ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੀ; ਬੀਬੀ ਖਾਲੜਾ ਨੂੰ ਖਡੂਰ ਸਾਹਿਬ ਸੀਟ ਤੋਂ ਉਮੀਦਵਾਰ ਬਣਾਇਆ
ਚੰਡੀਗੜ੍ਹ: ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਐਮਪੀ ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਵਲੋਂ ਹੋਰ ਕੁਝ ਸਿਆਸੀ ਧਿਰਾਂ ਨਾਲ ਮਿਲ ਕੇ ਬਣਾਏ ਗਏ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਗਠਜੋੜ ਦੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ। ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਲੋਂ ਪਹਿਲੀ ਸੂਚੀ ਵਿਚ ਖਡੂਰ ਸਾਹਿਬ ਸੀਟ ਤੋਂ ਮਨੁੱਖੀ ਹੱਕਾਂ ਦੀ ਰਾਖੀ ਕਰਦਿਆਂ ਸ਼ਹਾਦਤ ਦੇਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਤੇ ਪਟਿਆਲਾ ਸੀਟ ਤੋਂ ਅਲਾਇੰਸ ਵੱਲੋਂ ਧਰਮਵੀਰ ਗਾਂਧੀ ਲੋਕ ਸਭਾ ਚੋਣ ਲੜਨਗੇ।
ਉਪਰੋਕਤ ਤਿੰਨ ਪਾਰਟੀਆਂ ਤੋਂ ਇਲਾਵਾ ਇਸ ਅਲਾਇੰਸ ਵਿਚ ਬਹੁਜਨ ਸਮਾਜ ਪਾਰਟੀ, ਕਮਿਊਨਿਸਟ ਪਾਰਟੀ ਆਫ ਇੰਡੀਆ ਅਤੇ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਵੀ ਸ਼ਾਮਿਲ ਹਨ। ਅਲਾਇੰਸ ਨੇ ਫਤਹਿਗੜ੍ਹ ਸਾਹਿਬ ਤੋਂ ਮਨਵਿੰਦਰ ਸਿੰਘ ਗਿਆਸਪੁਰਾ, ਫਰੀਦਕੋਟ ਸੀਟ ਤੋਂ ਐਮਐਲਏ ਮਾਸਟਰ ਬਲਦੇਵ ਸਿੰਘ, ਅਨੰਦਪੁਰ ਸਾਹਿਬ ਸੀਟ ਤੋਂ ਵਿਕਰਮ ਸਿੰਘ ਸੋਢੀ, ਹੁਸ਼ਿਆਰਪੁਰ ਸੀਟ ਤੋਂ ਸਾਬਕਾ ਆਈਏਐਸ ਅਫਸਰ ਚੌਧਰੀ ਖੁਸ਼ੀ ਰਾਮ ਅਤੇ ਜਲੰਧਰ ਤੋਂ ਬਲਵਿੰਦਰ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ।
ਸੀਪੀਆਈ ਨੂੰ ਫ਼ਿਰੋਜ਼ਪੁਰ ਸੀਟ ਤੇ ਮੰਗਤ ਰਾਮ ਪਾਸਲਾ ਦੀ ਆਰਐੱਮਪੀਆਈ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਦਿੱਤੀ ਗਈ ਹੈ। ਲੋਕ ਇਨਸਾਫ਼ ਪਾਰਟੀ ਆਪਣੇ ਉਮੀਦਵਾਰ ਲੁਧਿਆਣਾ ਤੇ ਅੰਮ੍ਰਿਤਸਰ ਹਲਕਿਆਂ ਤੋਂ ਖੜ੍ਹੇ ਕਰੇਗੀ।
ਗੱਠਜੋੜ ਦੇ ਆਗੂ ਨੇ ਕਿਹਾ ਕਿ ਟਕਸਾਲੀ ਅਕਾਲੀਆਂ ਨੂੰ ਅਨੰਦਪੁਰ ਸਾਹਿਬ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕਰਨਾ ਚਾਹੀਦਾ ਸੀ ਪਰ ਉਸ ਪਾਰਟੀ ਨਾਲ ਗੱਠਜੋੜ ਦੇ ਰਾਹ ਹਾਲੇ ਵੀ ਖੁੱਲ੍ਹੇ ਹਨ।
ਅਲਾਇੰਸ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਲਈ ਚੋਣਾਂ ਵਿਚ ਮੁੱਖ ਮਸਲੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਕ, ਪੰਜਾਬੀ ਬੋਲਦੇ ਇਲਾਕਿਆਂ ਅਤੇ ਰਾਜਧਾਨੀ ਚੰਡੀਗੜ੍ਹ ਦਾ ਪੰਜਾਬ ਵਿਚ ਰਲੇਵਾਂ ਅਤੇ ਭਾਰਤ ਵਿਚ ਸਹੀ ਅਰਥਾਂ ਵਾਲੇ ਫੈਡਰਲ ਢਾਂਚੇ ਦੀ ਬਹਾਲੀ ਕਰਾਉਣਾ ਹੋਣਗੇ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)