ਦਿੱਲੀ ਵਿੱਚ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਗੈਰ ਹੋਈ ਹਿੰਦੂ ਮਹਾਪੰਚਾਇਤ 

ਦਿੱਲੀ ਵਿੱਚ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਗੈਰ ਹੋਈ ਹਿੰਦੂ ਮਹਾਪੰਚਾਇਤ 

ਲਾਲ ਕਿਲੇ 'ਤੇ ਭਗਵਾਂ ਝੰਡਾ ਲਹਿਰਾਉਣ ਦੀ ਗੱਲ ਕੀਤੀ 

ਮਹੰਤ ਯਤੀ ਨਰਸਿੰਘਾਨੰਦ ਵਲੋਂ ਹਿੰਦੂਆਂ ਨੂੰ ਮੁਸਲਮਾਨਾਂ ਖਿਲਾਫ ਹਥਿਆਰ ਚੁੱਕਣ ਦੀ ਅਪੀਲ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿਲੀ:ਦਿੱਲੀ ਦੇ ਬੁਰਾੜੀ ਵਿੱਚ ਬੀਤੇ ਐਤਵਾਰ ਨੂੰ ਮਹੰਤ ਯਤੀ ਨਰਸਿੰਘਾਨੰਦ ਮੰਚ ਤੋਂ ਖੁੱਲ੍ਹੇਆਮ ਹਿੰਦੂਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਅਤੇ ਹਥਿਆਰ ਚੁੱਕਣ ਦੀ ਅਪੀਲ ਕੀਤੀ।ਹਾਲਾਂਕਿ ਉੱਥੇ ਵੱਡੀ ਗਿਣਤੀ ਵਿੱਚ ਦਿੱਲੀ ਪੁਲਿਸ ਮੌਜੂਦ ਸੀ ਅਤੇ ਹਿੰਦੂ ਮਹਾਪੰਚਾਇਤ ਦੇ ਪ੍ਰੋਗਰਾਮ ਦੇ ਪ੍ਰਬੰਧਨ ਨੂੰ ਆਗਿਆ ਵੀ ਨਹੀਂ ਮਿਲੀ ਸੀ।

ਪੰਡਾਲ ਵਿੱਚ ਕਈ ਸੂਬਿਆਂ ਤੋਂ ਵੱਖ-ਵੱਖ ਹਿੰਦੂ ਸੰਗਠਨਾਂ ਨਾਲ ਜੁੜੇ ਵਰਕਰ ਪਹੁੰਚੇ ਸਨ।ਵਰਕਰਾਂ ਦੀ ਗਿਣਤੀ ਕਰੀਬ 500 ਸੀ। ਮੰਚ 'ਤੇ ਹਿੰਦੂ ਸੰਗਠਨਾਂ ਦੇ ਉਹ ਜਾਣੇ-ਪਛਾਣੇ ਚਿਹਰੇ ਸਨ ਜੋ ਪਿਛਲੇ ਕੁਝ ਮਹੀਨਿਆਂ ਤੋਂ ਸੁਰਖ਼ੀਆਂ ਵਿੱਚ ਹਨ। ਇਨ੍ਹਾਂ ਵਿੱਚ ਮਹੰਤ ਯਤੀ ਨਰਸਿੰਘਾਨੰਦ ਯਤੀ ਨਰਸਿੰਘਾਨੰਦ ਉਹੀ ਹਨ, ਜਿਨ੍ਹਾਂ ਨੂੰ ਜਨਵਰੀ ਨੂੰ 2022 ਵਿੱਚ ਮੁਸਲਮਾਨਾਂ ਦੇ ਖ਼ਿਲਾਫ਼ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮ ਵਿੱਚ ਹਰਿਦੁਆਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।ਇਨ੍ਹਾਂ ਦੇ ਨਾਲ ਮੰਚ 'ਤੇ ਹਿੰਦੂ ਰੱਖਿਆ ਦਲ ਦੇ ਪ੍ਰਧਾਨ ਪਿੰਕੀ ਭਈਆ ਉਰਫ਼ ਭੁਪਿੰਦਰ ਤੋਮਰ ਵੀ ਮੌਜੂਦ ਸਨ। ਪਿੰਕੀ ਭਈਆ ਵੀ ਅਗਸਤ 2021 ਵਿੱਚ ਜੰਤਰ-ਮੰਤਰ 'ਤੇ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਹੋ ਚੁਕੇ ਹਨ।ਇਸ ਤੋਂ ਇਲਾਵਾ ਸੁਦਰਸ਼ਨ ਨਿਊਜ਼ ਚੈਨਲ ਦੇ ਸੰਪਾਦਕ ਸੁਰੇਸ਼ ਚਵਹਾਣਕੇ, ਸੇਵ ਇੰਡੀਆ ਫਾਊਂਡੇਸ਼ ਦੇ ਸੰਸਥਾਪਕ ਪ੍ਰੀਤ ਸਿੰਘ ਅਤੇ ਦੂਜੇ ਕਈ ਚਿਹਰੇ ਮੌਜੂਦ ਸਨ।ਹਿੰਦੂ ਮਹਾਪੰਚਾਇਤ ਦਾ ਪ੍ਰਬੰਧ ਸੇਵ ਇੰਡੀਆ ਫਾਊਂਡੇਸ਼ਨ ਨੇ ਕੀਤਾ ਸੀ। 

ਮਹਾਪੰਚਾਇਤ ਦੇ ਮੰਚ ਤੋਂ ਨੇਤਾਵਾਂ ਨੇ ਪੰਜ ਮੰਗਾਂ ਚੁੱਕੀਆਂ, ਮੰਚ ਦੇ ਪਿੱਛੇ ਲੱਗੇ ਵੱਡੇ ਪੋਸਟਰ ਵਿੱਚ ਇਹ ਪੰਜ ਮੰਗਾਂ ਲਿਖੀਆਂ ਹੋਈਆਂ ਸਨ, ਜਨਸੰਖਿਆ ਕੰਟ੍ਰੋਲ, ਸਮਾਨ ਸਿੱਖਿਆ, ਮੰਦਿਰ ਮੁਕਤੀ, ਘੁਸਪੈਠ ਕੰਟ੍ਰੋਲ ਅਤੇ ਧਰਮ ਪਰਿਵਰਤਨ।ਹਿੰਦੂ ਮਹਾਪੰਚਾਇਤ ਵਿੱਚ ਇਕੱਠੇ ਹੋਏ ਲੋਕ ਇਨ੍ਹਾਂ ਪੰਜਾਂ ਮੁੱਦਿਆਂ ਦੇ ਆਲੇ-ਦੁਆਲੇ ਹੀ ਭਾਸ਼ਣ ਦੇ ਰਹੇ ਸਨ, ਪਰ ਉਨ੍ਹਾਂ ਦੇ ਤੇਵਰ ਬਹੁਤ ਭੜਕਾਊ ਸਨ ਅਤੇ ਨਿਸ਼ਾਨੇ 'ਤੇ ਮੁਸਲਮਾਨ ਭਾਈਚਾਰਾ ਸੀ।

ਮਹੰਤ ਯਤੀ ਨਰਸਿੰਘਾਨਿੰਦ ਨੇ ਮੰਚ ਤੋਂ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਕੁਝ ਹੀ ਦੇਰ ਵਿੱਚ ਉਹ ਮੁਸਲਮਾਨ ਭਾਈਚਾਰੇ ਦੇ ਨਾਲ ਹਿੰਦੂਆਂ ਨੂੰ ਵੀ ਲਲਕਾਰਨ ਲੱਗੇ।ਮਹੰਤ ਯਤੀ ਨਰਸਿੰਘਾਨੰਦ ਨੇ ਭਾਸ਼ਣ ਵਿੱਚ ਕਿਹਾ, "ਕੇਵਲ ਬੱਚੇ ਪੈਦਾ ਕਰੋ ਅਤੇ ਆਪਣੇ ਬੱਚਿਆਂ ਨੂੰ ਲੜਨ ਲਾਇਕ ਬਣਾਓ।""ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਧਰਤੀ 'ਤੇ ਹਿੰਦੂ-ਮੁਸਲਮਾਨਾਂ ਦੀ ਲੜਾਈ ਨਾ ਹੋਵੇ ਤਾਂ ਇਸ ਦਾ ਇੱਕ ਤਰੀਕਾ ਹੈ, 'ਕਸ਼ਮੀਰ ਫਾਈਲਸ' ਦੇਖਣੀ ਹੋਵੇਗੀ। ਜਿਵੇਂ ਕਸ਼ਮੀਰ ਦੇ ਲੋਕ ਆਪਣੀ ਜ਼ਮੀਨ-ਜਾਇਦਾਦ ਅਤੇ ਆਪਣੀਆਂ ਧੀਆਂ ਨੂੰ ਛੱਡ ਕੇ ਭੱਜੇ ਸਨ, ਇਸ ਤਰ੍ਹਾਂ ਹੀ ਤੁਸੀਂ ਛੱਡ ਕੇ ਭੱਜ ਜਾਓ ਤੇ ਹਿੰਦ ਮਹਾਸਾਗਰ ਵਿੱਚ ਡੁੱਬ ਕੇ ਮਰ ਜਾਓ, ਕੇਵਲ ਇਹੀ ਇੱਕ ਰਸਤਾ ਹੈ।"

