ਦਰਬਾਰ ਸਾਹਿਬ ਦੀ ਵਿਰਾਸਤ ਨਾਲ ਹੋ ਰਿਹੈ ਖਿਲਵਾੜ

ਦਰਬਾਰ ਸਾਹਿਬ ਦੀ ਵਿਰਾਸਤ ਨਾਲ ਹੋ ਰਿਹੈ ਖਿਲਵਾੜ

*ਬੰਦ ਕੀਤੀਆਂ ਬਾਰੀਆਂ ਨਾਲ ਕੀਰਤਨ ਦੇ ਆਨੰਦ ਵਿਚ ਪਈ ਖ਼ਲਲ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ:ਦਰਬਾਰ  ਸਾਹਿਬ ਵਿਖੇ  ਇਮਾਰਤ ਦੇ ਨਾਲ ਵੀ ਪ੍ਰਬੰਧਕਾਂ ਵੱਲੋਂ ਛੇੜਛਾੜ ਸ਼ੁਰੂ ਕਰ ਦਿੱਤੀ ਗਈ ਹੈ। ਜਿੱਥੇ ਪ੍ਰਬੰਧਕਾਂ ਵੱਲੋਂ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਰੋਕਣ ਲਈ ਜੰਗਲੇ ਲਗਾਏ ਜਾ ਰਹੇ ਹਨ, ਉੱਥੇ ਹੀ ਹੁਣ  ਦਰਬਾਰ ਸਾਹਿਬ ਦੀਆਂ ਉੱਪਰਲੀ ਮੰਜ਼ਿਲ ਦੀਆਂ ਮੁੱਖ ਬਾਰੀਆਂ ਨੂੰ ਵੀ ਸ਼ੀਸ਼ਿਆਂ ਨਾਲ ਬੰਦ ਕਰ ਦਿੱਤਾ ਗਿਆ ਹੈ। ਬਾਰੀਆਂ ਬੰਦ ਕਰਨ ਨਾਲ ਜਿੱਥੇ ਦਰਬਾਰ ਸਾਹਿਬ ਵਿਖੇ ਹੋਣ ਵਾਲੇ ਕੀਰਤਨ ਦੀ ਧੁਨੀ ਨੂੰ ਰੋਕ ਦਿੱਤਾ ਗਿਆ, ਉੱਥੇ ਹੀ ਸੰਗਤਾਂ ਨੂੰ ਸੁਣਨ ਵਿਚ ਕੀਰਤਨ ਦੇ ਆਨੰਦ ਵਿਚ ਵੀ ਖ਼ਲਲ ਪੈ ਰਿਹਾ ਹੈ।ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵੱਲੋਂ ਜਦੋਂ ਸੱਚਖੰਡ ਦੀ ਇਮਾਰਤ ਤਿਆਰ ਕਰਵਾਈ ਗਈ, ਉਦੋਂ ਇੱਥੇ ਹੋਣ ਵਾਲੇ ਕੀਰਤਨ ਦੀ ਧੁਨੀ ਦੇ ਫੈਲਾਅ ਨੂੰ ਧਿਆਨ ਵਿਚ ਰੱਖਦਿਆਂ ਬੂਹੇ, ਬਾਰੀਆਂ, ਪਿੱਲਰਾਂ ਆਦਿ ਦੇ ਨਿਰਮਾਣ ਤੇ ਆਕਾਰ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਗਿਆ ਸੀ। ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਵਾਲੇ ਰਾਗੀਆਂ ਲਈ ਕਿਸੇ ਵੀ ਸਾਊਂਡ ਸਿਸਟਮ ਦੀ ਵਰਤੋਂ ਤੋਂ ਪਹਿਲਾਂ ਵੀ ਕੀਰਤਨ ਦਾ ਆਨੰਦ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਸਰੋਵਰ ਦੇ ਕਿਨਾਰੇ ਪਰਿਕਰਮਾ ਵਿਚ ਵੀ ਸੰਗਤਾਂ ਇਕਾਗਰ ਚਿੱਤ ਹੋ ਕੇ ਮਾਣਦੀਆਂ ਸਨ। ਜਿਸ ਤੋਂ ਬਾਅਦ ਭਾਵੇਂ ਸਮੇਂ ਦੇ ਬਦਲਾਅ ਨੂੰ ਦੇਖਦਿਆਂ ਸਾਊਂਡ ਸਿਸਟਮ ਲਗਾ ਕੇ ਵੱਖ-ਵੱਖ ਇਮਾਰਤਾਂ ਵਿਚ ਵੀ ਕੀਰਤਨ ਦੀ ਆਵਾਜ਼ ਨੂੰ ਸੰਗਤ ਤੱਕ ਪਹੁੰਚਾਇਆ ਗਿਆ, ਪਰ ਸੱਚਖੰਡ ਦਰਬਾਰ ਸਾਹਿਬ ਦੀ ਇਮਾਰਤ ਨਾਲ ਛੇੜ-ਛਾੜ ਨਹੀਂ ਕੀਤੀ ਗਈ।  ਮੌਜੂਦਾ ਪ੍ਰਬੰਧਕਾਂ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਜਿੱਥੇ ਵੱਖ-ਵੱਖ ਥਾਵਾਂ 'ਤੇ ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ ਜੰਗਲੇ ਲਗਾਏ ਗਏ ਹਨ, ਉੱਥੇ ਹੀ ਦਰਬਾਰ ਸਾਹਿਬ ਦੀ ਉੱਪਰਲੀ ਮੰਜ਼ਿਲ ਦੀਆਂ ਅੰਦਰਲੀਆਂ ਦਰਸ਼ਨ ਕਰਨ ਵਾਲੀਆਂ ਬਾਰੀਆਂ ਨੂੰ ਵੀ ਸ਼ੀਸ਼ੇ ਲਾ ਕੇ ਬੰਦ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਦਰਬਾਰ ਸਾਹਿਬ ਵਿਖੇ ਅਨਹਦ ਨਾਦ ਕੀਰਤਨ ਦੀ ਧੁਨੀ ਵਿਚ ਖ਼ਲਲ ਪੈ ਰਿਹਾ ਹੈ ਅਤੇ ਜਿਹੜਾ ਆਨੰਦ ਪਹਿਲਾਂ ਸੰਗਤਾਂ ਨੂੰ ਕੀਰਤਨ 'ਵਿਚ ਆਉਂਦਾ ਸੀ, ਉਹ ਹੁਣ ਨਹੀਂ ਮਿਲ ਰਿਹਾ।

