ਮਨਦੀਪ ਕੌਰ ਦੀ ਮੌਤ ਦੀ ਪੰਜਾਬੀ ਭਾਈਚਾਰੇ ਵਿਚ  ਵਿਚ ਹੋ ਰਹੀ ਇਨਸਾਫ਼ ਦੀ ਮੰਗ

ਮਨਦੀਪ ਕੌਰ ਦੀ ਮੌਤ ਦੀ ਪੰਜਾਬੀ ਭਾਈਚਾਰੇ ਵਿਚ  ਵਿਚ ਹੋ ਰਹੀ ਇਨਸਾਫ਼ ਦੀ ਮੰਗ

  ਨਿਊਯਾਰਕ ਪੁਲਿਸ ਵਲੋਂ ਜਾਂਚ ਪੜਤਾਲ ਜਾਰੀ

*ਨਿਊਯਾਰਕ ਪੁਲਿਸ ਵਲੋਂ ਜਾਂਚ ਪੜਤਾਲ ਜਾਰੀ ਅਤੇ ਉੱਤਰ ਪ੍ਰਦੇਸ਼ ਬਿਜਨੌਰ ਵਿਚ ਵੀ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਦਰਜ ਹੋਇਆ ਕੇਸ ਨਿਊਯਾਰਕ:ਅਮਰੀਕਾ ਦੇ ਨਿਊਯਾਰਕ ਵਿਖੇ ਇੱਕ ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਦੀ ਮੌਤ ਦਾ ਮਾਮਲਾ ਦੋਵਾਂ ਮੁਲਕਾਂ ਵਿਚ ਕਾਫ਼ੀ ਭਖ ਗਿਆ ਹੈ। ਕਿਉਂ ਕਿ ਮਨਦੀਪ ਕੌਰ ਦਾ ਪਿਛੋਕੜ ਸਿੱਖ ਪਰਿਵਾਰ ਨਾਲ ਹੈ ਇਸ ਲਈ ਪੰਜਾਬ ਵਿਚ ਸਿਆਸੀ ਹਲਚਲ ਵੀ ਹੋ ਰਹੀ ਹੈ।ਇਸ ਮੌਤ ਪਿੱਛੇ ਮ੍ਰਿਤਕਾ ਵੱਲੋਂ ਘਰੇਲੂ ਹਿੰਸਾ ਤੋਂ ਤੰਗ ਆਕੇ ਕੀਤੀ ਖੁਦਕੁਸ਼ੀ ਕਾਰਨ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਨਿਊਯਾਰਕ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਤਲ ਦਾ ਕੇਸ ਮੰਨ ਕੇ ਕਰ ਰਹੀ ਹੈ। ਅਤੇ ਉੱਤਰ ਪ੍ਰਦੇਸ਼ ਬਿਜਨੌਰ ਵਿਚ ਵੀ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਅਮਰੀਕਾ ਅਤੇ ਭਾਰਤ ਵਿਚ ਸੋਸ਼ਲ ਮੀਡੀਆ ਉੱਪਰ ਮ੍ਰਿਤਕ ਵਾਸਤੇ ਇਨਸਾਫ਼ ਦੀ ਮੰਗ ਹੋ ਰਹੀ ਹੈ।ਇਕ ਡਿਜੀਟਲ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਮਨਦੀਪ ਦੇ ਪਤੀ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਵੀਡੀਓ ਪੰਜ ਸਾਲ ਪੁਰਾਣੀ ਹੈ।

ਉਨ੍ਹਾਂ ਦਾ ਵਿਆਹੁਤਾ ਜੀਵਨ ਬਹੁਤ ਵਧੀਆ ਸੀ ਅਤੇ ਇਨ੍ਹਾਂ ਦੋਵਾਂ ਦੇ ਪਰਿਵਾਰ ਉੱਤਰ ਪ੍ਰਦੇਸ਼ ਤੋਂ ਹਨ।ਮਨਦੀਪ ਕੌਰ ਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਨਜੀਬਾਬਾਦ ਪੁਲੀਸ ਸਟੇਸ਼ਨ ਵਿਖੇ ਮਨਦੀਪ ਦੇ ਪਤੀ ਅਤੇ ਸਹੁਰਿਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।

