਲੇ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਸਕੂਲ ਪ੍ਰਣਾਲੀ ਐਮ.ਪੀ.ਡੀ. ਨਾਲ ਮਿਲ ਕੇ ਕੰਮ ਕਰੇਗੀ।’