ਕੈਪਟਨ ਸਰਕਾਰ ਵੱਲੋਂ ਕਾਲੇ ਕਾਨੂੰਨ ਅਧੀਨ ਜੇਲ੍ਹਾਂ ਵਿਚ ਬੰਦ ਕੀਤੇ ਜਾ ਰਹੇ ਸਿੱਖਾਂ ਦੇ ਹੱਕ ਵਿਚ ਖਹਿਰਾ ਦੀ ਮੁਹਿੰਮ

ਕੈਪਟਨ ਸਰਕਾਰ ਵੱਲੋਂ ਕਾਲੇ ਕਾਨੂੰਨ ਅਧੀਨ ਜੇਲ੍ਹਾਂ ਵਿਚ ਬੰਦ ਕੀਤੇ ਜਾ ਰਹੇ ਸਿੱਖਾਂ ਦੇ ਹੱਕ ਵਿਚ ਖਹਿਰਾ ਦੀ ਮੁਹਿੰਮ
ਮਾਨਸਾ 'ਚ ਦਰਜ ਯੂਏਪੀਏ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਨੌਜਵਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਚ ਕਾਲੇ ਕਾਨੂੰਨ ਯੂਏਪੀਏ ਅਧੀਨ ਗ੍ਰਿਫਤਾਰ ਕੀਤੇ ਸਿੱਖਾਂ ਦੀ ਮਦਦ ਲਈ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਦੇ ਸਾਥੀ ਐਮਐਲਏ ਲਗਾਤਾਰ ਅਵਾਜ਼ ਚੁੱਕ ਰਹੇ ਹਨ। ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਤੇ ਪੰਜਾਬ ਵਿੱਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਪੁਲੀਸ ਵੱਲੋਂ ਮਾਨਸਾ ਤੋਂ ਅਤਿਵਾਦੀ ਕਹਿ ਕੇ ਫੜ੍ਹੇ ਗਏ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਉਹ ਇਸ ਪਰਿਵਾਰ ਤੇ ਸਿੱਖ ਆਗੂ ਦੇ ਬੇਕਸੂਰ ਹੋਣ ਦੀ ਕਾਨੂੰਨੀ ਲੜਾਈ ਲੜਨਗੇ ਤੇ ਇਸ ਰਾਹੀਂ ਸਰਕਾਰਾਂ ਦੀ ਧੱਕੇਸ਼ਾਹੀ ਦਾ ਵੀ ਜਵਾਬ ਦੇਣਗੇ। 

ਸੁਖਪਾਲ ਸਿੰਘ ਖਹਿਰਾ ਵੀਰਵਾਰ ਨੂੰ ਗੁਰਤੇਜ ਸਿੰਘ ਦੇ ਘਰ ਮਾਨਸਾ ਵਿਖੇ ਦੋ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਨਿਰਮਲ ਸਿੰਘ ਖਾਲਸਾ ਭਦੌੜ ਸਮੇਤ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨੇ ਪਰਿਵਾਰ ਦਾ ਹਾਲ-ਚਾਲ ਪੁੱਛਿਆ ਤੇ ਕਿਹਾ ਕਿ ਗੁਰਤੇਜ ਸਿੰਘ ਦਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਹੈ, ਉਸਨੂੰ ਬਿਨਾਂ ਕਿਸੇ ਕਸੂਰ ਤੇ ਬਿਨਾਂ ਕਿਸੇ ਦੋਸ਼ ਹੇਠ ਦਿੱਲੀ ਪੁਲੀਸ ਵੱਲੋਂ ਅਤਿਵਾਦੀ ਕਹਿ ਕੇ ਫਸਾਇਆ ਗਿਆ ਹੈ। 

ਉਹਨਾਂ ਅਜਿਹੇ 16 ਨੌਜਵਾਨ ਗਿਣਾਏ ਜਿਹਨਾਂ ਖਿਲਾਫ ਕੈਪਟਨ ਸਰਕਾਰ ਨੇ ਇਸ ਕਾਲੇ ਕਾਨੂੰਨ ਅਧੀਨ ਮਾਮਲੇ ਦਰਜ ਕੀਤੇ ਹਨ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਪੰਜਾਬ ਵਿਚ ਖਾਲਿਸਤਾਨ ਗਤੀਵਿਧੀਆਂ ਵਾਲੀ ਕੋਈ ਵੀ ਗੱਲ ਨਹੀਂ ਹੈ, ਅਤੇ ਦੂਜੇ ਪਾਸੇ ਗਰੀਬ ਸਿੱਖਾਂ ਨੂੰ ਖਾਲਿਸਤਾਨ ਦੀ ਮੁਹਿੰਮ ਦਾ ਹਿੱਸਾ ਦਸ ਕੇ ਜੇਲ੍ਹਾਂ ਵਿਚ ਬੰਦ ਕਰ ਰਹੇ ਹਨ। 


