ਸਾਬਕਾ ਰਾਸ਼ਟਰਪਤੀ ਟਰੰਪ ਦੀਆਂ ਰਿਟਰਨਾਂ ਆਮ ਜਨਤਾ ਲਈ ਕੀਤੀਆਂ ਜਾਰੀ

ਸਾਬਕਾ ਰਾਸ਼ਟਰਪਤੀ ਟਰੰਪ ਦੀਆਂ ਰਿਟਰਨਾਂ ਆਮ ਜਨਤਾ ਲਈ ਕੀਤੀਆਂ ਜਾਰੀ

* ਟਰੰਪ ਨੇ ਕਿਹਾ ਇਹ ਸੱਤਾ ਦਾ ਦੁਰਉਪਯੋਗ ਹੈ।

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 1 ਜਨਵਰੀ (ਹੁਸਨ ਲੜੋਆ ਬੰਗਾ)  ਅਮਰੀਕੀ ਕਾਂਗਰਸ ਦੀ ਟੈਕਸਾਂ ਬਾਰੇ ਇਕ ਉੱਚ ਕਮੇਟੀ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਆਮ ਜਨਤਾ ਲਈ ਰਿਟਰਨਾਂ ਜਾਰੀ ਕਰਕੇ ਸਾਬਕਾ ਰਾਸ਼ਟਰਪਤੀ ਨਾਲ ਇਕ ਸਾਲ ਤੋਂ ਚਲੀ ਆ ਰਹੀ ਕਾਨੂੰਨੀ ਲੜਾਈ ਖਤਮ ਕਰ ਦਿੱਤੀ। ਸਾਬਕਾ ਰਾਸ਼ਟਰਪਤੀ ਰਿਟਰਨਾਂ ਜਾਰੀ ਕਰਨ ਦਾ ਵਿਰੋਧ ਕਰਦੇ ਆ ਰਹੇ ਹਨ। ਹਾਲਾਂ ਕਿ ਆਮ ਜਨਤਾ ਲਈ  ਰਿਟਰਨਾਂ ਨੂੰ ਸਮਝ ਸਕਣਾ ਇਕ ਔਖਾ ਕੰਮ ਹੈ ਪਰੰਤੂ ਇਹ ਰਿਟਰਨਾਂ ਸਾਬਕਾ ਰਾਸ਼ਟਰਪਤੀ ਦੇ ਕਾਰੋਬਾਰ ਉਪਰ ਚੰਗੀ ਰੋਸ਼ਨੀ ਪਾਉਂਦੀਆਂ ਹਨ। ਜਾਰੀ 6 ਰਿਟਰਨਾਂ 2015 ਤੋਂ 2020 ਤੱਕ ਦੀਆਂ ਹਨ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਸਨ ਤੇ ਉਨਾਂ ਨੇ ਦੁਬਾਰਾ ਰਾਸ਼ਟਰਪਤੀ ਬਣਨ ਲਈ ਚੋਣ ਮੁਹਿੰਮ ਚਲਾਈ ਸੀ। ਹਜਾਰਾਂ ਸਫਿਆਂ ਉਪਰ ਅਧਾਰਤ ਰਿਟਰਨਾਂ ਵਿਚ ਟਰੰਪ ਦੀਆਂ ਨਿੱਜੀ ਰਿਟਰਨਾਂ ਤੇ ਉਸ ਦੀ ਪਤਨੀ ਮੇਲਾਨੀਆ ਦੀਆਂ ਰਿਟਰਨਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਉਨਾਂ ਦੀਆਂ ਕੰਪਨੀਆਂ ਡੀ ਜੇ ਟੀ ਹੋਲਡਿੰਗਜ ਤੇ ਡੀ ਜੇ ਟੀ ਮੈਨੇਜਿੰਗ ਮੈਂਬਰ ਐਲ ਐਲ ਸੀ ਦੀਆਂ ਰਿਟਰਨਾਂ ਹਨ। ਰਿਟਰਨਾਂ ਦੇ ਕੁਲ ਤਕਰੀਬਨ 6000 ਸਫਿਆਂ ਵਿਚ 2700 ਤੋਂ ਵਧ ਸਫੇ ਟਰੰਪ ਤੇ ਉਨਾਂ ਦੀ ਪਤਨੀ ਦੀਆਂ ਰਿਟਰਨਾਂ ਨਾਲ ਸਬੰਧਤ ਹਨ ਜਦ ਕਿ 3000 ਤੋਂ ਵਧ ਸਫੇ ਟਰੰਪ ਦੀਆਂ ਕਾਰੋਬਾਰੀ ਕੰਪਨੀਆਂ ਨਾਲ ਸਬੰਧਤ ਹਨ। ਪ੍ਰਮੁੱਖ ਕਾਂਗਰਸ ਕਮੇਟੀ ਨੇ ਰਿਟਰਨਾਂ ਜਾਰੀ ਕਰਨ ਤੋਂ ਪਹਿਲਾਂ ਉਨਾਂ ਦੀ ਛਾਣਬੀਣ ਕਰਕੇ ਲੱਖਾਂ ਡਾਲਰਾਂ ਦੀ ਕਟੌਤੀ ਕਰਨ ਉਪਰ ਸਵਾਲ ਖੜੇ ਕੀਤੇ ਸਨ ਤੇ  ਕਿਹਾ ਸੀ ਕਿ ਉਨਾਂ ਦੀਆਂ ਕੰਪਨੀਆਂ ਨੂੰ ਟੈਕਸ ਦੀ ਅਦਾਇਗੀ ਕਰਨੀ ਪਵੇਗੀ। ਕਮੇਟੀ ਨੇ  ਰਿਟਰਨਾਂ ਵਿਚ ਕੀਤੇ ਗਏ ਅਸਧਾਰਨ ਜੋੜ ਤੋੜ ਬਾਰੇ ਵੀ ਸਵਾਲ ਖੜੇ ਕੀਤੇ ਸਨ। ਟੈਕਸ ਬਾਰੇ ਜੋਆਇੰਟ ਕਮੇਟੀ ਜਿਸ  ਵਿਚ ਸਟਾਫ ਤੇ ਟੈਕਸ ਮਾਹਿਰ ਸ਼ਾਮਲ ਹਨ, ਨੇ ਪਾਇਆ ਕਿ ਟਰੰਪ ਨੇ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ 3 ਸਾਲ ਦੇ ਕਾਰਜਕਾਲ ਦੌਰਾਨ ਸੰਘੀ ਟੈਕਸ ਵਿਚ ਕੇਵਲ 11 ਲੱਖ ਡਾਲਰ ਟੈਕਸ ਵਜੋਂ ਦਿੱਤੇ ਜਦ ਕਿ ਆਖਰੀ ਸਾਲ 2020 ਵਿਚ ਕੋਈ ਟੈਕਸ ਨਹੀਂ ਦਿੱਤਾ ਤੇ ਦਾਅਵਾ ਕੀਤਾ ਕਿ ਉਸ ਨੂੰ 48 ਲੱਖ ਡਾਲਰ ਦਾ ਘਾਟਾ ਪਿਆ ਹੈ। ਸਾਬਕਾ ਰਾਸ਼ਟਰਪਤੀ ਨੇ ਇਕ ਵੀਡੀਓ ਬਿਆਨ ਵਿਚ ਰਿਟਰਨਾਂ ਜਾਰੀ ਕਰਨ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਸੱਤਾ ਦਾ ਦੁਰਉਪਯੋਗ ਹੈ। ਉਨਾਂ ਨੇ ਰਾਸ਼ਟਰਪਤੀ ਜੋ ਬਾਈਡਨ ਦੀਆਂ ਰਿਟਰਨਾਂ ਜਾਰੀ ਕਰਨ ਉਪਰ ਜੋਰ ਦਿੰਦਿਆਂ ਕਿਹਾ ਹੈ ਕਿ ਰਿਟਰਨਾਂ ਮੇਰੇ ਵੱਲੋਂ ਪ੍ਰਾਪਤ ਕੀਤੀ ਸ਼ਾਨਦਾਰ ਸਫਲਤਾ ਨੂੰ ਦਰਸਾਉਂਦੀਆਂ ਹਨ। ਉਨਾਂ ਕਿਹਾ ਕਿ ਜਿਆਦਾਤਰ ਰਾਜਸੀ ਆਗੂ ਨੌਕਰੀਆਂ ਨੂੰ ਖਤਮ ਕਰਨਾ ਜਾਣਦੇ ਹਨ ਪਰੰਤੂ ਮੈ ਨੌਕਰੀਆਂ ਪੈਦਾ ਕੀਤੀਆਂ ਹਨ ਉਹ ਵੀ ਹਜਾਰਾਂ ਦੀ ਗਿਣਤੀ ਵਿਚ।