ਅਮਰੀਕਾ ਵਿਚ ਇਕ ਛੋਟਾ ਜਹਾਜ਼ ਉਡਾਨ ਭਰਨ ਉਪਰੰਤ ਤਬਾਹ, ਪਾਇਲਟ ਸਣੇ 5 ਮੌਤਾਂ

ਅਮਰੀਕਾ ਵਿਚ ਇਕ ਛੋਟਾ ਜਹਾਜ਼ ਉਡਾਨ ਭਰਨ ਉਪਰੰਤ ਤਬਾਹ, ਪਾਇਲਟ ਸਣੇ 5 ਮੌਤਾਂ
ਕੈਪਸ਼ਨ ਅਮਰੀਕਾ ਦੇ ਮਿਰਟਲ ਬੀਚ ਸ਼ਹਿਰ ਵਿਚ ਜਹਾਜ਼ ਤਬਾਹ ਹੋਣ ਉਪਰੰਤ ਮੌਕੇ 'ਤੇ ਪੁੱਜੇ ਰਾਹਤ ਕਾਮੇ

ਅੰਮ੍ਰਿਤਸਰ ਟਾਈਮਜ਼ ਬਿਊਰੋ 
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-
ਅਮਰੀਕਾ ਦੇ ਸਾਉਥ ਕੈਰੋਲੀਨਾ ਰਾਜ ਵਿਚ ਉੱਤਰੀ ਮਿਰਟਲ ਬੀਚ ਸ਼ਹਿਰ ਵਿਚ ਇਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋਣ ਦੀ ਖਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਹਾਜ਼ ਵਿਚ ਸਵਾਰ ਸਾਰੇ 5 ਵਿਅਕਤੀਆਂ ਦੀ ਮੌਤ ਹੋ ਗਈ ਜਿਨਾਂ ਵਿਚ ਜਹਾਜ਼ ਦਾ ਪਾਇਲਟ ਵੀ ਸ਼ਾਮਿਲ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਨੁਸਾਰ ਪਾਈਪਰ ਪੀ ਏ-32 ਆਰ-300 ਜਹਾਜ਼ ਗਰੈਂਡ ਸਟਰੈਂਡ ਏਅਰਪੋਰਟ ਤੋਂ ਉਡਾਨ ਭਰਨ ਤੋਂ ਬਾਅਦ 2 ਮੀਲ ਦੂਰ ਜਾ ਕੇ ਤਬਾਹ ਹੋ ਗਿਆ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਉੱਤਰੀ ਮਿਰਟਲ ਬੀਚ ਪੁਲਿਸ ਦੇ ਜਨਤਿਕ ਸੂਚਨਾ ਅਫਸਰ ਪੈਟ ਵਿਲਕਿਨਸਨ ਨੇ ਕਿਹਾ ਹੈ ਕਿ ਹੌਰੀ ਕਾਊਂਟੀ ਕੋਰਨਰ ਦਫਤਰ ਦੇ ਅਧਿਕਾਰੀ ਮ੍ਰਿਤਕਾਂ ਦੀ ਪਛਾਣ ਕਰ ਰਹੇ ਹਨ ਜਿਸ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ। ਹਾਦਸੇ ਪਿੱਛੇ ਕਾਰਨ ਦਾ ਪਤਾ ਲਾਉਣ ਲਈ ਫੈਡਰਲ ਐਵੀਏਸ਼ਨ ਪ੍ਰਸ਼ਾਸਨ ਤੇ ਐਨ ਟੀ ਐਸ ਬੀ ਦੇ ਅਧਿਕਾਰੀ ਜਾਂਚ ਕਰ ਰਹੇ ਹਨ।