ਗੁਰਤੇਜ ਸਿੰਘ ਦੀ ਬਿਮਾਰ ਪਤਨੀ ਅਤੇ ਬੱਚਿਆਂ ਨਾਲ ਮੁਲਾਕਾਤ ਕਰਨ ਮੌਕੇ ਸੁਖਪਾਲ ਸਿੰਘ ਖਹਿਰਾ ਅਤੇ ਹੋਰ ਆਗੂ

ਖਹਿਰਾ ਨੇ ਕਿਹਾ ਕਿ ਮਾਨਸਾ ਤੋਂ ਗੁਰਤੇਜ ਸਿੰਘ ਤੇ ਪਿੰਡ ਅਚਾਨਕ ਤੋਂ ਇਕ ਸਿੱਖ ਨੌਜਵਾਨ ਤੋਂ ਇਲਾਵਾ ਹੋਰਨਾਂ ਨੂੰ ਝੂਠੇ ਮਾਮਲਿਆਂ ਵਿੱਚ ਫਸਾ ਕੇ ਜੇਲ੍ਹਾਂ ’ਚ ਸੁੱਟਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਜਸਟਿਸ ਮਹਿਤਾਬ ਸਿੰਘ ਤੋਂ ਜਾਂਚ ਕਰਵਾਈ ਜਾਵੇ ਤਾਂ ਸਭ ਕੁੱਝ ਸਪੱਸ਼ਟ ਹੋ ਜਾਵੇਗਾ।

ਖਹਿਰਾ ਨੇ ਦੱਸਿਆ ਕਿ ਮਾਨਸਾ ਤੋਂ ਗੁਰਤੇਜ ਸਿੰਘ ਨੂੰ 24 ਜੂਨ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਪਣੀ ਪਤਨੀ ਨੂੰ ਦਵਾਈ ਦਵਾ ਕੇ ਘਰ ਆ ਰਿਹਾ ਸੀ, ਪਰ ਪੁਲਸ ਨੇ ਉਸਦੀ ਗ੍ਰਿਫਤਾਰੀ ਦਿੱਲੀ ਤੋਂ ਦਿਖਾਈ ਹੈ। ਖਹਿਰਾ ਦਾ ਕਹਿਣਾ ਹੈ ਕਿ ਪੁਲਸ ਝੂਠੇ ਕੇਸਾਂ ਵਿਚ ਸਿੱਖ ਨੌਜਵਾਨਾਂ ਨੂੰ ਫਸਾ ਰਹੀ ਹੈ ਜਿਹਨਾਂ ਵਿਚ ਜ਼ਿਆਦਾ ਨੌਜਵਾਨ ਬੜੀ ਘੱਟ ਉਮਰ ਦੇ ਹਨ ਅਤੇ ਦਲਿਤ ਪਰਿਵਾਰਾਂ ਨਾਲ ਸਬੰਧਿਤ ਹਨ। 

ਵਿਰੋਧੀ ਧਿਰ ਦੀ ਚੁੱਪ ਨਿਸ਼ਾਨੇ 'ਤੇ
ਕੈਪਟਨ ਸਰਕਾਰ ਵੱਲੋਂ ਇਸ ਕਾਲੇ ਕਾਨੂੰਨ ਵਿਚ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ 'ਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਚੁੱਪ 'ਤੇ ਸਵਾਲ ਚੁਕਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ, "ਹੈਰਾਨੀਜਨਕ ਹੈ ਕਿ ਕੈਪਟਨ ਸਰਕਾਰ ਵੱਲੋਂ ਯੂਏਪੀਏ ਦੀ ਕੀਤੀ ਜਾ ਰਹੀ ਦੁਰਵਰਤੋਂ ਦੇ ਬਾਵਜੂਦ ਮੁੱਖ ਵਿਰੋਧੀ ਧਿਰ ਆਪ ਦੀ ਲੀਡਰਸ਼ਿਪ ਨੇ ਚੁੱਪੀ ਕਿਉਂ ਧਾਰੀ ਹੋਈ ਹੈ? ਤੇ ਵਿਸ਼ੇਸ਼ ਤੋਰ ਉੱਤੇ ਦਲਿਤਾਂ ਦੇ ਹੱਕਾਂ ਦੀ ਰਾਖੀ ਲਈ ਨਿਯੁਕਤ ਕੀਤਾ ਗਿਆ ਵਿਰੋਧੀ ਧਿਰ ਦਾ ਆਗੂ ਚੁੱਪ ਕਿਉਂ ਹੈ ਜਦਕਿ ਯੂਏਪੀਏ ਅਧੀਨ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਨੋਜਵਾਨ ਦਲਿਤ ਹਨ? ਦਾਲ ਵਿੱਚ ਕੁਝ ਤਾਂ ਕਾਲਾ ਜ਼ਰੂਰ ਹੈ।"