ਦੀਵੇ ਥੱਲੇ ਹਨੇਰਾ : ਅਮਰੀਕਨ ਫੌਜਾਂ ਦੇ ਨੇੜੇ ਹੀ ਰਹਿੰਦਾ ਰਿਹਾ ਮੋਸਟ ਵਾਂਟਿਡ ਮੁੱਲ੍ਹਾ ਉਮਰ

ਦੀਵੇ ਥੱਲੇ ਹਨੇਰਾ : ਅਮਰੀਕਨ ਫੌਜਾਂ ਦੇ ਨੇੜੇ ਹੀ ਰਹਿੰਦਾ ਰਿਹਾ ਮੋਸਟ ਵਾਂਟਿਡ ਮੁੱਲ੍ਹਾ ਉਮਰ

ਇਸਲਾਮਾਬਾਦ/ਏਟੀ ਨਿਊਜ਼ :
ਤਾਲਿਬਾਨ ਦੇ ਬਾਨੀ ਮੁੱਲ੍ਹਾ ਉਮਰ ਦਾ ਅਫ਼ਗ਼ਾਨਿਸਤਾਨ ਵਿਚਲਾ ਟਿਕਾਣਾ ਅਮਰੀਕੀ ਫੌਜੀ ਅੱਡਿਆਂ ਤੋਂ ਕੋਈ ਬਹੁਤਾ ਦੂਰ ਨਹੀਂ ਸੀ। ਉਮਰ ਇੱਕਾ-ਦੁੱਕਾ ਨਹੀਂ ਬਲਕਿ ਕਈ ਸਾਲਾਂ ਤਕ ਇਸ ਟਿਕਾਣੇ 'ਤੇ ਰਿਹਾ, ਪਰ ਅਮਰੀਕੀ ਖੁਫੀਆ ਏਜੰਸੀਆਂ ਨੂੰ ਇਸ ਗੱਲ ਦੀ ਭਿਣਕ ਤਕ ਨਹੀਂ ਲੱਗੀ। ਇਹ ਖੁਲਾਸਾ ਡੱਚ ਪੱਤਰਕਾਰ ਬੈਟੇ ਡੈਮ ਦੀ ਕਿਤਾਬ 'ਸਰਚਿੰਗ ਫੌਰ ਐਨ ਐਨੇਮੀ' ਤੋਂ ਹੋਇਆ ਹੈ। ਇਸ ਨਵੀਂ ਕਿਤਾਬ ਵਿੱਚ ਅਮਰੀਕੀ ਖੁਫ਼ੀਆ ਵਿਭਾਗ ਦੀ ਨਾਕਾਮੀ ਨੂੰ ਉਭਾਰਿਆ ਗਿਆ ਹੈ। ਵਾਸ਼ਿੰਗਟਨ ਦਾ ਅਜਿਹਾ ਮੰਨਣਾ ਸੀ ਕਿ ਇਕ ਅੱਖ ਵਾਲਾ ਇਹ ਭਗੌੜਾ ਆਗੂ ਪਾਕਿਸਤਾਨ ਭੱਜ ਗਿਆ ਸੀ, ਪਰ ਇਸ ਨਵੀਂ ਜੀਵਨੀ ਮੁਤਾਬਕ ਉਮਰ ਸਾਲ 2013 ਵਿੱਚ ਆਪਣੀ ਮੌਤ ਤੋਂ ਪਹਿਲਾਂ ਆਪਣੇ ਗ੍ਰਹਿ ਸੂਬੇ ਜ਼ਾਬੁਲ ਵਿੱਚਲੇ ਘਰ ਵਿੱਚ ਹੀ ਰਿਹਾ, ਜੋ ਅਮਰੀਕਾ ਦੇ ਮੂਹਰਲੇ ਫੌਜੀ ਅੱਡੇ ਤੋਂ ਮਹਿਜ਼ ਤਿੰਨ ਮੀਲ ਦੀ ਦੂਰੀ 'ਤੇ ਸੀ। ਕਿਤਾਬ ਮੁਤਾਬਕ ਤਾਲਿਬਾਨ ਮੁਖੀ ਨੇ ਆਪਣੇ ਆਖਰੀ ਦਿਨ ਬਨਵਾਸ ਵਜੋਂ ਹੀ ਕੱਟੇ। ਇਸ ਦੌਰਾਨ ਉਮਰ ਆਪਣੇ ਪਰਿਵਾਰ ਦੇ ਕਿਸੇ ਜੀਅ ਨੂੰ ਨਹੀਂ ਮਿਲਿਆ ਤੇ ਉਸ ਨੇ ਆਪਣੀਆਂ ਯਾਦਾਂ ਨੂੰ ਕਲਪਿਤ ਭਾਸ਼ਾ ਵਿੱਚ ਰਦਜ ਕੀਤਾ। ਡੈਮ ਨੇ ਇਹ ਕਿਤਾਬ ਪੰਜ ਸਾਲ ਦੀ ਖੋਜ ਮਗਰੋਂ ਲਿਖੀ ਹੈ ਤੇ ਇਸ ਵਿਚਲੇ ਤੱਥ ਉਮਰ ਦੇ ਅੰਗਰੱਖਿਅਕ ਜੱਬਾਰ ਉਮਾਰੀ ਵੱਲੋਂ ਦਿੱਤੇ ਵੇਰਵਿਆਂ 'ਤੇ ਆਧਾਰਿਤ ਹਨ।