ਇਸ ਨਾਲ ਛੇੜ-ਛਾੜ ਕਰਨ ਤੋਂ ਪਹਿਲਾਂ ਸਿੱਖ ਬੁੱਧੀਜੀਵੀਆਂ ਅਤੇ ਇਮਾਰਤਸਾਜ਼ੀਆਂ ਦੀ ਰਾਇ ਲੈਣ ਤੋਂ ਬਾਅਦ ਹੀ ਇਸ ਵਿਚ ਕੋਈ ਤਬਦੀਲੀ ਕਰਨ ਬਾਰੇ ਸੋਚਿਆ ਜਾਣਾ ਚਾਹੀਦਾ ਹੈ।  ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ ਨੇ ਕਿਹਾ ਕਿ ਜੇਕਰ ਬਾਰੀਆਂ ਵਿਚ ਸ਼ੀਸ਼ੇ ਲਾਉਣ ਨਾਲ ਕੋਈ ਮੁਸ਼ਕਲ ਆਵੇਗੀ ਤਾਂ ਇਸ ਨੂੰ ਹਟਾ ਕੇ ਕੋਈ ਹੋਰ ਪ੍ਰਬੰਧ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਨੂੰ ਦੇਖਦਿਆਂ ਹੋਇਆਂ ਹੀ ਬਾਰੀਆਂ ਵਿੱਚ ਸ਼ੀਸ਼ੇ ਲਗਾਏ ਗਏ ਹਨ।