ਕੀ ਹੈ ਸਾਰਾ ਮਾਮਲਾ

ਸੋਸ਼ਲ ਮੀਡੀਆ ਉੱਪਰ 'ਦਿ ਕੌਰ ਮੂਵਮੈਂਟ' ਵਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਮਨਦੀਪ ਕੌਰ ਨਿਊਯਾਰਕ ਦੇ ਕੁਈਨਜ਼ ਇਲਾਕੇ ਵਿੱਚ ਆਪਣੇ ਪਤੀ ਅਤੇ ਦੋ ਨਾਬਾਲਿਗ ਬੱਚੀਆਂ ਨਾਲ ਰਹਿੰਦੀ ਸੀ।ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨਦੀਪ ਕੌਰ ਪਿਛਲੇ ਅੱਠ ਸਾਲਾਂ ਤੋਂ ਘਰੇਲੂ ਹਿੰਸਾ ਦਾ ਸ਼ਿਕਾਰ ਸੀ ਅਤੇ ਉਨ੍ਹਾਂ ਦਾ ਪਤੀ ਅਕਸਰ ਉਨ੍ਹਾਂ ਦੀ ਕਥਿਤ ਤੌਰ ਉੱਤੇ ਕੁੱਟਮਾਰ ਕਰਦਾ ਸੀ।ਪਿਛਲੇ ਦਿਨੀਂ ਇਸ ਸਭ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਪਤੀ ਦੀ ਗ੍ਰਿਫ਼ਤਾਰੀ ਅਤੇ ਸਖ਼ਤ ਸਜ਼ਾ ਦੀ ਮੰਗ ਉੱਠ ਰਹੀ ਹੈ।ਇਸ ਦੇ ਨਾਲ ਹੀ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਕਸਟਡੀ ਦੇਣ ਦੀ ਗੱਲ ਲਈ ਸੋਸ਼ਲ ਮੀਡੀਆ ਉੱਪਰ ਹੋ ਰਹੀ ਹੈ।

ਕੁੱਟਮਾਰ ਦੀ ਵਾਇਰਲ ਵੀਡੀਓ ਵਿੱਚ ਉਸ ਦਾ ਪਤੀ ਕਹਿੰਦਾ ਹੈ  ਕਿ ਉਨ੍ਹਾਂ ਨੂੰ ਧੀਆਂ ਨਹੀਂ ਪੁੱਤਰ ਚਾਹੀਦਾ ਹੈ।ਦਰਅਸਲ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੀ, ਜਿਸ ਵਿੱਚ ਮਨਦੀਪ ਦਾ ਪਤੀ ਉਨ੍ਹਾਂ ਦੀ ਕੁੱਟਮਾਰ ਕਰਦਾ ਨਜ਼ਰ ਆਉਂਦਾ ਹੈ। ਸੋਸ਼ਲ ਮੀਡੀਆ ਉੱਪਰ ਮਨਦੀਪ ਦੀ ਇੱਕ ਹੋਰ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਉਹ ਆਪਣੇ ਨਾਲ ਹੁੰਦੀ ਕਥਿਤ ਘਰੇਲੂ ਹਿੰਸਾ ਦਾ ਜ਼ਿਕਰ ਕਰਦੀ ਹੈ।

ਮਨਦੀਪ ਕੌਰ ਦੀ ਵਾਇਰਲ ਵੀਡੀਓ ਵਿੱਚ ਉਨ੍ਹਾਂ ਨੂੰ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਉਹ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ।ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਤੀ ਦੇ ਪਰਿਵਾਰ ਉੱਪਰ ਵੀ ਕਈ ਗੰਭੀਰ ਇਲਜ਼ਾਮ ਲਗਾਏ।ਮਨਦੀਪ ਕੌਰ ਦੇ ਪਤੀ ਨੇ ਆਖਿਆ,"ਸੋਸ਼ਲ ਮੀਡੀਆ ਉੱਪਰ ਵਾਇਰਲ ਵੀਡਿਓ ਪੰਜ ਸਾਲ ਪੁਰਾਣੀ ਹੈ ਅਤੇ ਉਸ ਨੂੰ ਪਿਛਲੇ ਹਫ਼ਤੇ ਹੋਈ ਮੌਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।"

ਮਨਦੀਪ ਦਾ ਪਤੀ ਆਪਣੇ ਖ਼ਿਲਾਫ਼ ਲਾਏ ਜਾ ਰਹੇ ਸਾਰੇ ਇਲਜ਼ਾਮਾਂ ਨੂੰ ਵੀ ਰੱਦ ਕਰ ਰਿਹਾ ਹੈ।

ਮਨਦੀਪ ਕੌਰ ਦੇ ਰੋਂਦੇ-ਵਿਲਖਦੇ ਪਿਤਾ ਜਸਪਾਲ ਸਿੰਘ ਕਹਿੰਦੇ, ‘ਜੇ ਮੇਰੀ ਧੀ ਪੁੱਤ ਜੰਮਦੀ ਤਾਂ ਅੱਜ ਜ਼ਿੰਦਾ ਹੁੰਦੀ’ -  ਮਨਦੀਪ ਦਾ ਪਤੀ ਅਤੇ ਉਸ ਦੀ ਸੱਸ ਮੇਰੀ ਧੀ ਦੀਆਂ ਦੋ ਬੇਟੀਆਂ ਹੋਣ 'ਤੇ ਅਕਸਰ ਤੰਗ ਕਰਦੇ ਸਨ। ਭਾਰਤ ਵਿੱਚ ਉਸ ਨੂੰ ਮਾਰਨਾ ਸੌਖਾ ਨਹੀਂ ਸੀ। ਇੱਥੇ ਅਸੀਂ ਸਾਰੇ ਸੀ। ਅਮਰੀਕਾ ਵਿੱਚ ਅਸੀਂ ਆਪਣੀ ਧੀ ਦੀ ਕਿਵੇਂ ਮਦਦ ਕਰਦੇ।"

"ਉਨ੍ਹਾਂ ਨੇ ਮੇਰੀ ਮਨਦੀਪ ਨੂੰ ਇਸ ਹੱਦ ਤੱਕ ਮਾਨਸਿਕ ਅਤੇ ਸਰੀਰਕ ਤਸੀਹੇ ਦਿੱਤੇ ਕਿ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਈ। ਮੈਂ ਚਾਹੁੰਦਾ ਹਾਂ ਕਿ ਸਰਕਾਰ ਉਸ ਦੇ ਪਤੀ ਰਣਜੋਤਵੀਰ ਸਿੰਘ ਨੂੰ ਅਜਿਹੀ ਸਖ਼ਤ ਸਜ਼ਾ ਦੇਵੇ ਕਿ ਕੋਈ ਬੇਟੀ ਇਸ ਤਰ੍ਹਾਂ ਮਰਨ ਲਈ ਮਜਬੂਰ ਨਾ ਹੋਵੇ।"

ਮਨਦੀਪ ਕੌਰ ਦੀ ਭੈਣ ਕੁਲਦੀਪ ਕੌਰ ਨੇ  ਦੱਸਿਆ,"ਮੇਰੀ ਭੈਣ ਦਾ ਵਿਆਹ 2015 ਵਿੱਚ ਹੋਇਆ ਸੀ ਅਤੇ ਉਸ ਤੋਂ ਬਾਅਦ ਉਹ ਨਿਊਯਾਰਕ ਚਲੀ ਗਈ।"''ਉਸ ਦੇ ਪਤੀ ਨੇ ਥੋੜ੍ਹੇ ਸਮੇਂ ਬਾਅਦ 50 ਲੱਖ ਰੁਪਏ ਦੀ ਮੰਗ ਕੀਤੀ ਅਤੇ ਇਸੇ ਨਾਲ ਹੀ ਕਿਹਾ ਕਿ ਉਸ ਨੂੰ ਇਕ ਬੇਟਾ ਚਾਹੀਦਾ ਹੈ।"  ਮਨਦੀਪ ਕੌਰ ਦੀ ਮੌਤ ਤੋਂ ਬਾਅਦ ਅਮਰੀਕਾ ਵਿੱਚ ਭਾਰਤੀ ਭਾਈਚਾਰੇ ਵੱਲੋਂ ਕਈ ਜਗ੍ਹਾ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਅਤੇ ਮਨਦੀਪ ਦੇ ਪਤੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਨਿਊਯਾਰਕ ਵਿਚ ਭਾਰਤੀ ਦੂਤਾਵਾਸ ਨੇ ਲਿਆ ਨੋਟਿਸ

