ਯੂ ਐਸ ਕਸਟਮਜ਼ ਐਂਡ ਬਾਰਡਰ ਕਮਿਸ਼ਨਰ ਅਸਤੀਫਾ ਨਾ ਦੇਣ 'ਤੇ ਅੜਿਆ, ਬਰਖਾਸਤ ਕਰ ਦੇਣ ਦੀ ਸੰਭਾਵਨਾ ਵਧੀ

ਯੂ ਐਸ ਕਸਟਮਜ਼ ਐਂਡ ਬਾਰਡਰ ਕਮਿਸ਼ਨਰ ਅਸਤੀਫਾ ਨਾ ਦੇਣ 'ਤੇ ਅੜਿਆ, ਬਰਖਾਸਤ ਕਰ ਦੇਣ ਦੀ ਸੰਭਾਵਨਾ ਵਧੀ
ਕੈਪਸ਼ਨ: ਕ੍ਰਿਸ ਮੈਗਨਸ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 12 ਨਵੰਬਰ (ਹੁਸਨ ਲੜੋਆ ਬੰਗਾ)-ਹੋਮਲੈਂਡ ਸਕਿਉਰਿਟੀ ਸਕੱਤਰ ਅਲੇਜਾਂਡਰੋ ਮੇਓਕਸ ਨੇ ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਕਮਿਸ਼ਨਰ ਕ੍ਰਿਸ ਮੈਗਨਸ ਨੂੰ ਕਿਹਾ ਹੈ ਕਿ ਉਹ ਤੁਰੰਤ ਅਸਤੀਫਾ ਦੇ ਦੇਣ ਜਾਂ ਫਿਰ ਬਰਖਾਸਤ ਹੋਣ ਲਈ ਤਿਆਰ ਰਹਿਣ। ਇਸ ਦੇ ਜਵਾਬ ਵਿਚ ਮੀਡੀਆ ਵਿੱਚ ਆਏ ਇਕ ਬਿਆਨ ਵਿਚ ਮੈਗਨਸ ਨੇ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨਾਂ ਕਿਹਾ ਹੈ ਕਿ ਮੈ ਆਪਣੇ ਵੱਲੋਂ ਕੀਤੇ ਕੰਮ ਤੋਂ ਉਤਸ਼ਾਹਿਤ ਹਾਂ ਤੇ ਇਸ ਕੰਮ ਨੂੰ ਜਾਰੀ ਰਖਾਂਗਾ। ਟਕਸਨ ਦੇ ਸਾਬਕਾ ਪੁਲਿਸ ਮੁੱਖੀ ਮੈਗਨਸ ਨੂੰ ਅਮਰੀਕਾ ਦੀ ਸਭ ਤੋਂ ਵੱਡੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਕਮਿਸ਼ਨਰ ਬਣਾਏ ਜਾਣ ਦੀ ਪੁਸ਼ਟੀ ਪਿਛਲੇ ਸਾਲ ਦਸੰਬਰ ਵਿਚ ਹੋਈ ਸੀ। ਮੈਗਨਸ ਪਹਿਲਾ ਐਰੀਜ਼ੋਨੀਅਨ ਹੈ ਜਿਸ ਨੂੰ 60000 ਤੋਂ ਵਧ ਮੁਲਾਜ਼ਮਾਂ ਵਾਲੀ ਏਜੰਸੀ ਦੇ ਮੁੱਖੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ । ਆਪਣੀ ਨਿਯੁਕਤੀ ਤੋਂ ਬਾਅਦ ਮੈਗਨਸ ਦੀ ਯੂ ਐਸ-ਮੈਕਸੀਕੋ ਬਾਰਡਰ ਉਪਰ ਸਥਿੱਤੀ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਦੀ ਅਲੋਚਨਾ ਹੁੰਦੀ ਰਹੀ ਹੈ ਜਿਸ ਤੋਂ ਉਹ ਪਰੇਸ਼ਾਨ ਰਹੇ ਹਨ।