ਕਾਰ ਹਾਦਸੇ ਤੋਂ ਬਾਅਦ ਜਸਮੇਰ ਸਿੰਘ ਦਾ ਇੱਕ ਗੋਰੇ ਨੇ ਕੁੱਟ-ਕੁੱਟ ਕੇ ਕੀਤਾ ਕਤਲ 

ਕਾਰ ਹਾਦਸੇ ਤੋਂ ਬਾਅਦ ਜਸਮੇਰ ਸਿੰਘ ਦਾ ਇੱਕ ਗੋਰੇ ਨੇ ਕੁੱਟ-ਕੁੱਟ ਕੇ ਕੀਤਾ ਕਤਲ 

ਹਫਤੇ ਅੰਦਰ ਅਮਰੀਕਾ ਵਿਚ ਤੀਜਾ ਸਿੱਖ ਨਫਰਤੀ ਹਮਲੇ ਦਾ ਸ਼ਿਕਾਰ !

ਹੋਬੋਕਨ  ਦੇ ਪਹਿਲੇ ਸਿੱਖ ਮੇਅਰ ਰਵੀ ਸਿੰਘ ਭੱਲਾ ਨੂੰ  ਨਫ਼ਰਤੀ  ਧਮਕੀਆਂ ਦਿੱਤੀਆਂ ਗਈਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਿਊਯਾਰਕ : ਅਮਰੀਕਾ ਤੋਂ 1 ਹਫਤੇ ਦੇ ਅੰਦਰ ਤੀਜੀ ਨਫਰਤੀ ਵਾਰਦਾਤ ਦਾ ਖੌਫਨਾਕ ਰੂਪ ਸਾਹਮਣੇ ਆਇਆ ਹੈ ।ਮ੍ਰਿਤਕ ਜਸਮੇਰ ਸਿੰਘ ਉੱਤੇ ਇਹ ਹਮਲਾ ਨਿਊਯਾਰਕ ਦੇ ਰਿਚਮੰਡ ਹਿੱਲ ਕੂਈਨਜ਼ ਇਲਾਕੇ ਵਿੱਚ ਹੋਇਆ ਸੀ।  ਜਸਮੇਰ ਸਿੰਘ ਦਾ ਇੱਕ ਗੋਰੇ 30 ਸਾਲਾ ਗਿਬਰਟ ਔਗਸਟੀਨ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ । ਉਸ ਨੂੰ ਨਿਊਯਾਰਕ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਸਮੇਰ ਸਿੰਘ ਆਉਣ ਵਾਲੇ ਹਫਤੇ ਵਿੱਚ ਭਾਰਤ ਆਉਣ ਵਾਲੇ ਸਨ । ਦਰਅਸਲ ਜਸਮੇਰ ਸਿੰਘ ਆਪਣੀ ਗੱਡੀ ਵਿੱਚ ਪਤਨੀ ਨੂੰ ਕਲੀਨਿਕ ਤੋਂ ਘਰ ਲੈਕੇ ਜਾ ਰਹੇ ਸਨ। ਇਸੇ ਦੌਰਾਨ ਵੈਨ ਵਿਕ ਐਕਸਪ੍ਰੈਸ-ਵੇਅ ‘ਤੇ ਜਸਮੇਰ ਸਿੰਘ ਦੀ ਕਾਰ ਦੀ ਇੱਕ ਹੋਰ ਕਾਰ ਨਾਲ ਟੱਕਰ ਹੋ ਗਈ । ਜਿਸ ਦੇ ਬਾਅਦ ਡਰਾਈਵਰ ਉਨ੍ਹਾਂ ਦੇ ਖਿਲਾਫ ਗੁੱਸੇ ਵਿੱਚ ਆ ਗਿਆ ਅਤੇ ਜਸਮੇਰ ਸਿੰਘ ‘ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ  ਦਿੱਤਾ । ਹਾਲਾਂਕਿ, 66 ਸਾਲਾ ਜਸਮੇਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਕੁਈਨਜ਼ ਦੇ ਜਮਾਇਕਾ ਹਸਪਤਾਲ ਦੇ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਕ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਕਿ ਜਸਮੇਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਪਰ ਜਸਮੇਰ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ।ਜਸਮੇਰ ਦੇ ਪਰਿਵਾਰ ਨੇ ਨਿਊਯਾਰਕ ਵਿੱਚ ਸ਼ੱਕੀ ਸ਼ਖਸ ਦੇ ਖਿਲਾਫ ਨਫ਼ਰਤੀ ਅਪਰਾਧ ਦਾ ਮਾਮਲਾ ਦਰਜ ਕਰਵਾਇਆ ਸੀ। ਜਸਮੇਰ ਦੇ ਪੁੱਤਰ ਮੁਲਤਾਨੀ ਨੇ ਕਿਹਾ ਮੇਰੇ ਪਿਤਾ ਇੱਕ ਪੜ੍ਹੇ ਲਿਖੇ ਅਤੇ ਬਹੁਤ ਹੀ ਨੇਕ ਇਨਸਾਨ ਸਨ ।

ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਇਸ ਘਟਨਾ ਬਾਰੇ ਜਸਮੇਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਹੈ।ਉਨ੍ਹਾਂ ਕਿਹਾ ਕਿ ਉਹ ਸਿੱਖ ਭਾਈਚਾਰੇ ਦੀ ਰੱਖਿਆ ਕਰਨਗੇ।

ਹਮਲੇ ਦੇ ਦੌਰਾਨ ਪਿਤਾ ਦਾ ਸਿਰ ਫੱਟ ਗਿਆ, 2 ਦੰਦ ਟੁੱਟ ਗਏ

ਜਾਣਕਾਰੀ ਦੇ ਮੁਤਾਬਿਕ 68 ਸਾਲ ਦੇ ਜਸਮੇਰ ਸਿੰਘ ਆਪਣੇ ਪਰਿਵਾਰ ਨਾਲ ਅਮਰੀਕਾ ਰਹਿੰਦੇ ਸਨ । ਪੁੱਤਰ ਨੇ ਦੱਸਿਆ ਕਿ ਹਮਲੇ ਦੌਰਾਨ ਉਸ ਦੇ ਪਿਤਾ ਦਾ ਸਿਰ ਫੱਟ ਗਿਆ ਅਤੇ ਸਾਹਮਣੇ ਦੇ ਦੰਦ ਟੁੱਟ ਗਏ ਸਨ। ਜਿਸ ਦੇ ਚੱਲਦਿਆਂ ਪਿਤਾ ਜਸਮੇਰ ਸਿੰਘ ਨੇ ਦਮ ਤੋੜ ਦਿੱਤਾ। ਇਸ ਘਟਨਾ ਤੋਂ ਪੂਰਾ ਪਰਿਵਾਰ ਦੁੱਖੀ ਹੈ । ਅਗਲੇ ਹਫਤੇ ਹੀ ਪਿਤਾ ਨੇ ਪੰਜਾਬ ਜਾਣਾ ਸੀ ।

ਜਾਂਚ ਅਧਿਕਾਰੀ ਮੁਤਾਬਿਕ ਕਾਰ ਦੇ ਡਰਾਈਵਰ ਨੂੰ ਫੜ ਲਿਆ ਗਿਆ ਹੈ । ਉਸ ‘ਤੇ ਕਤਲ ਸਮੇਤ ਕਈ ਇਲਜ਼ਾਮ ਵੀ ਲੱਗੇ ਹਨ। ਪਰ ਨਫਰਤੀ ਅਪਰਾਧ ਦੀ ਧਾਰਾ ਨਹੀਂ ਲਗਾਈ ਗਈ ਹੈ । ਸੀਬੀਐਸ ਨਿਊਜ਼ ਦੇ ਮੁਤਾਬਿਕ ਪੁੱਤਰ ਮੁਲਤਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਸ ਦੇ ਪਿਤਾ ਦੀ ਪੱਗ ਸਿੱਖ ਵਰਗੀ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਖਿਲਾਫ ਇਹ ਹੈਵਾਨੀਅਤ ਕੀਤੀ ਗਈ ਹੈ। ਉਹ ਚਾਹੁੰਦੇ ਹਨ ਇਸ ਦੇ ਖਿਲਾਫ ਨਫਰਤੀ ਅਪਰਾਧ ਦਾ ਮਾਮਲਾ ਦਰਜ ਕੀਤਾ ਜਾਵੇ।

