ਅਮਰੀਕਾ ਦੇ ਟੈਨੇਸੀ ਰਾਜ ਵਿਚ 2 ਪੁਲਿਸ ਅਫਸਰਾਂ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖਮੀ

ਅਮਰੀਕਾ ਦੇ ਟੈਨੇਸੀ ਰਾਜ ਵਿਚ 2 ਪੁਲਿਸ ਅਫਸਰਾਂ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖਮੀ
ਕੈਪਸ਼ਨ ਜੌਹਨ ਡਰੇਕ ਜੁਨੀਅਰ

 ਪੁਲਿਸ ਨੂੰ ਨੈਸ਼ਵਿਲੇ ਦੇ ਪੁਲਿਸ ਮੁਖੀ ਦੇ ਪੁੱਤਰ ਦੀ ਸ਼ੱਕੀ ਦੋਸ਼ੀ ਵਜੋਂ ਤਲਾਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਟੈਨੇਸੀ ਰਾਜ ਵਿਚ 2 ਪੁਲਿਸ ਅਫਸਰਾਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੀ ਖਬਰ ਹੈ। ਪੁਲਿਸ ਇਸ ਮਾਮਲੇ ਵਿਚ ਨੈਸ਼ਵਿਲੇ ਦੇ ਪੁਲਿਸ ਮੁਖੀ ਦੇ ਪੁੱਤਰ 38 ਸਾਲਾ ਜੌਹਨ ਡਰੇਕ ਜੂਨੀਅਰ ਦੀ ਸ਼ੱਕੀ ਦੋਸ਼ੀ ਵਜੋਂ ਭਾਲ ਕਰ ਰਹੀ ਹੈ। ਟੈਨੇਸੀ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਰਾਜ ਭਰ ਵਿਚ ''ਬਲੀਊ ਅਲਰਟ'' ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ  ਜੌਹਨ ਜੂਨੀਅਰ ਜਿਸ ਦੀ ਪਹਿਲਾ ਦਰਜਾ ਹੱਤਿਆ ਦੀ ਕੋਸ਼ਿਸ਼ ਦੇ ਦੋ ਮਾਮਲਿਆਂ ਵਿਚ ਲੋੜ ਹੈ, ਹਥਿਆਰਬੰਦ ਤੇ ਖਤਰਨਾਕ ਹੈ। ਉਸ ਨੂੰ ਸ਼ੱਕੀ ਦੋਸ਼ੀ ਵਜੋਂ ਅਤਿ ਲੋੜੀਂਦੇ ਸ਼ੱਕੀ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਮੈਟਰੋ ਨੈਸ਼ਵਿਲੇ ਦੇ ਪੁਲਿਸ ਮੁਖੀ ਜੌਹਨ ਡਰੇਕ ਨੇ ਪੁਸ਼ਟੀ ਕੀਤੀ ਹੈ ਕਿ ਸ਼ੱਕੀ ਉਸ ਦਾ ਪੁੱਤਰ ਹੈ। ਪੁਲਿਸ ਮੁਖੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ '' ਮੈਨੂੰ ਇਹ ਜਾਣ ਕੇ ਗਹਿਰਾ ਸਦਮਾ ਪੁੱਜਾ ਹੈ ਕਿ ਮੇਰਾ ਪੁੱਤਰ ਜਿਸ ਨਾਲ ਮੇਰਾ ਪਿਛਲੇ ਸਾਲਾਂ ਦੌਰਾਨ ਬਹੁਤ ਘੱਟ ਸੰਪਰਕ ਰਿਹਾ ਹੈ, ਨੀਮ ਸ਼ਹਿਰੀ ਖੇਤਰ ਲਾ ਵਰਜਨ ਦੇ 2 ਪੁਲਿਸ ਅਫਸਰਾਂ ਉਪਰ ਗੋਲੀ ਚਲਾਉਣ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਹੈ। ਮੇਰੀ ਹਮਦਰਦੀ ਜ਼ਖਮੀ ਹੋਏ ਪੁਲਿਸ ਅਫਸਰਾਂ ਨਾਲ ਹੈ।'' ਪੁਲਿਸ ਮੁਖੀ ਨੇ ਹੋਰ ਕਿਹਾ ਹੈ '' ਛੋਟੀ ਉਮਰ ਦੌਰਾਨ ਮੇਰੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਤੇ ਦਿਤੀ ਅਗਵਾਈ ਦੇ ਬਾਵਜੂਦ ਮੇਰਾ ਪੁੱਤਰ ਜੌਹਨ ਡਰੇਕ ਜੂਨੀਅਰ ਜੋ ਹੁਣ 38 ਸਾਲ ਦਾ ਹੈ, ਸਾਲਾਂ ਤੋਂ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਿਲ ਹੈ ਤੇ ਉਹ ਦੋਸ਼ੀ ਹੈ। ਪਿਛਲੇ ਸਮੇ ਤੋਂ ਉਹ ਮੇਰੇ ਜੀਵਨ ਦਾ ਹਿੱਸਾ ਨਹੀਂ ਰਿਹਾ ਹੈ।'' ਲਾ ਵਰਜਨ ਦੇ ਪੁਲਿਸ ਮੁਖੀ ਕ੍ਰਿਸਟੋਫਰ ਮੋਜ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਨੈਸ਼ਵਿਲੇ ਦੇ ਨੀਮ  ਸ਼ਹਿਰੀ ਖੇਤਰ ਲਾ ਵਰਜਨ ਵਿਚ ਵਾਪਰੀ। ਮੋਜ ਅਨੁਸਾਰ ਜਦੋਂ ਪੁਲਿਸ ਅਫਸਰ ਚੋਰੀ ਕੀਤੇ ਵਾਹਣ ਦੇ ਇਕ ਮਾਮਲੇ ਦੀ ਜਾਂਚ ਕਰ ਰਹੇ ਸਨ ਤਾਂ ਇਕ ਵਿਅਕਤੀ ਉਨਾਂ ਨਾਲ ਉਲਝ ਪਿਆ। ਇਸ ਦੌਰਾਨ ਉਸ ਵਿਅਕਤੀ ਨੇ ਹੈਂਡਗੰਨ ਨਾਲ ਗੋਲੀ ਚਲਾ ਦਿੱਤੀ। ਇਕ ਪੁਲਿਸ ਅਫਸਰ ਦੇ ਮੋਢੇ ਤੇ ਦੂਸਰੇ ਦੀ ਕੱਛ ਤੇ ਬਾਂਹ ਉਪਰ ਗੋਲੀਆਂ ਵੱਜੀਆਂ ਹਨ। ਪੁਲਿਸ ਮੁਖੀ ਅਨੁਸਾਰ ਜ਼ਖਮੀ ਪੁਲਿਸ ਅਫਸਰਾਂ ਨੂੰ ਵੰਡਰਬਿਲਟ ਯੁਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਦਾਖਲ  ਕਰਵਾਇਆ ਗਿਆ ਹੈ। ਦੋਨਾਂ ਦੀ ਹਾਲਤ ਸਥਿੱਰ ਹੈ।