ਵਿਸਕਾਨਸਿਨ ਦੇ ਸਾਬਕਾ ਜੱਜ ਦੀ ਗੋਲੀ ਮਾਰ ਕੇ ਹੱਤਿਆ

ਵਿਸਕਾਨਸਿਨ ਦੇ ਸਾਬਕਾ ਜੱਜ ਦੀ ਗੋਲੀ ਮਾਰ ਕੇ ਹੱਤਿਆ

* ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲੀ, ਹਾਲਤ ਗੰਭੀਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 5 ਜੂਨ (ਹੁਸਨ ਲੜੋਆ ਬੰਗਾ)- ਵਿਸਕਾਨਸਿਨ ਦੇ ਇਕ ਸਾਬਕਾ  ਜੱਜ ਦੀ ਗੋਲੀ ਮਾਰੇ ਕੇ ਹੱਤਿਆ ਕਰ ਦਿੱਤੀ ਗਈ। ਵਿਸਕਾਨਸਿਨ ਦੇ ਨਿਆਂ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜੂਨੀਊ ਕਾਉਂਟੀ ਸਰਕਟ ਕੋਰਟ ਦੇ ਸਾਬਕਾ ਜੱਜ 68 ਸਾਲਾ ਜੌਹਨ ਰੋਮਰ ਦੀ ਹੱਤਿਆ ਗਿਣਮਿਥਕੇ ਕੀਤੀ ਗਈ ਹੈ। ਵਿਭਾਗ ਅਨੁਸਾਰ ਰੋਮਰ ਦੀ ਹੱਤਿਆ ਨਿਊ ਲਿਸਬਨ, ਵਿਸਕਾਨਸਿਨ ਵਿਚ ਉਨਾਂ ਦੇ ਘਰ ਵਿਚ ਕੀਤੀ ਗਈ। ਸ਼ੱਕੀ ਦੋਸ਼ੀ 56 ਸਾਲਾ ਡੌਗਲਸ ਕੇ ਉਹਡੇ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਜਦੋਂ ਪੁਲਿਸ ਉਸ ਦੇ ਘਰ ਪੁੱਜੀ ਤਾਂ ਉਹ ਘਰ ਦੇ ਤਹਿਖਾਨੇ ਵਿਚੋਂ ਮਿਲਿਆ ਤੇ ਉਸ ਦੇ ਗੋਲੀ ਵੱਜੀ ਹੋਈ ਸੀ ਜੋ ਉਸ ਨੇ ਖੁਦ ਹੀ ਮਾਰੀ ਹੈ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਘਟਨਾ ਸਥਾਨ ਤੋਂ ਅਗਨ ਸ਼ੱਸ਼ਤਰ ਬਰਾਮਦ ਕਰ ਲਿਆ ਹੈ। ਜੱਜ ਰੋਮਰ ਨੇ ਆਪਣਾ ਜਿਆਦਾਤਰ ਕਰੀਅਰ ਕਾਨੂੰਨੀ ਸੇਵਾ ਵਿਚ ਹੀ ਬਿਤਾਇਆ ਹੈ।  2004 ਵਿਚ ਜੱਜ ਬਣਨ ਤੋਂ ਪਹਿਲਾਂ ਉਨਾਂ ਨੇ ਅਸਿਸਟੈਂਟ ਡਿਸਟ੍ਰਿਕਟ  ਅਟਾਰਨੀ ਵਜੋਂ ਕੰਮ ਕੀਤਾ। ਸੁਪਰੀਮ ਕੋਰਟ ਦੇ ਮੁੱਖ ਜੱਜ ਅਨੀਟ ਕਿੰਗਸਲੈਂਡ ਜੀਗਲਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਰੋਮਰ ਬਹੁਤ ਹੀ ਤੇਜ ਬੁੱਧੀ ਦੇ ਮਾਲਕ ਸਨ ਤੇ ਉਹ ਹਮੇਸ਼ਾਂ ਆਪਣਾ ਤਜ਼ਰਬਾ ਤੇ ਗਿਆਨ ਆਪਣੇ ਸਾਥੀਆਂ ਨਾਲ ਸਾਂਝਾ ਕਰਦੇ ਸਨ।