ਅਮਰੀਕੀ ਰਾਸ਼ਟਰਪਤੀ ਵੱਲੋਂ ਹੰਗਾਮੀ ਯੋਜਨਾ ਦਾ ਐਲਾਨ

ਅਮਰੀਕੀ ਰਾਸ਼ਟਰਪਤੀ ਵੱਲੋਂ ਹੰਗਾਮੀ ਯੋਜਨਾ ਦਾ ਐਲਾਨ

ਕੈਂਨਟੱਕੀ ਸਮੇਤ 4 ਰਾਜਾਂ ਵਿਚ ਆਏ ਜਬਰਦਸਤ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 84 ਹੋਈ।

ਅੰਮ੍ਰਿਤਸਰ ਟਾਈਮਜ਼ 

 ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ ਨੇ ਕੈਂਨਟੱਕੀ ਵਾਸਤੇ ਹੰਗਾਮੀ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੰਘੀ ਹੰਗਾਮੀ ਮੈਨਜਮੈਂਟ ਏਜੰਸੀ ਨੂੰ ਤੂਫਾਨ ਪੀੜਤਾਂ ਦੀ ਮੱਦਦ ਕਰਨ ਲਈ ਕਿਹਾ ਹੈ। ਵਾਇਟ ਹਾਊਸ ਅਨੁਸਾਰ ਰਾਸ਼ਟਰਪਤੀ ਨੇ ਤੂਫਾਨ ਤੋਂ ਪ੍ਰਭਾਵਿਤ ਰਾਜਾਂ ਦੇ ਗਵਰਨਰਾਂ ਨਾਲ ਗੱਲ ਕੀਤੀ ਹੈ ਤੇ ਸਥਿੱਤੀ ਦਾ ਜਾਇਜ਼ਾ ਲਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ '' ਅਸੀਂ ਇਕਮੁੱਠ ਹੋ ਕੇ ਹਾਲਾਤ ਦਾ ਮੁਕਾਬਲਾ  ਕਰਾਂਗੇ। ਸੰਘੀ ਸਰਕਾਰ ਪਿਛੇ ਨਹੀਂ ਹਟੇਗੀ। ਇਹ ਮੌਕਾ ਅਜਿਹਾ ਹੈ ਜਦੋਂ ਅਸੀਂ ਡੈਮੋਕਰੈਟਸ ਜਾਂ ਰਿਪਬਲੀਕਨ ਨਹੀਂ ਹਾਂ ਤੇ ਅਸੀਂ ਸਾਰੇ ਅਮਰੀਕੀ ਹਾਂ।''ਅਮਰੀਕਾ ਦੇ ਕੈਂਨਟੱਕੀ, ਇਲੀਨੋਇਸ, ਟੈਨੇਸੀ ਤੇ ਅਰਕੰਸਾਸ ਰਾਜ ਵਿਚ ਆਏ ਜਬਰਦਸਤ ਤੂਫਾਨ ਵਿਚ ਫਸ ਕੇ ਅਨੇਕਾਂ ਲੋਕ ਮਾਰੇ ਗਏ ਹਨ ਤੇ ਭਾਰੀ ਤਬਾਹੀ ਹੋਈ ਹੈ। ਕੈਂਨਟੱਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਹੈ ਕਿ ਘੱਟੋ ਘੱਟ 84 ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ। ਇਸ ਤੋਂ ਇਲਾਵਾ ਘਰਾਂ,ਸਨਅਤੀ ਇਮਾਰਤਾਂ ਤੇ ਨਰਸਿੰਗ ਹੋਮ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।

ਸਭ ਕੁਝ ਤਬਾਹ:  ਪੱਛਮੀ ਕੈਂਨਟੱਕੀ ਵਿਚ ਚਾਰੇ ਪਾਸੇ ਤਬਾਹੀ ਦਾ ਮੰਜਰ ਨਜਰ ਆ ਰਿਹਾ ਹੈ ਤੇ ਰਾਜ ਦੇ ਇਤਿਹਾਸ ਵਿਚ ਇਹ ਪਹਿਲਾ ਸਭ ਤੋਂ ਵਧ ਖਤਰਨਾਕ ਤੂਫਾਨ ਹੈ। ਹਵਾਵਾਂ 227 ਕਿਲੋਮੀਟਰ ਦੀ ਰਫਤਾਰ ਨਾਲ ਚੱਲੀਆਂ ਤੇ ਉਨ੍ਹਾਂ ਦੇ ਰਸਤੇ ਵਿਚ ਜੋ ਵੀ ਆਇਆ ਉਸ ਨੂੰ ਹੂੰਝ ਕੇ ਲੈ ਗਈਆਂ। ਕੈਂਨਟੱਕੀ ਤੋਂ ਇਲਾਵਾ ਅਰਕੰਸਾਸ ਵਿਚ ਇਕ 86 ਬਿਸਤਰਿਆਂ ਵਾਲਾ ਨਰਸਿੰਗ ਹੋਮ ਢਹਿ ਢੇਰੀ ਹੋ ਗਿਆ ਜਿਸ ਕਾਰਨ ਇਕ ਵਿਅਕਤੀ ਮਾਰਿਆ ਗਿਆ ਤੇ 5 ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਏ। ਇਲੀਨੋਇਸ ਵਿਚ ਐਡਵਰਡਸਵਿਲੇ ਵਿਖੇ ਸੇਂਟ ਲੋਇਸ ਦੇ ਪੂਰਬ ਵਿਚ ਐਮਾਜ਼ੋਨ ਦੀ ਇਕ ਇਮਾਰਤ ਦੀ ਛੱਤ ਉੱਡ ਗਈ। ਅੱਗ ਬੁਝਾਊ ਵਿਭਾਗ ਦੇ ਮੁੱਖੀ ਜੇਮਜ ਵਾਇਟਫੋਰਡ ਅਨੁਸਾਰ ਇਥੇ 6 ਲੋਕ ਮਾਰੇ ਗਏ ਹਨ। ਇਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਐਮਾਜ਼ੋਨ ਨੇ ਇਕ ਬਿਆਨ ਰਾਹੀਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਮੌਕੇ ਉਪਰ ਮੱਦਦ ਲਈ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ ਹੈ। ਟੈਨੇਸੀ ਦੇ ਉਤਰ ਪੱਛਮੀ ਹਿੱਸੇ ਵਿਚ 3 ਲੋਕਾਂ ਦੇ ਮਾਰੇ ਜਾਣ ਦੀ ਰਿਪੋਰਟ ਹੈ।