12 ਸਾਲਾ ਲੜਕੇ ਨੂੰ ਗੋਲੀ ਮਾਰ ਕੇ ਮਾਰ ਦੇਣ ਦੇ ਮਾਮਲੇ ਵਿਚ ਪੁਲਿਸ ਅਫਸਰ ਹੋਵੇਗਾ ਬਰਖਾਸਤ-ਕਮਿਸ਼ਨਰ

12 ਸਾਲਾ ਲੜਕੇ ਨੂੰ ਗੋਲੀ ਮਾਰ ਕੇ ਮਾਰ ਦੇਣ ਦੇ ਮਾਮਲੇ ਵਿਚ ਪੁਲਿਸ ਅਫਸਰ ਹੋਵੇਗਾ ਬਰਖਾਸਤ-ਕਮਿਸ਼ਨਰ
ਕੈਪਸ਼ਨ ਫਿਲਾਡੈਲਫੀਆ ਦੀ ਪੁਲਿਸ ਕਮਿਸ਼ਨਰ ਡੈਨੀਲ ਆਊਟਲਾਅ ਪੱਤਰਕਾਰਾਂ ਨੂੰ ਸੰਬੋਧਨ ਕਰਦੀ ਹੋਈ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 9 ਮਾਰਚ (ਹੁਸਨ ਲੜੋਆ ਬੰਗਾ)  ਬੀਤੇ ਦਿਨ ਫਿਲਾਡੈਲਫੀਆ ਵਿਚ ਇਕ 12 ਸਾਲਾ ਲੜਕੇ ਦਾ ਪਿੱਛਾ ਕਰਕੇ ਉਸ ਨੂੰ ਗੋਲੀ ਮਾਰ ਕੇ ਮਾਰ ਦੇਣ ਦੇ ਮਾਮਲੇ ਵਿਚ ਸਬੰਧਤ ਪੁਲਿਸ ਅਫਸਰ ਨੂੰ ਬਰਖਾਸਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਸ਼ਹਿਰ ਦੀ ਪੁਲਿਸ ਕਮਿਸ਼ਨਰ ਡੈਨੀਲ ਆਊਟਲਾਅ ਨੇ ਕਿਹਾ ਹੈ ਕਿ  ਸਾਦੇ ਕਪੜਿਆਂ ਵਿਚ ਇਕ ਪੁਲਿਸ ਅਫਸਰ ਜਿਸ ਦੀ ਅਜੇ ਸ਼ਨਾਖਤ ਕੀਤੀ ਜਾਣੀ ਹੈ, ਨੇ ਥਾਮਸ ਸੀਡੀਰੀਓ ਨਾਮੀ ਲੜਕੇ ਦੀ ਪਿੱਠ ਵਿਚ ਗੋਲੀ ਮਾਰੀ ਸੀ। ਉਨਾਂ ਕਿਹਾ ਕਿ ਪੁਲਿਸ ਅਫਸਰ ਨੂੰ ਲੋੜੋਂ ਵਧ ਤਾਕਤ ਵਰਤਣ ਦੇ ਦੋਸ਼ਾਂ ਤਹਿਤ ਬਰਖਾਸਤ ਕੀਤਾ ਜਾਵੇਗਾ। ਪੁਲਿਸ ਦਾ ਦੋਸ਼ ਸੀ ਕਿ ਲੜਕਾ ਪੁਲਿਸ ਦੀ ਗੱਡੀ ਉਪਰ ਗੋਲੀ ਚਲਾ ਕੇ ਭੱਜਾ ਸੀ। ਪੁਲਿਸ ਜਾਂਚ ਵਿਚ ਇਹ ਪੁਸ਼ਟੀ ਕੀਤੀ ਗਈ ਹੈ ਕਿ ਅਫਸਰ ਨੇ ਵਿਭਾਗ ਦੇ ਤਾਕਤ ਵਰਤਣ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਉਲੰਘਣਾ ਕਰਨ ਵਾਲਾ ਭਾਵੇਂ ਕੋਈ ਵੀ ਹੋਵੇ, ਉਸ ਨੂੰ ਨਤੀਜੇ ਭੁਗਤਣੇ ਪੈਣਗੇ।