ਯੂ ਐਸ- ਇੰਡੀਆ ਚੈਂਬਰ ਆਫ ਕਾਮਰਸ ਫਾਊਂਡੇਸ਼ਨ ਟੈਕਸਸ ਨੇ ਕੋਵਿਡ ਰਾਹਤ ਦੀ ਪੰਜਵੀਂ ਖੇਪ ਭਾਰਤ ਭੇਜੀ

ਯੂ ਐਸ- ਇੰਡੀਆ ਚੈਂਬਰ ਆਫ ਕਾਮਰਸ ਫਾਊਂਡੇਸ਼ਨ ਟੈਕਸਸ ਨੇ ਕੋਵਿਡ ਰਾਹਤ ਦੀ ਪੰਜਵੀਂ ਖੇਪ ਭਾਰਤ ਭੇਜੀ

 * ਹੁਣ ਤੱਕ 85 ਵੈਂਟੀਲੇਟਰ ਤੇ 250 ਆਕਸੀਜਨ ਕੋਨਸੈਂਟ੍ਰੇਟਰਜ ਭੇਜੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਯੂ ਐਸ - ਇਡੀਆ ਚੈਂਬਰ ਆਫ ਕਾਮਰਸ ਫਾਊਂਡੇਸ਼ਨ ਟੈਕਸਸ ਵੱਲੋਂ ਭਾਰਤ ਵਿਚ ਬੇਕਾਬੂ ਹੋਈ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਰਾਹਤ ਦੀ ਪੰਜਵੀਂ ਖੇਪ ਭਾਰਤ ਭੇਜੀ ਗਈ ਹੈ। ਇਸ ਖੇਪ ਵਿਚ 128 ਆਕਸੀਜਨ ਕੋਨਸੈਂਟ੍ਰੇਟਰਜ ਤੇ ਹੋਰ ਡਾਕਟਰੀ ਸਾਜ ਸਮਾਨ ਸ਼ਾਮਿਲ ਹੈ। ਇਸ ਤਰਾਂ ਹੁਣ ਤੱਕ ਫਾਊਂਡੇਸ਼ਨ ਵਲੋਂ 85 ਵੈਂਟੀਲੇਟਰ ਤੇ ਤਕਰੀਬਨ 250 ਆਕਸੀਜਨ ਕੋਨਸੈਂਟ੍ਰੇਟਰਜ ਭਾਰਤ ਭੇਜੇ ਜਾ ਚੁੱਕੇ ਹਨ। ਫਾਊਂਡੇਸ਼ਨ ਵੱਲੋਂ ਜਾਰੀ ਰਲੀਜ ਅਨੁਸਾਰ ਪੰਜਵੀਂ ਖੇਪ ਵਿਚ ਭੇਜੇ ਗਏ 128 ਆਕਸੀਜਨ ਕੈਨਸੈਂਟ੍ਰੇਟਰਜ ਭਾਰਤ ਦੇ ਤਿੰਨ ਰਾਜਾਂ ਵਿਚ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਲਈ ਭੇਜੇ ਗਏ ਹਨ। ਫਾਊਂਡੇਸ਼ਨ ਦੇ ਡਲਾਸ- ਫੋਰਟ ਵਰਥ ਦੇ ਪ੍ਰਧਾਨ ਨੀਲ ਗੋਨੂਗੁੰਟਲਾ ਜੋ ਫਾਊਂਡੇਸ਼ਨ ਤੇ ਕਮਿਊਨਿਟੀ ਸੰਸਥਾਵਾਂ ਦੀ ਤਰਫੋਂ ਰਾਹਤ ਭੇਜਣ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ ਹੈ ਕਿ ਵਿਅਕਤੀਗਤ ਦਾਨੀਆਂ ਤੋਂ ਇਲਾਵਾ ਕਾਰੋਬਾਰੀ ਅਦਾਰਿਆਂ ਤੇ ਸਮਾਜਿਕ ਸੰਸਥਾਵਾਂ ਨੇ ਉਨਾਂ ਦੀ ਅਪੀਲ 'ਤੇ ਵੱਡਾ ਹੁੰਗਾਰਾ ਭਰਿਆ ਹੈ। ਉਨਾਂ ਕਿਹਾ ਕਿ ਭਾਰਤੀ ਮੂਲ ਦੇ ਅਮਰੀਕੀਆਂ ਦੇ ਭਾਰਤ ਨਾਲ ਗਹਿਰੇ ਰਿਸ਼ਤੇ ਹਨ ਤੇ ਉਹ ਮਹਿਸੂਸ ਕਰਦੇ ਹਨ ਕਿ ਭਾਰਤ ਵਿਚ ਕੋਵਿਡ-19 ਦੀ ਦੂਸਰੀ ਲਹਿਰ ਨਿੱਜੀ ਪੱਧਰ 'ਤੇ ਨੁਕਸਾਨ ਪਹੁੰਚਾ ਰਹੀ ਹੈ ਤੇ ਇਹ ਬਹੁਤ ਖਤਰਨਾਕ ਬਣੀ ਹੋਈ ਹੈ। ਇਸ ਲਈ ਹਰ ਸੰਭਵ ਹੱਦ ਤੱਕ ਭਾਰਤ ਵਿਚ ਮੱਦਦ ਪਹੁੰਚਾਈ ਜਾਵੇ। ਜਾਰੀ ਬਿਆਨ ਅਨੁਸਾਰ ਗੋਨੂਗੁੰਟਲਾ ਦੇ ਨਾਲ ਜਗਦੀਪ ਆਹਲੂਵਾਲੀਆ ਤੇ ਅਸ਼ੋਕ ਮਾਗੋ ਫੰਡ ਜੁਟਾਉਣ ਉਪਰ ਨਿਗਰਾਨੀ ਰਖ ਰਹੇ ਹਨ ਤੇ ਇਸ ਸਬੰਧੀ ਕੋਸ਼ਿਸ਼ਾਂ ਵਿਚ ਤਾਲਮੇਲ ਕਰ ਰਹੇ ਹਨ। ਫਾਊਂਡੇਸ਼ਨ ਨੇ ਕਿਹਾ ਹੈ ਕਿ ਡੀ ਐਫ ਡਬਲਯੂ ਏਅਰਪੋਰਟ ਤੇ ਕਤਰ ਏਅਰ ਵੇਅਜ  ਮੱਦਦ ਭੇਜਣ ਵਿਚ  ਸਮੁੱਚਾ ਲੋੜੀਂਦਾ ਸਹਿਯੋਗ ਦੇ ਰਹੇ ਹਨ। ਫਾਊਂਡੇਸ਼ਨ ਦੀ ਇਸ  ਕੋਸ਼ਿਸ਼ ਵਿਚ ਵੈਸਟ ਟੈਕਸਸ ਦੇ ਭਾਰਤੀ ਮੂਲ ਦੇ ਡਾਕਟਰ ਤੇ  ਤਕਰੀਬਨ 2 ਦਰਜਨ ਸੰਸਥਾਵਾਂ   ਸਮਰਥਨ ਦੇ ਰਹੀਆਂ ਹਨ।