ਅਮਰੀਕਾ ਚ ਅੱਜ ਅਜਾਦੀ ਦਿਨ ਤੇ 4 ਜੁਲਾਈ ਦੀ ਪਰੇਡ 'ਚ ਗੋਲੀਬਾਰੀ 'ਚ 6 ਦੀ ਮੌਤ, 24 ਜ਼ਖਮੀ

ਅਮਰੀਕਾ ਚ ਅੱਜ ਅਜਾਦੀ ਦਿਨ ਤੇ 4 ਜੁਲਾਈ ਦੀ ਪਰੇਡ 'ਚ ਗੋਲੀਬਾਰੀ 'ਚ 6 ਦੀ ਮੌਤ, 24 ਜ਼ਖਮੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ): ਅੱਜ ਅਮਰੀਕਾ ਦੀ ਅਜ਼ਾਦੀ ਦੇ ਮਨਾਏ ਜਾਂਦੇ ਜਸ਼ਨਾਂ ਦੌਰਾਨ ਸ਼ਿਕਾਗੋ ਦੇ ਹਾਈਲੈਂਡ ਪਾਰਕ ਵਿਚ ਅਜਾਦੀ ਪਰੇਡ ਵਿਚ ਗੋਲੀਬਾਰੀ ਵਿਚ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ। ਪੁਲੀਸ ਦੋਸ਼ੀ ਦੀ ਭਾਲ ਕਰ ਰਹੀ ਹੈ, ਜਿਸ ਨੇ ਕਿਸੇ ਬਿਲਡਿੰਗ ਦੀ ਛੱਤ ਤੋਂ ਗੋਲੀਬਾਰੀ ਕੀਤੀ ਤੇ ਇਸ ਘਟਨਾਂ ਨੂੰ ਅੰਜਾਮ ਦਿੱਤਾ


ਲੇਕ ਕਾਉਂਟੀ ਮੇਜਰ ਕ੍ਰਾਈਮ ਟਾਸਕ ਫੋਰਸ ਦੇ ਬੁਲਾਰੇ ਕ੍ਰਿਸਟੋਫਰ ਕੋਵੇਲੀ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਬੰਦੂਕਧਾਰੀ ਨੇ ਇਕ ਰਾਈਫਲ ਦੀ ਵਰਤੋਂ ਕਰਦੇ ਹੋਏ ਛੱਤ ਤੋਂ ਪਰੇਡ ਕਰਨ ਵਾਲਿਆਂ ਉਤੇ ਗੋਲੀਬਾਰੀ ਕੀਤੀ ਜੋ ਘਟਨਾ ਸਥਾਨ ਤੋਂ ਬਰਾਮਦ ਕੀਤੀ ਗਈ ਹੈ।  ਕੋਵੇਲੀ ਨੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਸਿਰਫ ਇੱਕ ਵਿਆਕਤੀ ਸੀ ਅਤੇ ਚੇਤਾਵਨੀ ਦਿੱਤੀ ਕਿ ਉਹ ਅਜੇ ਵੀ ਹਥਿਆਰਬੰਦ ਅਤੇ ਖਤਰਨਾਕ ਹੋ ਸਕਦਾ ਹੈ। ਪੁਲਿਸ ਨੇ ਪੀੜਤਾਂ ਜਾਂ ਜ਼ਖਮੀਆਂ ਬਾਰੇ ਅਜੇ ਤੱਕ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ, ਜਿਨਾਂ ਨੂੰ ਲਾਗਲੇ ਹਸਪਤਾਲਾਂ ਚ ਭਰਤੀ ਕਰਵਾਇਆ ਗਿਆ ਹੈ।


ਅੱਜ ਪਰੇਡ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਈ ਪਰ ਗੋਲੀ ਚੱਲਣ ਤੋਂ ਬਾਅਦ 10 ਮਿੰਟ ਬਾਅਦ ਇਸ ਨੂੰ ਅਚਾਨਕ ਰੋਕ ਦਿੱਤਾ ਗਿਆ। ਗੋਲੀਬਾਰੀ ਤੋਂ ਬਾਅਦ ਸੈਂਕੜੇ ਪਰੇਡ ਕਰਨ ਵਾਲੇ - ਤੇ ਦੇਖਣ ਵਾਲੇ  ਕੁਰਸੀਆਂ, ਬੇਬੀ ਸਟ੍ਰੋਲਰ, ਆਲੀਸ਼ਾਨ ਖਿਡੌਣੇ, ਸਾਈਕਲ ਅਤੇ ਕੰਬਲ ਛੱਡ ਕੇ ਪਰੇਡ ਤੋਂ ਭੱਜ ਗਏ। ਹਫੜਾ-ਦਫੜੀ ਚ ਇੱਥੇ ਸ਼ਾਮਿਲ ਲੋਕ ਆਪਣੇ ਪਰਿਵਾਰਾਂ ਤੋਂ ਵੱਖ ਹੋ ਗਏ , ਉਨ੍ਹਾਂ ਦੀ ਭਾਲ ਕਰ ਰਹੇ ਸਨ। ਲੋਕਾਂ ਨੇ ਆਪਣੀਆਂ ਗੱਡੀਆਂ ਛੱਡੀਆਂ, ਆਪਣੇ ਬੱਚਿਆਂ ਨੂੰ ਫੜ ਕੇ ਇਧਰ ਉਧਰ ਭੱਜਣ ਲੱਗੇ। ਵੱਖ ਵੱਖ ਹੋਰ ਵੇਰਵੇ ਅਜੇ ਆਉਣੇ ਬਾਕੀ ਹਨ।