ਜੂਨ '84 ਘੱਲੂਘਾਰੇ ਦੀ 39ਵੀਂ ਵਰ੍ਹੇਗੰਢ ਮੌਕੇ ਯੂਕੇ ਵਿਚ ਹੋਇਆ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ

ਜੂਨ '84 ਘੱਲੂਘਾਰੇ ਦੀ 39ਵੀਂ ਵਰ੍ਹੇਗੰਢ ਮੌਕੇ ਯੂਕੇ ਵਿਚ ਹੋਇਆ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 5 ਜੂਨ (ਮਨਪ੍ਰੀਤ ਸਿੰਘ ਖਾਲਸਾ)- ਦਰਬਾਰ ਸਾਹਿਬ ਤੇ ਕੀਤੇ ਗਏ ਜੂਨ 84 ਦੇ ਸਾਕਾ ਨੀਲਾ ਤਾਰਾ ਦੀ ਯਾਦ ਵਿਚ ਹਿੰਦ ਹਕੂਮਤ ਵਿਰੁੱਧ ਰੋਹ ਪ੍ਰਦਰਸ਼ਨ ਦੇਸ਼ ਵਿਦੇਸ਼ਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਹੁੰਦੇ ਆ ਰਹੇ ਹਨ । ਭਾਈ ਦਵਿੰਦਰਜੀਤ ਸਿੰਘ ਯੂਕੇ ਫੈਡਰੇਸ਼ਨ ਦੇ ਮੈਂਬਰ ਨੇ ਮੀਡੀਆ ਨੂੰ ਦਸਿਆ ਕਿ ਭਾਰਤੀ ਹਕੂਮਤ ਅਤੇ ਫੌਜ ਵਲੋਂ ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਮੇਤ ਪੰਜਾਬ ਦੇ ਅਣਗਿਣਤ ਗੁਰਦੁਆਰਿਆਂ 'ਤੇ ਕੀਤੇ ਹਮਲੇ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਵੱਡੀ ਗਿਣਤੀ 'ਚ ਬੇਦੋਸ਼ੇ ਸਿੱਖਾਂ ਨੂੰ ਮਾਰਨ ਦੇ ਰੋਸ ਵਜੋਂ ਬੀਤੇ 39 ਸਾਲਾਂ ਤੋਂ ਲੰਡਨ ਦੀਆਂ ਸੜਕਾਂ 'ਤੇ ਹਰ ਸਾਲ ਸਿੱਖਾਂ ਵਲੋਂ ਭਾਰੀ ਰੋਸ ਮੁਜ਼ਾਹਰਾ ਕਰਕੇ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਕੋਈ ਵੀ ਸਰਕਾਰ ਗੰਭੀਰ ਨਾ ਹੋਣ ਕਰਕੇ ਭਾਰਤ 'ਚ ਸਿੱਖਾਂ ਨਾਲ ਹੋਈ ਇਸ ਅਣਹੋਣੀ ਦਾ ਇਨਸਾਫ ਅਜੇ ਤੱਕ ਨਹੀਂ ਮਿਲ ਪਾਇਆ ਹੈ । ਸਿੱਖਾਂ ਦੇ ਜ਼ਖਮਾਂ 'ਤੇ ਅਜੇ ਮਲਮ ਲਗਾਉਣ ਦੀ ਥਾਂ ਵੀ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ

ਪਾਉਣ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ । ਅਜ 39 ਸਾਲ ਬੀਤ ਜਾਣ ਦੇ ਬਾਵਜੂਦ ਹਮਲੇ ਦੀ ਪੀੜ ਸਿੱਖਾਂ ਦੇ ਹਿਰਦਿਆਂ ਅੰਦਰ ਅੱਜ ਵੀ ਤਾਜ਼ਾ ਹੈ । ਉਨ੍ਹਾਂ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਮੌਕੇ ਬਰਤਾਨੀਆਂ ਦੇ ਵੱਖ-ਵੱਖ ਸ਼ਹਿਰਾਂ ਤੋਂ ਆਪਣਾ ਰੋਹ ਪ੍ਰਗਟ ਕਰਣ ਲਾਈ ਵੱਡੀ ਗਿਣਤੀ 'ਚ ਸਿੱਖ ਲੰਡਨ ਪਹੁੰਚੇ ਸਨ, ਜਿੱਥੋਂ ਜਲੂਸ ਦੀ ਸ਼ਕਲ 'ਚ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਗੁਰਬਾਣੀ ਜਾਪ ਦੇ ਨਾਲ ਨਾਲ ਭਾਰਤ ਸਰਕਾਰ ਖਿਲਾਫ਼

ਨਾਅਰੇਬਾਜ਼ੀ ਕਰਦੇ ਟਰੈਫਗੂਲਰ ਸੁਕੇਅਰ ਵਿਖੇ ਪਹੁੰਚੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਅਰਿਆਂ ਨਾਲ ਲੰਡਨ ਗੂੰਜਦਾ ਰਿਹਾ । ਰੋਹ ਪ੍ਰਦਰਸ਼ਨ ਵਿਚ ਪਹੁੰਚੇ ਹੋਏ ਬੁਲਾਰਿਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਿੱਖਾਂ ਨੂੰ 39 ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ ਅਤੇ ਪੰਜਾਬ ਦੀ ਸਿੱਖ ਜਵਾਨੀ ਨੂੰ ਖ਼ਤਮ ਕਰਨ ਲਈ ਵੱਖ-ਵੱਖ ਤਰੀਕੇ ਵਰਤੇ ਜਾ ਰਹੇ ਹਨ। ਸਿੱਖ ਹੱਕਾਂ ਦੀ ਗੱਲ

ਕਰਨ ਤਾਂ ਉਨ੍ਹਾਂ ਨੂੰ ਅੱਤਵਾਦੀ ਠਹਿਰਾਉਣ ਲਈ ਹਰ ਹੀਲਾ ਵਰਤਿਆ ਜਾਂਦਾ ਹੈ । ਬੁਲਾਰਿਆਂ ਨੇ ਇਸ ਮੌਕੇ ਜੂਨ 1984 ਦੇ ਘੱਲੂਘਾਰੇ 'ਚ ਬਰਤਾਨਵੀ ਸਰਕਾਰ

ਦੀ ਭੂਮਿਕਾ ਦੇ ਮੁੱਦੇ ਨੂੰ ਵੀ ਉਠਾਇਆ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੁੜ ਮੰਗ ਕੀਤੀ। ਇਸ ਮੌਕੇ ਭਾਈ ਅਮਰੀਕ ਸਿੰਘ ਗਿੱਲ, ਭਾਈ ਦਵਿੰਦਰਜੀਤ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ, ਭਾਈ ਨਰਿੰਦਰਜੀਤ ਸਿੰਘ, ਭਾਈ ਹਰਜੀਤ ਸਿੰਘ, ਭਾਈ ਹਰਦੀਸ਼ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ ।