ਨਿਊਜਰਸੀ ਨਿਵਾਸੀ ਵਿਰੁੱਧ ਯਹੂਦੀਆਂ 'ਤੇ ਹਮਲੇ ਦੇ ਮਾਮਲੇ 'ਚ ਨਫਰਤੀ ਅਪਰਾਧ ਦੇ ਦੋਸ਼ ਆਇਦ

ਨਿਊਜਰਸੀ ਨਿਵਾਸੀ ਵਿਰੁੱਧ ਯਹੂਦੀਆਂ 'ਤੇ ਹਮਲੇ ਦੇ ਮਾਮਲੇ 'ਚ ਨਫਰਤੀ ਅਪਰਾਧ ਦੇ ਦੋਸ਼ ਆਇਦ
ਕੈਪਸ਼ਨ: ਡੀਆਨ ਮਾਰਸ਼

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 21 ਅਪ੍ਰੈਲ (ਹੁਸਨ ਲੜੋਆ ਬੰਗਾ)-ਨਿਊਜਰਸੀ ਦੇ ਵਸਨੀਕ  ਡੀਆਨ  ਮਾਰਸ਼ ਵਿਰੁੱਧ ਆਰਥੋਡਾਕਸ ਯਹੂਦੀ ਭਾਈਚਾਰੇ ਨਾਲ ਸਬੰਧਿਤ ਲੋਕਾਂ ਉਪਰ ਹਿੰਸਕ ਹਮਲੇ ਕਰਨ ਦੇ ਮਾਮਲਿਆਂ ਵਿਚ ਨਫਰਤੀ ਅਪਰਾਧ ਦੇ ਦੋਸ਼ ਆਇਦ ਕੀਤੇ ਗਏ ਹਨ। ਇਸਤਗਾਸਾ ਪੱਖ ਨੇ ਦੋਸ਼ ਲਾਏ ਹਨ ਕਿ ਮਾਰਸ਼ ਨੇ ਇਕ ਦਿਨ ਵਿਚ 4 ਵਿਅਕਤੀਆਂ ਉਪਰ ਹਮਲਾ ਕੀਤਾ ਕਿਉਂਕਿ ਉਹ ਯਹੂਦੀ ਸਨ। ਨਿਊਜਰਸੀ ਯੂ ਐਸ ਅਟਾਰਨੀ ਫਿਲਿਪ ਆਰ ਸੈਲਿੰਗਰ ਨੇ ਕਿਹਾ ਹੈ ਕਿ ਮਾਰਸ਼ ਨੇ ਸੰਘੀ ਨਫਰਤੀ ਅਪਰਾਧ ਰੋਕ ਕਾਨੂੰਨ ਦੀ ਉਲੰਘਣਾ ਕੀਤੀ ਹੈ ਤੇ ਉਸ ਨੇ ਜਾਣਬੁੱਝ ਕੇ ਯਹੂਦੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਤੇ ਉਨਾਂ ਨੂੰ ਜ਼ਖਮੀ ਕੀਤਾ। ਮਾਰਸ਼ ਨੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਆਪਣੇ ਬਿਆਨ ਦੀ ਇਕ ਵੀਡੀਓ ਦਿੱਤੀ ਹੈ ਜਿਸ ਵਿਚ ਉਸ ਨੇ ਕਿਹਾ ਹੈ ਅਜਿਹਾ ਕਰਨਾ ਜਰੂਰੀ ਹੈ ਕਿਉਂਕਿ ਇਹ ਲੋਕ ਅਸਲੀ ਸ਼ੈਤਾਨ ਹਨ। ਜਦੋਂ ਜਾਂਚ ਅਧਿਕਾਰੀਆਂ ਨੇ ਉਸ ਨੂੰ ਕਿਹਾ ਕਿ ਉਹ ਕਿਹੜੇ ਸ਼ੈਤਾਨ ਦੀ ਗੱਲ ਕਰ ਰਿਹਾ ਹੈ ਤਾਂ ਉਸ ਨੇ  ਜਵਾਬ ਦਿੱਤਾ ਹੈਸੀਡਿਕ ਯਹੂਦੀ। ਜੇਕਰ ਦੋਸ਼ ਸਹੀ ਸਾਬਤ ਹੋ ਜਾਂਦੇ ਹਨ ਤਾਂ ਮਾਰਸ਼ ਨੂੰ ਉਮਰ ਕੈਦ ਤੇ 2.50 ਲੱਖ ਡਾਲਰ ਤਕ ਜੁਰਮਾਨਾ ਹੋ ਸਕਦਾ ਹੈ।