ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਐੱਨ. ਕੌਂਸਲ ਨੇ ਭਾਰਤ ’ਚ ਮਨੁੱਖੀ ਹੱਕਾਂ ਦੀ ਉਲੰਘਣਾ ਬਾਰੇ ਯੂ.ਐਨ ’ਚ ਰਿਪੋਰਟ ਦਰਜ ਕਰਵਾਈ

ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਐੱਨ. ਕੌਂਸਲ ਨੇ ਭਾਰਤ ’ਚ ਮਨੁੱਖੀ ਹੱਕਾਂ ਦੀ ਉਲੰਘਣਾ ਬਾਰੇ ਯੂ.ਐਨ ’ਚ ਰਿਪੋਰਟ ਦਰਜ ਕਰਵਾਈ

ਉਡੀਸਾ ’ਚ ਗੁਰਦੁਆਰਾ ਸਾਹਿਬ ਮੰਗੂ ਮੱਟ ਢਾਹੇ ਜਾਣ ਦੇ ਵਿਰੋਧ ’ਚ ਵਿਸ਼ੇਸ਼ ਚਰਚਾ ਕੀਤੀ ਗਈ

ਨਿਊਯਾਰਕ: 10 ਦਸੰਬਰ ਮਨੁੱਖੀ ਅਧਿਕਾਰਾਂ ਦੀ ਇਕ ਮਹੱਤਵਪੂਰਣ ਤਾਰੀਖ ਹੈ ਕਿਉਂਕਿ ਇਸ ਦਿਨ ਤੋਂ 70 ਸਾਲ ਪਹਿਲਾਂ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਪੈਰਿਸ ਵਿਚ ਮੀਟਿੰਗ ਹੋਈ ਸੀ ਅਤੇ ਮਨੁੱਖੀ ਅਧਿਕਾਰਾਂ ਦਾ ਵਿਸ਼ਵਵਿਆਪੀ ਐਲਾਨਨਾਮਾ ਅਪਣਾਇਆ ਗਿਆ ਸੀ। ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਐੱਨ. ਅਤੇ ਐੱਨ.ਜੀ.ਓ. ਕੌਂਸਲ ਦੇ ਮੈਂਬਰਾਂ ਨੇ ਸੰਯੁਕਤ ਰਾਜ ਦੇ ਮਨੁੱਖੀ ਅਧਿਕਾਰਾਂ ਲਈ ਸਹਾਇਕ ਕਮਿਸ਼ਨਰ (ਓ.ਐੱਚ.ਸੀ.ਐੱਚ.ਆਰ.) ਐਂਡਰਿਊ ਗਿਲਮੌਰ ਅਤੇ ਕਰੀਗ ਮੋਖੀਬਰ ਡਾਇਰੈਕਟਰ ਹੈੱਡ ਆਫ ਦਾ ਆਫਿਸ ਆਫ ਯੂਨਾਈਟਡ ਨੇਸ਼ਨਸ ਫਾਰ ਹਿਊਮਨ ਰਾਈਟਸ ਇਨ ਨਿਊਯਾਰਕ ਨਾਲ ਭਾਰਤ ਵਿਚ ਘੱਟ ਗਿਣਤੀਆਂ ਨਾਲ ਹੁੰਦੀਆਂ ਵਧੀਕੀਆਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਮੁਲਾਕਾਤ ਕੀਤੀ।

ਬੈਠਕ ਵਿਚ ਸਵਰਨਜੀਤ ਸਿੰਘ ਖਾਲਸਾ ਕੋਆਰਡੀਨੇਟਰ ਕੌਂਸਲ ਨੇ ਸਵਾਲ ਕੀਤਾ ਕਿ ਸੰਯੁਕਤ ਰਾਸ਼ਟਰ 1947 ਵਿਚ ਆਪਣਾ ਕੌਮੀ ਘਰ ਗੁਆ ਚੁੱਕੇ ਅਤੇ ਭਾਰਤੀ ਅਧਿਕਾਰਤ ਪੰਜਾਬ ਵਿਚ ਬਰਾਬਰ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਸਿੱਖਾਂ ਦੀ ਕਿਵੇਂ ਮਦਦ ਕਰ ਸਕਦਾ ਹੈ? ਖਾਲਸੇ ਨੇ ਇਹ ਵੀ ਕਿਹਾ, "ਇਹ ਬਹੁਤ ਮੰਦਭਾਗਾ ਹੈ ਕਿ ਸਾਡਾ ਭਾਈਚਾਰਾ ਸਿੱਖ ਨਸਲਕੁਸ਼ੀ ਦੀ ਸਿੱਖਿਆ ਸਮੇਤ ਸਿੱਖ ਇਤਿਹਾਸ ਬਾਰੇ ਸਿੱਖਿਆ ਫੈਲਾਉਣ ਤੋਂ ਵਾਂਝਾ ਹੈ। ਭਾਰਤੀ ਕੌਂਸਲੇਟ ਆਪਣੇ ਪ੍ਰਭਾਵ ਨੂੰ ਕੰਟਰੋਲ ਕਰਨ ਲਈ ਵਰਤਦੇ ਹਨ। ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਕੋਲ ਆਪਣੇ ਸੁਤੰਤਰ ਦੇਸ ਦੀ ਮੰਗ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ।"

ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਅਤੇ ਯੂ.ਐੱਨ., ਐੱਨ.ਜੀ.ਓ. ਕੌਂਸਲ ਦੇ ਮੈਂਬਰ ਹਿੰਮਤ ਸਿੰਘ ਨੇ ਉਨ੍ਹਾਂ ਨੂੰ ਜਾਗਰੂਕ ਕੀਤਾ ਕਿ ਕਿਵੇਂ ਸਿੱਖਾਂ ਦੇ ਇਤਿਹਾਸ ਨੂੰ ਭਾਰਤ ਵਿਚ ਮਿਟਾਇਆ ਜਾ ਰਿਹਾ ਹੈ ਅਤੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਕਿਵੇਂ ਉੜੀਸਾ (ਮੰਗੂ ਮੱਟ) ਵਿਚ ਇਤਿਹਾਸਕ ਗੁਰਦੁਆਰਿਆਂ ਨੂੰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, "ਸਾਡਾ ਇਤਿਹਾਸ ਅਤੇ ਧਰਮ ਨਿਯੰਤਰਿਤ ਹਮਲੇ ਅਧੀਨ ਹਨ। ਇਸ ਸਾਲ ਦੁਨੀਆਂ ਭਰ ਦੇ ਸਿੱਖ ਗੁਰੂ ਨਾਨਕ ਗੁਰਪੁਰਬ ਦਾ 550ਵਾਂ ਜਨਮ ਦਿਹਾੜਾ ਮਨਾ ਰਹੇ ਹਨ ਅਤੇ ਉਸੇ ਸਮੇਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਅਸਥਾਨ ਨੂੰ ਢਾਹੁਣ ਦੀ ਘਟਨਾ ਨੇ ਸਿੱਖ ਸੰਗਤਾਂ ਨੂੰ ਡੂੰਘੀ ਸੱਟ ਮਾਰੀ ਹੈ।"

ਸੈਲਫ ਡਿਟਰਮੀਨੇਸ਼ਨ ਕੌਂਸਲ (ਸਵੈ-ਨਿਰਣੈ ਕੌਂਸਲ) ਦੇ ਮੈਂਬਰ ਬਲਜਿੰਦਰ ਸਿੰਘ ਵੀ ਮੋਜੂਦ ਸਨ ਅਤੇ ਉਨ੍ਹਾਂ ਨੇ ਇਹ ਮੁੱਦਾ ਉਠਾਇਆ ਕਿ ਕਿਵੇਂ ਸਿੱਖ ਰਾਜਨੀਤਿਕ ਕੈਦੀ 30 ਸਾਲ ਤੋਂ ਵੱਧ ਸਮੇਂ ਲਈ ਬਿਨਾਂ ਕਿਸੇ ਜੁਰਮ ਦੇ ਜੇਲ੍ਹ ਵਿੱਚ ਬੰਦ ਹਨ।

ਸੰਯੁਕਤ ਰਾਸ਼ਟਰ ਦੇ ਨੁਮਾਇੰਦਿਆਂ ਨੇ ਸਿੱਖ ਭਾਈਚਾਰੇ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਅਤੇ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਕਈੋ ਉਲੰਘਣਾਵਾਂ ਬਾਰੇ ਨੋਟ ਕੀਤਾ।

ਉਨ੍ਹਾਂ ਸਿੱਖਾਂ ਨੂੰ ਸੰਯੁਕਤ ਰਾਸ਼ਟਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਸਿਫਾਰਸ਼ ਕੀਤੀ ਤਾਂ ਜੋ ਸਿੱਖ ਸਰੋਕਾਰਾਂ ਨੂੰ ਵਿਸ਼ਵ ਭਰ ਦੇ ਵਿਸ਼ਾਲ ਸਮੂਹਾਂ ਅਤੇ ਦੇਸ਼ਾਂਨਾਲ ਸਾਂਝਾ ਕੀਤਾ ਜਾ ਸਕੇ। ਵੱਖ-ਵੱਖ ਦੇਸ਼ਾਂ ਦੇ ਬਹੁਤ ਸਾਰੇ ਪ੍ਰਤੀਭਾਗੀਆਂ ਨੇ ਆਪਣੇ ਫਿਕਰਾਂ ਅਤੇ ਉਲੰਘਣਾਵਾਂ ਬਾਰੇ ਸਥਿਤੀਆਂ ਸਾਂਝੀਆਂ ਕੀਤੀਆਂ।

ਯੂਨਾਈਟਡ ਨੇਸ਼ਨਸ ਦੇ ਅਹੁਦੇਦਾਰਾਂ ਨੇ ਮਸਲਿਆਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਇਹਨਾਂ 'ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।