ਸੰਘੀ ਨਿਆਇਕ ਕਮੇਟੀ ਨੇ ਟਰੰਪ ਦੇ ਸਾਬਕਾ ਸਲਾਹਕਾਰ ਨੂੰ ਕਾਂਗਰਸ ਦੀ ਮਾਣਹਾਨੀ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ

ਸੰਘੀ ਨਿਆਇਕ ਕਮੇਟੀ ਨੇ ਟਰੰਪ ਦੇ ਸਾਬਕਾ ਸਲਾਹਕਾਰ ਨੂੰ ਕਾਂਗਰਸ ਦੀ ਮਾਣਹਾਨੀ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ
ਕੈਪਸ਼ਨ: ਸਟੀਵ ਬੈਨਨ

* ਦੋਸ਼ ਆਇਦ, ਗ੍ਰਿਫਤਾਰੀ ਵਾਰੰਟ ਜਾਰੀ

  ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਸੰਘੀ ਨਿਆਇਕ ਕਮੇਟੀ (ਗਰੈਂਡ ਜਿਊਰੀ ) ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਤਕਾਲ ਸਲਾਹਕਾਰ ਸਟੀਵ ਬੈਨਨ ਨੂੰ ਕਾਂਗਰਸ ਦੀ ਮਾਣਹਾਨੀ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ ਹੈ। ਇਹ ਐਲਾਨ ਨਿਆਂ ਵਿਭਾਗ ਨੇ ਕੀਤਾ ਹੈ।  ਪ੍ਰਤੀਨਿੱਧ ਸਦਨ ਵੱਲੋਂ ਮਾਮਲਾ ਨਿਆਂ ਵਿਭਾਗ ਦੇ ਸਪੁਰਦ ਕਰਨ ਉਪਰੰਤ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਇਸ ਮਾਮਲੇ ਵਿਚ ਕਾਫੀ ਦਬਾਅ ਹੇਠ ਸਨ। ਗਾਰਲੈਂਡ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ 'ਮੈ ਅਹੁੱਦਾ ਸੰਭਾਲਣ ਦੇ ਪਹਿਲੇ ਦਿਨ ਹੀ ਨਿਆਂ ਵਿਭਾਗ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਕਜੁੱਟ ਹੋ ਕੇ ਆਪਣੀ ਕਾਰਗੁਜਾਰੀ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਸਾਬਤ ਕਰ ਦੇਵਾਂਗੇ ਕਿ ਸਾਡਾ ਵਿਭਾਗ ਕਾਨੂੰਨ ਦੁਆਰਾ ਨਿਧਾਰਤ ਨਿਯਮਾਂ ਦੀ ਪਾਲਣਾ ਕਰਦਾ ਹੈ। ਤੱਥਾਂ ਉਪਰ ਕਾਰਵਾਈ ਕਰਦਿਆਂ ਹਰ ਇਕ ਨਾਲ ਬਰਾਬਰ ਨਿਆਂ ਕਰਦਾ ਹੈ।'' ਉਨ੍ਹਾਂ ਕਿਹਾ ਹੈ ਕਿ ਬੈਨਨ ਵਿਰੁੱਧ ਆਇਦ ਕੀਤੇ ਗਏ ਦੋਸ਼ ਨਿਆਂ ਵਿਭਾਗ ਦੀ ਸਿਧਾਂਤਾਂ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹਨ। ਬੈਨਨ ਵਿਰੁੱਧ ਨਿਆਇਕ ਕਮੇਟੀ ਅੱਗੇ ਪੇਸ਼ ਹੋਣ ਤੋਂ ਨਾਂਹ ਕਰਨ ਤੇ ਮੰਗੇ ਗਏ ਦਸਤਾਵੇਜ ਨਾ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ। ਨਿਆਂ ਵਿਭਾਗ ਅਨੁਸਾਰ ਇਨ੍ਹਾਂ ਦੋਨਾਂ ਦੋਸ਼ਾਂ ਤਹਿਤ ਬੈਨਨ  ਨੂੰ ਇਕ ਮਹੀਨੇ ਤੋਂ ਲੈ ਕੇ ਇਕ ਸਾਲ ਤੱਕ ਸਜ਼ਾ ਹੋ ਸਕਦੀ ਹੈ। ਯੂ ਐਸ ਅਟਾਰਨੀ ਦੇ ਦਫਤਰ ਦੇ ਇਕ ਵਕੀਲ ਨੇ ਗਰੈਂਡ ਜਿਊਰੀ ਅੱਗੇ ਬੀਤੇ ਸ਼ੁੱਕਰਵਾਰ ਸਬੂਤ ਪੇਸ਼ ਕੀਤੇ ਸਨ ਤੇ ਜੱਜ ਰਾਬਿਨ ਐਮ ਮੈਰੀਵੈਦਰ ਕੋਲੋਂ ਬੈਨਨ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ। ਜੱਜ ਨੇ ਬੈਨਨ ਵਿਰੁੱਧ  ਵਾਰੰਟ ਜਾਰੀ ਕਰ ਦਿੱਤਾ ਸੀ । ਬੈਨਨ ਵੱਲੋਂ ਸੋਮਵਾਰ ਨੂੰ ਅਦਾਲਤ ਵਿਚ ਆਤਮ ਸਮਰਪਣ ਕਰ ਦੇਣ ਦੀ ਸੰਭਾਵਨਾ ਹੈ। ਹੁਣ ਇਹ ਮਾਮਲਾ ਜਿਲ੍ਹਾ ਜੱਜ ਕਾਰਲ ਨਿਕੋਲਸ ਦੀ ਅਦਾਲਤ ਵਿਚ ਭੇਜ ਦਿੱਤਾ ਗਿਆ ਹੈ ਜਿਸ ਦੀ ਨਿਯੁਕਤੀ ਸਾਬਕਾ ਰਾਸ਼ਟਰਪਤੀ ਟਰੰਪ ਦੁਆਰਾ ਕੀਤੀ ਗਈ ਸੀ।