ਆਪਣੇ ਸ਼ਹਿਰ ਨਾਲ ਪਿਆਰ ਕਰਦੇ ਸਨ ਜਸਮੇਰ

ਮੁਲਤਾਨੀ ਨੇ ਕਿਹਾ ਕਿ ਉਹ ਸ਼ਖਸ ਮੇਰੇ ਪਿਤਾ ਨੂੰ ਉਨ੍ਹਾਂ ਦੀ ਪੱਗ ਨਾਲ ਸੰਬੋਧਿਤ ਕਰ ਰਿਹਾ ਸੀ । ਮੇਰੇ ਪਿਤਾ ਨੂੰ ਨਿਸ਼ਾਨਾ ਬਣਾਇਆ ਗਿਆ । ਇਹ ਨਫਰਤੀ ਅਪਰਾਧ ਦਾ ਹਿੱਸਾ ਹੈ। ਨਿਊਯਾਰਕ ਸ਼ਹਿਰ ਦੇ ਮੇਅਰ ਏਰਿਕ ਐਡਮਸ ਨੇ ਕਿਹਾ ਕਿ ਜਸਮੇਰ ਸਿੰਘ ਆਪਣੇ ਸ਼ਹਿਰ ਨੂੰ ਪਿਆਰ ਕਰਦੇ ਸਨ । ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਚਾਹੁੰਦਾ ਹਾਂ।

ਹੋਰ ਨਫਰਤੀ ਘਟਨਾਵਾਂ

ਪਿਛਲੇ ਹਫਤੇ 19 ਸਾਲ ਦੇ ਸਿੱਖ ਨੌਜਵਾਨ ਦੀ ਬੱਸ ਵਿੱਚ ਇੱਕ ਸ਼ਖਸ ਨੇ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ, ਗਾਲ੍ਹਾਂ ਕੱਢੀਆਂ ਸਨ ਅਤੇ ਫਿਰ ਮੂ੍ੰਹ ‘ਤੇ ਮੁੱਕੇ ਮਾਰੇ ਸਨ । ਇਹ ਨਫਰਤੀ ਹਿੰਸਾ ਦਾ ਮਾਮਲਾ ਸੀ ਜਿਸ ਵਿੱਚ ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਮੁਲਜ਼ਮ ਨੂੰ ਫੜ ਲਿਆ ਸੀ । ਨਿਊਜਰਸੀ ਦੇ ਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਰਵੀ ਸਿੰਘ ਭੱਲਾ ਨੂੰ ਈ-ਮੇਲ ਦੇ ਜ਼ਰੀਏ ਨਫ਼ਰਤ ਟਿੱਪਣੀਆਂ ਅਤੇ ਧਮਕੀਆਂ ਦਿੱਤੀਆਂ ਗਈਆਂ ਸਨ । ਧਮਕੀ ਭਰੀ ਮੇਲ ਵਿੱਚ ਲਿਖਿਆ ਗਿਆ ਹੈ ਕਿ ਉਨ੍ਹਾਂ ਦਾ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇਗਾ । ਜਿਸ ਤੋਂ ਬਾਅਦ ਪਰਿਵਾਰ ਨੂੰ ਸੁਰੱਖਿਆ ਦਿੱਤੀ ਗਈ ਸੀ ।ਅਕਾਲ ਤਖਤ ਦੇ ਜਥੇਦਾਰ ਰਘਬੀਰ ਸਿੰਘ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਸੀ। ਇਸ ਤੋਂ ਪਹਿਲਾਂ ਅਮਰੀਕਾ ਵਿੱਚ ਫਲਸਤੀਨ ਦੇ 6 ਸਾਲ ਦੇ ਬੱਚੇ ਦੇ ਢਿੱਡ ਵਿੱਚ ਮਕਾਨ ਮਾਲਿਕ ਨੇ 31 ਵਾਰ ਚਾਕੂ ਮਾਰਿਆ ਅਤੇ ਕਿਹਾ ਤੁਹਾਨੂੰ ਮਰ ਜਾਣਾ ਚਾਹੀਦਾ ਹੈ। ਮਕਾਨ ਮਾਲਿਕ ਨੇ ਬੱਚੇ ਦੀ ਮਾਂ ‘ਤੇ ਵੀ ਹਮਲਾ ਕੀਤਾ ਸੀ ਪਰ ਉਹ ਬਚ ਗਈ । ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਵੀ ਇਸ ਘਟਨਾ ‘ਤੇ ਦੁੱਖ ਜਤਾਉਂਦੇ ਹੋਏ ਕਿਹਾ ਸੀ ਕਿ ਸਾਡੇ ਦੇਸ਼ ਵਿੱਚ ਅਜਿਹੀ ਵਾਰਦਾਤ ਦੀ ਕੋਈ ਥਾਂ ਨਹੀਂ ਹੈ ।