ਅਮਰੀਕਾ ਨਾਲ 'ਮਿਨੀ ਟਰੇਡ' ਸਮਝੌਤੇ ਦੇ ਹੱਕ ਵਿਚ ਨਹੀਂ ਹੈ ਭਾਰਤ-ਪਿਊਸ਼ ਗੋਇਲ

ਅਮਰੀਕਾ ਨਾਲ 'ਮਿਨੀ ਟਰੇਡ' ਸਮਝੌਤੇ ਦੇ ਹੱਕ ਵਿਚ ਨਹੀਂ ਹੈ ਭਾਰਤ-ਪਿਊਸ਼ ਗੋਇਲ

* ਵਪਾਰ ਤੇ ਸਨਅਤ ਮੰਤਰੀ ਨੇ 'ਟਰੇਡ ਪਾਲਸੀ ਫੋਰਮ' ਦੀ ਮੀਟਿੰਗ ਨੂੰ ਕੀਤਾ ਸੰਬੋਧਨ

ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)
-ਭਾਰਤ ਦੇ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਅਮਰੀਕਾ ਨਾਲ ਭਾਰਤ 'ਮਿਨੀ ਟਰੇਡ' ਸਮਝੌਤੇ ਦੇ ਹੱਕ ਵਿਚ ਨਹੀਂ ਹੈ ਜੋ ਸਮਝੌਤਾ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਦੌਰਾਨ ਵਿਚਾਰ ਅਧੀਨ ਸੀ ਤੇ ਇਸ ਦੇ ਨਾਲ ਹੀ ਇਸ ਵੇਲੇ ਮੁਕਤ ਵਪਾਰ ਸਮਝੌਤੇ ਉਪਰ ਚਰਚਾ ਨਹੀਂ ਹੋ ਰਹੀ ਕਿਉਂਕਿ ਬਾਈਡਨ ਪ੍ਰਸ਼ਾਸਨ ਇਸ ਵਿਚ ਦਿਲਚਸਪੀ ਨਹੀਂ ਰਖਦਾ। ਉਨਾਂ ਕਿਹਾ ਕਿ ਭਾਰਤ ਤੇ ਅਮਰੀਕਾ ਨੇ ਇਕ ਦੂਸਰੇ ਦੇ ਬਾਜ਼ਾਰ ਵੱਲ ਧਿਆਨ ਕੇਂਦ੍ਰਿਤ ਕਰਨ ਤੇ ਦੋਨਾਂ ਦੇਸ਼ਾਂ ਵਿਚਾਲੇ ਵਪਾਰ ਸੁਖਾਵਾਂ ਬਣਾਉਣ ਦਾ  ਨਿਰਨਾ ਲਿਆ ਹੈ। ਪਿਊਸ਼ ਗੋਇਲ ਅਮਰੀਕਾ ਦੇ ਵਪਾਰਕ ਪ੍ਰਤੀਨਿੱਧ ਕੈਥਰੀਨ ਟਾਈ ਨਾਲ ਗੱਲਬਾਤ ਉਪਰੰਤ ਵਾਸ਼ਿੰਗਟਨ ਡੀ ਸੀ ਵਿਚ 'ਟਰੇਡ ਪਾਲਸੀ ਫੋਰਮ' ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਗੋਇਲ ਨੇ ਸਵਿਕਾਰ ਕੀਤਾ ਕਿ ਇਸ ਸਮੇ ਭਾਰਤ ਤੇ ਅਮਰੀਕਾ ਵਿਚਾਲੇ ਵਪਾਰਕ ਸਬੰਧਾਂ ਵਿਚ ਕੋਈ ਵਰਣਨਯੋਗ ਪ੍ਰਗਤੀ ਨਹੀਂ ਹੋਈ ਹੈ। ਉਨਾਂ ਨੇ ਫਰਵਰੀ 2020 ਵਿਚ  ਤਤਕਾਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ ਦੇ ਦੌਰੇ ਵੇਲੇ ਗੱਲਬਾਤ ਨਾ ਸਿਰੇ ਚੜਨ ਲਈ ਟਰੰਪ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਇਆ। ਉਨਾਂ ਕਿਹਾ ਕਿ ਟਰੰਪ ਨੇ ਭਾਰਤ ਨਾਲ ਵਪਾਰਕ  ਗੱਲਬਾਤ ਵਿਚ ਅੜਿਕਾ ਪਾਇਆ ਸੀ। ਗੋਇਲ ਨੇ ਕਿਹਾ ਕਿ ਅਸੀਂ ਅਮਰੀਕਾ ਨਾਲ ਵਪਾਰਕ ਖੇਤਰ ਵਿਚ ਵੱਡਾ ਟੀਚਾ ਰਖਦੇ ਹਾਂ ਤੇ ਇਸ ਲਈ ਯਤਨਸ਼ੀਲ ਹਾਂ। ਉਨਾਂ ਨੇ ਅਮਰੀਕਾ ਨਾਲ ਛੋਟੇ ਮੋਟੇ ਸਮਝੌਤੇ ਨੂੰ ਰੱਦ ਕਰਦਿਆਂ ਸੰਕੇਤ ਦਿੱਤਾ ਕਿ ਭਾਰਤ ਮੁਕਤ ਵਪਾਰ  ਸਮਝੌਤੇ ਦੇ ਹੱਕ ਵਿਚ ਹੈ ਤੇ ਭਾਰਤ ਨੇ ਇਹ ਸਮਝੌਤਾ ਆਸਟ੍ਰੇਲੀਆ ਤੇ ਯੂ ਏ ਈ  ਨਾਲ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਕੈਨੇਡਾ, ਇੰਗਲੈਂਡ, ਇਸਰਾਈਲ ਤੇ ਯੂਰਪੀ ਯੁਨੀਅਨ ਨਾਲ ਵੀ ਮੁਕਤ ਵਪਾਰ ਸਮਝੌਤਾ ਕਰਨ ਲਈ ਯਤਨਸ਼ੀਲ ਹੈ। ਇਸ ਸਬੰਧ ਵਿਚ ਸਰਗਰਮੀ ਨਾਲ ਕੋਸ਼ਿਸ਼ਾਂ ਹੋ ਰਹੀਆਂ ਹਨ। ਇਥੇ ਜਿਕਰਯੋਗ ਹੈ ਕਿ 2021 ਵਿਚ ਭਾਰਤ ਤੇ ਅਮਰੀਕਾ ਵਿਚਾਲੇ 160 ਅਰਬ ਡਾਲਰ ਦਾ ਵਪਾਰ ਹੋਇਆ ਸੀ ਜੋ ਕਿ ਪਿਛਲੇ ਇਕ ਦਹਾਕੇ ਦੀ ਤੁਲਨਾ ਵਿਚ ਕਿਤੇ ਵਧ ਹੈ ਪਰੰਤੂ ਇਹ 500 ਅਰਬ ਡਾਲਰ ਦੇ ਉਸ ਟੀਚੇ ਤੋਂ ਬਹੁਤ ਦੂਰ ਹੈ ਜੋ ਟੀਚਾ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੇ 2013 ਵਿਚ ਉਪ ਰਾਸ਼ਟਰਪਤੀ ਦੀ ਹੈਸੀਅਤ ਵਿਚ ਭਾਰਤ ਦੇ ਦੌਰੇ ਦੌਰਾਨ ਮਿਥਿਆ ਸੀ।