ਮਹੰਤ ਯਤੀ ਨਰਸਿੰਘਾਨੰਦ ਨੇ ਆਪਣੇ ਭਾਸ਼ਣ ਵਿੱਚ ਅਯੁੱਧਿਆ ਦੀ ਰਾਮ ਜਨਮ ਭੂਮੀ ਨੂੰ ਲੈ ਕੇ ਮੁਸਲਮਾਨ ਭਾਈਚਾਰੇ 'ਤੇ ਸਵਾਲ ਚੁੱਕੇ।ਉਨ੍ਹਾਂ ਨੇ ਦਾਅਵਾ ਕੀਤਾ, "ਰਾਮ ਜਨਮ ਭੂਮੀ ਵੀ ਮੰਗਣ ਨਾਲ ਸਾਨੂੰ ਨਹੀਂ ਮਿਲੀ ਹੈ। ਉਹ ਸਾਨੂੰ ਕੋਰਟ ਜਾ ਕੇ ਮਿਲੀ ਹੈ। ਉੱਧਰ, ਇੱਕ-ਇੱਕ ਮੁਸਲਮਾਨ ਨੇ ਸਹੁੰ ਚੁੱਕੀ ਹੈ, ਜਿਸ ਦਿਨ ਇਹ ਨਿਜ਼ਾਮ ਸਾਡੇ ਹੱਥ ਵਿੱਚ ਹੋਵੇਗਾ, ਅਸੀਂ ਇਸ ਮੰਦਿਰ ਨੂੰ ਤੋੜਾਂਗੇ ਅਤੇ ਮੁੜ ਮਸਜਿਦ ਉਸਾਰਾਂਗੇ।"ਮਹੰਤ ਯਤੀ ਨਰਸਿੰਘਾਨੰਦ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਹਿੰਦੂਆਂ ਨੂੰ ਹਥਿਆਰ ਚੁੱਕਣ ਦੀ ਅਪੀਲ ਕੀਤੀ।ਜਿੰਨਾ ਪਿਆਰ ਪਤਨੀ ਆਪਣੇ ਮੰਗਲਸੂਤਰ ਨਾਲ ਕਰਦੀ ਹੈ, ਮਰਦ ਓਨਾਂ ਹੀ ਪਿਆਰ ਆਪਣੇ ਹਥਿਆਰਾਂ ਨਾਲ ਕਰਦੇ ਹਨ।"ਹਿੰਦੂ ਮਹਪੰਚਾਇਤ ਦੇ ਮੰਚ ਤੋਂ ਦੂਜੇ ਬੁਲਾਰਿਆਂ ਦੇ ਤੇਵਰ ਵੀ ਤਿੱਖੇ ਸਨ। ਕਿਸੇ ਨੇ ਲਾਲ ਕਿਲੇ 'ਤੇ ਭਗਵਾ ਝੰਡਾ ਲਹਿਰਾਉਣ ਦੀ ਗੱਲ ਕੀਤੀ ਤਾਂ ਕਿਸੇ ਨੇ ਮੁਸਲਮਾਨਾਂ ਦਾ ਡਰ ਦਿਖਾ ਕੇ ਹਿੰਦੂਆਂ ਨੂੰ ਆਬਾਦੀ ਵਧਾਉਣ ਦੀ ਅਪੀਲ ਕੀਤੀ।

ਪੱਤਰਕਾਰ ਵੀ ਨਿਸ਼ਾਨਾ ਬਣੇ

ਹਿੰਦੂ ਮਹਾਪੰਚਾਇਤ ਦੌਰਾਨ ਕਈ ਵਰਕਰਾਂ ਨੇ ਪੱਤਰਕਾਰਾਂ ਖ਼ਿਲਾਫ਼ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।ਵਰਕਰ ਪੱਤਰਕਾਰਾਂ ਨੂੰ ਖੱਬੇਪੱਖੀ ਅਤੇ ਮੁਸਲਮਾਨ ਦੱਸ ਰਹੇ ਸਨ। ਗੱਲ ਇੱਥੇ ਹੀ ਨਹੀਂ ਰੁਕੀ। ਪ੍ਰੋਗਰਾਮ ਦੌਰਾਨ ਕੁਝ ਵਰਕਰਾਂ ਨੇ ਕੁਝ ਪੱਤਰਕਾਰਾਂ ਨਾਲ ਹੱਥੋਪਾਈ ਵੀ ਸ਼ੁਰੂ ਕਰ ਦਿੱਤੀ।ਮਾਮਲਾ ਵਿਗੜਦਾ ਦੇਖ ਦਿੱਲੀ ਪੁਲਿਸ ਕੁਝ ਪੱਤਰਕਾਰਾਂ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਗਈ।ਬਾਅਦ ਵਿੱਚ ਡੀਸੀਪੀ ਨੌਰਥ ਵੈਸਥ ਊਸ਼ਾ ਰੰਗਰਾਨੀ ਨੇ ਟਵੀਟ ਕਰ ਕੇ ਸਫਾਈ ਦਿੱਤੀ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਪੱਤਰਕਾਰਾਂ ਨੂੰ ਆਪਣੇ ਲਿਆਂਦਾ ਸੀ। ਕਿਸੇ ਪੱਤਰਕਾਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। 24 ਘੰਟਿਆਂ ਬਾਅਦ ਦਿੱਲੀ ਪੁਲਿਸ ਨੇ ਬਿਨਾਂ ਆਗਿਆ ਦੇ ਪ੍ਰਬੰਧ ਕਰਨ, ਭੜਕਾਊ ਭਾਸ਼ਣ ਦੇਣ ਤੇ ਪੱਤਰਕਾਰਾਂ ਨਾਲ ਹੱਥੋਪਾਈ ਦੇ ਮਾਮਲੇ ਵਿੱਚ ਵੱਖ-ਵੱਖ ਐੱਫਆਈਆਰ ਦਰਜ ਕੀਤੀਆਂ ਹਨ।