ਨਿਊਯਾਰਕ ਸਿਟੀ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਪਤੀ ਦੇ ਤਸ਼ੱਦਦ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੀ ਮਨਦੀਪ ਕੌਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਕਿ ਉਸ ਵੱਲੋਂ ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਉਧਰ, ਪੀੜਤਾ ਦੇ ਪਿਤਾ ਜਸਪਾਲ ਸਿੰਘ ਦੀ ਸ਼ਿਕਾਇਤ ’ਤੇ ਬਿਜਨੌਰ ਪੁਲੀਸ ਨੇ ਮਨਦੀਪ ਕੌਰ ਦੇ ਪਤੀ ਰਣਜੋਤਵੀਰ ਸਿੰਘ ਸੰਧੂ, ਸਹੁਰੇ ਮੁਖਤਾਰ ਸਿੰਘ, ਸੱਸ ਕੁਲਦੀਪ ਰਾਜ ਕੌਰ ਅਤੇ ਦਿਉਰ ਜਸਵੀਰ ਸਿੰਘ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਅਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਹੈ।

 ਇਸੇ ਦੌਰਾਨ ਟਵੀਟ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਲਿਖਿਆ, ‘‘ਅਸੀਂ ਕੁਈਨਜ਼ (ਨਿਊਯਾਰਕ) ਵਿੱਚ ਮਨਦੀਪ ਕੌਰ ਦੀ ਮੌਤ ਤੋਂ ਬਹੁਤ ਦੁਖੀ ਹਾਂ। ਅਸੀਂ ਸੰਘੀ ਅਤੇ ਸਥਾਨਕ ਪੱਧਰ ’ਤੇ ਅਮਰੀਕੀ ਅਧਿਕਾਰੀਆਂ ਦੇ ਨਾਲ ਨਾਲ ਭਾਈਚਾਰੇ ਦੇ ਸੰਪਰਕ ਵਿੱਚ ਹਾਂ। ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ।’’ 

ਮਨਦੀਪ ਕੌਰ ਦੀ ਮੌਤ ਤੋਂ ਬਾਅਦ ਪੰਜਾਬ ਤੋਂ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਕੇਂਦਰੀ ਵਿਦੇਸ਼ ਮੰਤਰੀ ਤੋਂ ਸਮਾਂ ਮੰਗਿਆ।ਰਾਘਵ ਚੱਢਾ ਨੇ ਟਵੀਟ ਕਰਦੇ ਹੋਏ ਆਖਿਆ ਕਿ ਮਨਦੀਪ ਕੌਰ ਦੀ ਘਰੇਲੂ ਹਿੰਸਾ ਕਰਕੇ ਮੌਤ ਦੁੱਖਦਾਈ ਹੈ ਅਤੇ ਇਸ ਘਟਨਾ ਨੇ ਸਭ ਨੂੰ ਤੋੜ ਕੇ ਰੱਖ ਦਿੱਤਾ ਹੈ।ਪੰਜਾਬ ਸਰਕਾਰ ਵਿਚ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਪੋਸਟ ਕਰਦੇ ਹੋਏ ਆਖਿਆ ਹੈ, ''ਦੁਨੀਆ ਭਰ ਦੀਆਂ ਔਰਤਾਂ ਨੂੰ ਘਰੇਲੂ ਹਿੰਸਾ ਵਿਰੁੱਧ ਇਕਜੁੱਟ ਹੋ ਕੇ ਅਵਾਜ਼ ਚੁੱਕਣੀ ਚਾਹੀਦੀ ਹੈ ਤਾਂ ਜੋ ਕਿਸੇ ਔਰਤ ਨਾਲ ਅਜਿਹੀ ਘਟਨਾ ਨਾ ਵਾਪਰੇ।