ਕਤਲ ਤੇ ਲੁੱਟਮਾਰ ਦੇ ਮਾਮਲੇ ਵਿਚ ਮੌਤ ਦੀ ਸਜ਼ਾ 'ਤੇ ਅਟਾਰਨੀ ਜਨਰਲ ਨੇ ਪਾਇਆ ਅੜਿਕਾ

ਕਤਲ ਤੇ ਲੁੱਟਮਾਰ ਦੇ ਮਾਮਲੇ ਵਿਚ ਮੌਤ ਦੀ ਸਜ਼ਾ 'ਤੇ ਅਟਾਰਨੀ ਜਨਰਲ  ਨੇ ਪਾਇਆ ਅੜਿਕਾ
ਕੈਪਸ਼ਨ: ਦੋਸ਼ੀ ਜੌਹਨ ਹੈਨਰੀ ਰਮੀਰੇਜ਼

ਪੀੜਤ ਪਰਿਵਾਰ ਵਿਚ ਵਿਆਪਕ ਰੋਸ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 19 ਅਪ੍ਰੈਲ (ਹੁਸਨ ਲੜੋਆ ਬੰਗਾ)- ਪਾਬਲੋ ਕਾਸਟਰੋ ਨਾਮੀ ਵਿਅਕਤੀ ਦੀ ਹੱਤਿਆ ਕਰਨ ਤੇ ਲੁੱਟਮਾਰ ਕਰਨ ਦੇ ਮਾਮਲੇ ਵਿਚ ਦੋਸ਼ੀ ਜੌਹਨ ਹੈਨਰੀ ਰਮੀਰੇਜ਼ ਦੀ ਫਾਂਸੀ ਦੀ ਸਜ਼ਾ 'ਤੇ ਅਮਲ ਇਸ ਸਾਲ ਅਕਤੂਬਰ ਵਿਚ ਤੈਅ ਹੋਣ ਉਪਰੰਤ ਟੈਕਸਾਸ ਦੇ ਇਕ ਅਟਾਰਨੀ ਜਨਰਲ ਨੇ ਮੌਤ ਦੀ ਸਜ਼ਾ ਦਾ ਵਾਰੰਟ ਵਾਪਿਸ ਲੈ ਲਿਆ ਹੈ ਜਿਸ ਕਾਰਨ ਰਮੀਰੇਜ਼ ਦੀ  ਫਾਂਸੀ ਫਿਲਹਾਲ ਟਲ ਗਈ ਹੈ। ਪਾਬਲੋ ਕਾਸਟਰੋ ਨੂੰ 2004 ਵਿਚ ਕੋਰਪਸ ਕ੍ਰਿਸਟੀ ਵਿਚ ਇਕ ਗਰੌਸਰੀ ਸਟੋਰ ਦੀ ਪਾਰਕਿੰਗ ਵਿਚ ਬੁਰੀ ਤਰਾਂ ਕਤਲ ਕਰ ਦਿੱਤਾ ਗਿਆ ਸੀ। ਉਸ ਉਪਰ 29 ਵਾਰ ਛੁਰੇ ਨਾਲ ਹਮਲਾ ਕੀਤਾ ਗਿਆ। ਰਮੀਰੇਜ਼ ਨੇ ਇਸ ਘਟਨਾ ਤੋਂ ਬਾਅਦ ਚਾਕੂ ਦੀ ਨੋਕ 'ਤੇ ਇਕ ਹੋਰ ਵਿਅਕਤੀ ਨੂੰ ਲੁੱਟਿਆ ਤੇ ਗ੍ਰਿਫਤਾਰੀ ਤੋਂ ਬਚਣ ਲਈ ਮੈਕਸੀਕੋ ਭੱਜ ਗਿਆ। ਉਹ ਸਾਢੇ ਤਿੰਨ ਸਾਲ ਗ੍ਰਿਫਤਾਰੀ ਤੋਂ ਬਚਦਾ ਰਿਹਾ। ਅਦਾਲਤ ਨੇ ਇਸ ਮਾਮਲੇ ਵਿਚ ਰਮੀਰੇਜ਼ ਨੂੰ ਦੋਸ਼ੀ ਕਰਾਰ ਦਿੱਤਾ ਤੇ ਫਾਂਸੀ ਦੀ ਸਜ਼ਾ ਸੁਣਾਈ। ਲੰਘੀ 12 ਅਪ੍ਰੈਲ ਨੂੰ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਨੇ ਰਮੀਰੇਜ਼ ਨੂੰ ਫਾਂਸੀ ਦੀ ਸਜ਼ਾ ਦੇਣ ਲਈ 5 ਅਕਤੂਬਰ 2022 ਤਰੀਕ ਨਿਸ਼ਚਤ ਕੀਤੀ। ਪਰੰਤੂ ਇਸ ਦੇ ਦੋ ਦਿਨਾਂ ਬਾਅਦ ਨੂਸੈਸ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਮਾਰਕ ਗੋਨਜ਼ਾਲੇਜ਼ ਨੇ ਇਕ ਦਰਖਾਸਤ ਦਾਇਰ ਕਰਕੇ ਰਮੀਰੇਜ਼ ਦੇ ਮੌਤ ਦੇ ਵਾਰੰਟ ਵਾਪਿਸ ਲੈ ਲਏ। ਉਸ ਨੇ ਕਿਹਾ ਹੈ ਕਿ ਮੌਤ ਦੀ ਸਜ਼ਾ ਅਨੈਤਿਕ ਕਾਰਵਾਈ ਹੈ ਤੇ ਮੌਤ ਦੀ ਸਜ਼ਾ ਕਿਸੇ ਨੂੰ ਵੀ ਨਹੀਂ ਦਿੱਤੀ ਜਾਣੀ ਚਾਹੀਦੀ। ਇਥੇ ਜਿਕਰਯੋਗ ਹੈ ਕਿ ਗੋਨਜ਼ਾਲੇਜ਼ ਦੇ ਦਫਤਰ ਨੇ ਮੌਤ ਦੀ ਸਜ਼ਾ ਤੈਅ ਕਰਨ ਲਈ ਬੇਨਤੀ ਕੀਤੀ ਸੀ ਪਰੰਤੂ ਗੋਨਜ਼ਾਲੇਜ਼ ਨੇ ਕਿਹਾ ਹੈ ਕਿ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਨੇ ਫੈਸਲਾ ਲੈਣ ਤੋਂ ਪਹਿਲਾਂ ਉਸ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ। ਗੋਨਜ਼ਾਲੇਜ਼ ਦਾ ਦੂਸਰਾ ਕਾਰਜਕਾਲ 2024 ਨੂੰ ਖਤਮ ਹੋਣਾ ਹੈ ਇਸ ਤੋਂ ਬਾਅਦ ਉਨਾਂ ਦੀ ਜਗਾ 'ਤੇ ਆਉਣ ਵਾਲਾ ਡਿਸਟ੍ਰਿਕਟ ਅਟਾਰਨੀ ਮੌਤ ਦੇ ਵਾਰੰਟ ਬਹਾਲ ਕਰ ਸਕਦਾ ਹੈ। ਕਾਸਟਰੋ ਦੇ ਪਰਿਵਾਰ ਨੇ ਗੋਨਜ਼ਾਲੇਜ਼ ਦੇ ਫੈਸਲੇ ਉਪਰ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ। ਕਾਸਟਰੋ ਦੇ ਪੁੱਤਰ ਫਰਨਾਡੋ ਨੇ ਕਿਹਾ ਹੈ ਕਿ ਗੋਨਜ਼ਾਲੇਜ਼ ਦਾ ਨਿਰਨਾ ਸੁਣ ਕੇ ਉਸ ਦਾ ਖੂਨ ਖੌਲ ਰਿਹਾ ਹੈ। ਉਸ ਨੇ ਕਿਹਾ ''ਜਦੋਂ ਮੇਰੇ ਪਿਤਾ ਨੂੰ ਮਾਰਿਆ ਗਿਆ ਸੀ ਤਾਂ ਮੈ ਉਸ ਵੇਲੇ 11 ਸਾਲਾਂ ਦਾ ਸੀ। ਮੇਰੇ ਪਿਤਾ ਦਾ ਕਤਲ ਕਰਕੇ ਮੇਰੇ ਕੋਲੋਂ ਮੇਰਾ ਬਚਪਨ ਖੋਹ ਲਿਆ  ਗਿਆ। ਮੇਰਾ ਬਚਪਨ ਰੁਲ ਗਿਆ। ਮੈ ਹਮਸ਼ਾਂ ਸੋਚਦਾ ਹਾਂ ਕਿ ਮੇਰੇ ਪਿਤਾ ਦੀ ਮੌਤ ਦਾ ਅਧਿਆਏ ਬੰਦ ਹੋਣ ਦੇ ਨੇੜੇ ਹੈ ਤੇ ਦੋਸ਼ੀ ਨੂੰ ਕੀਤੇ ਦੀ ਸਜ਼ਾ ਮਿਲੇਗੀ ਪਰੰਤੂ ਹਰ ਵਾਰ ਇਸ ਵਿਚ ਅੜਿਕਾ ਪੈ ਜਾਂਦਾ ਹੈ।,,