ਜੂਨ 84 ਦੇ ਘਲੂਘਾਰੇ ਦੀ 39 ਵੀਂ ਵਰ੍ਹੇ ਗੰਢ ਤੇ ਹੋ ਰਹੇ ਸਮਾਗਮਾਂ ਵਿਚ ਵੱਧ ਤੋਂ ਵੱਧ ਸ਼ਾਮਲ ਹੋਕੇ, ਸ਼ਹੀਦਾਂ ਨੂੰ ਭੇਟ ਕੀਤੀਆਂ ਜਾਣ ਸ਼ਰਧਾਂਜਲੀਆਂ: ਅਖੰਡ ਕੀਰਤਨੀ ਜੱਥਾ

ਜੂਨ 84 ਦੇ ਘਲੂਘਾਰੇ ਦੀ 39 ਵੀਂ ਵਰ੍ਹੇ ਗੰਢ ਤੇ ਹੋ ਰਹੇ ਸਮਾਗਮਾਂ ਵਿਚ ਵੱਧ ਤੋਂ ਵੱਧ ਸ਼ਾਮਲ ਹੋਕੇ, ਸ਼ਹੀਦਾਂ ਨੂੰ ਭੇਟ ਕੀਤੀਆਂ ਜਾਣ ਸ਼ਰਧਾਂਜਲੀਆਂ: ਅਖੰਡ ਕੀਰਤਨੀ ਜੱਥਾ

ਖੂਨੀ ਘੱਲੂਘਾਰੇ ਨੂੰ ਭੁੱਲਣ ਦੀਆ ਸਲਾਹਾਂ ਦੇਣ ਵਾਲੇ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਰ ਬਣਾਉਣ ਨੂੰ ਕਿਉ ਨਹੀ ਭੁੱਲਦੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 5 ਜੂਨ (ਮਨਪ੍ਰੀਤ ਸਿੰਘ ਖਾਲਸਾ):- 39 ਸਾਲ ਪਹਿਲਾਂ ਸਿੱਖ ਪੰਥ ਤੇ ਤਤਕਾਲੀ ਸਰਕਾਰ ਨੇ ਸਾਕਾ ਨੀਲਾ ਤਾਰਾ ਰਾਹੀਂ ਕਹਿਰ ਵਰਪਾਇਆ ਸੀ ਓਹਦੇ ਜਖਮ ਹਾਲੇ ਵੀਂ ਸਿੱਖ ਪੰਥ ਦੇ ਹਿਰਦਿਆਂ ਅੰਦਰ ਹਰੇ ਹਨ । ਅਖੰਡ ਕੀਰਤਨੀ ਜੱਥਾ (ਵਿਸ਼ਵਵਿਆਪੀ) ਦੇ ਮੁੱਖ ਬੁਲਾਰੇ ਭਾਈ ਆਰਪੀ ਸਿੰਘ ਅਤੇ 31 ਮੈਂਬਰੀ ਕਮੇਟੀ ਦੇ ਮੈਂਬਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਭਾਰਤ ਦੀ ਹਕੂਮਤ ਨੇ ਪੰਜਾਬ ਵਿੱਚ ਕਰਫਿਊ ਲਗਾ ਕੇ ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ 38 ਹੋਰ ਗੁਰਧਾਮਾਂ ਤੇ ਫੌਜੀ ਹਮਲਾ ਕਰਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੱਸਣ ਵਾਲੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂਧੰਰ ਕੇ ਰੱਖ ਦਿੱਤਾ ਸੀ । ਉਨ੍ਹਾਂ ਕਿਹਾ ਕਿ ਅਖੰਡ ਕੀਰਤਨੀ ਜੱਥੇ ਦੇ ਬੇਅੰਤ ਸਿੰਘਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਜਥੇਬੰਦੀਆਂ ਦੇ ਸਿੰਘਾਂ ਦੇ ਨਾਲ ਮਿਲਕੇ ਹਿੰਦ ਹਕੂਮਤ ਦੀਆਂ ਫੌਜਾ ਨਾਲ ਲੜਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ । ਜੱਥੇ ਵਲੋਂ ਸ਼ਹਾਦਤ ਦਾ ਮੁਢ ਭਾਈ ਫੌਜਾ ਸਿੰਘ ਨੇ ਬਨਿਆਂ ਸੀ ਜਿਸ ਨੂੰ ਅੱਗੇ ਤੋਰਦੀਆਂ ਅਣਗਿਣਤ ਸਿੰਘਾਂ ਨੇ ਸਰਕਾਰ ਦੀ ਈਨ ਨਹੀਂ ਮੰਨੀ, ਮੁਕਾਬਲਾ ਕਰਦਿਆਂ ਸ਼ਹਾਦਤਾਂ ਦੇਣ ਤੋਂ ਪਿੱਛੇ ਨਹੀਂ ਹਟੇ ਸਨ । ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਖਾਲਸਾ ਪੰਥ ਪਿਛਲੇ 38 ਸਾਲਾਂ ਤੋਂ ਹਿੰਦੁਸਤਾਨ ਦੀ ਹਕੂਮਤ ਦੇ ਇਸ ਜ਼ੁਲਮ ਦੇ ਖਿਲਾਫ ਰੋਹ ਮੁਜਾਹਿਰਾਆਂ ਰਾਹੀਂ ਸਰਕਾਰ ਨੂੰ ਸੁਨੇਹਾ ਦੇਂਦਾ ਆ ਰਿਹਾ ਹੈ ਕਿ ਸਿੱਖ ਕੌਮ ਭਾਰਤ ਦੀ ਹਕੂਮਤ ਦੇ ਜੂਨ 84 ਵਿੱਚ ਵਰਤਾਏ ਅਣਮਨੁੱਖੀ ਵਰਤਾਰੇ ਨੂੰ ਕਦੇ ਵੀ ਭੁੱਲ ਨਹੀ ਸਕਦੀ ਹੈ ਪਰ ਉਹ ਆਪਣੀ ਚਾਣਕੀਆਂ ਸਾਮ, ਦਾਮ, ਭੇਦ ਤੇ ਦੰਡ ਦੀ ਨੀਤੀ ਵਰਤ ਕੇ ਸਿੱਖ ਕੌਮ ਨੂੰ ਇਸ ਸਭ ਕੁਝ ਭੁੱਲ ਜਾਣ ਜਾਂ ਫਿਰ ਇਸ ਤੋਂ ਸੇਧ ਲੈਣ ਦੀ ਸਿੱਖੀਆ ਦੇ ਰਹੀ ਹੈ । ਓਹ ਭੁੱਲ ਜਾਂਦੀ ਹੈ ਕਿ ਆਪਣੇ ਗੁਰੂ ਨੂੰ ਪ੍ਰਣਾਏ ਹੋਏ ਤੇ ਆਪਣੀ ਕੌਮ ਨਾਲ ਪਿਆਰ ਕਰਨ ਵਾਲੇ ਸਿੱਖ ਜੂਨ 84 ਦੇ ਘੱਲੂਘਾਰੇ ਦਾ ਰੋਹ ਪ੍ਰਗਟਾਉਣ ਦੇ ਨਾਲ ਸ਼ਹੀਦਾਂ ਦੀ ਯਾਦ ਨੂੰ ਮਨਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਜੂਨ 84 ਦੇ ਖੂਨੀ ਘੱਲੂਘਾਰੇ ਨੂੰ ਭੁੱਲਣ ਦੀਆ ਸਲਾਹਾਂ ਦੇਣ ਵਾਲੇ ਮਹਿਮੂਦ ਗਜ਼ਨਬੀ, ਰਾਵਣ, ਬਾਬਰੀ ਮਸਜਿਦ ਦੀ ਥਾਂ ਰਾਮ ਮੰਦਰ ਬਣਾਉਣ ਨੂੰ ਇਹ ਕਿਉ ਨਹੀ ਭੁੱਲਦੇ ਹਨ ।

ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ, ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਛਲਣੀ, ਗੁਰੂ ਗ੍ਰੰਥ ਸਾਹਿਬ ਜੀ ਦੀਆਂ 2500 ਤੋਂ ਵੱਧ ਸਰੂਪਾਂ ਨੂੰ ਅਗਨ ਭੇਟ, ਹਜ਼ਾਰਾਂ ਸਿੰਘਾਂ, ਸਿੰਘਣੀਆਂ, ਭਝੰਗੀਆਂ ਤੇ ਦੁੱਧ ਚੁੰਘਦੇ ਬੱਚਿਆਂ ਤੱਕ ਸ਼ਹੀਦ ਕੀਤਾ ਗਿਆ ਇੱਥੇ ਵੱਸ ਨਹੀ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਤੇ ਫੌਜ ਵੱਲੋਂ ਸਿੱਖ ਬੀਬੀਆਂ ਦੀ ਇੱਜ਼ਤਾਂ ਨਾਲ ਖਿਲਾਵਾੜ ਬਜ਼ੁਰਗਾਂ ਦੀ ਪਰ੍ਹੇ ਵਿੱਚ ਪੱਗ ਰੋਲੀ ਗਈ ਇਸ ਨੂੰ ਅਣਖ ਤੇ ਗੈਰਤਮੰਦ ਸਿੱਖ ਕਿਵੇ ਭੁੱਲ ਸਕਦਾ ਹੈ ਫਿਰਕਾਂ ਪ੍ਰਸਤ ਬ੍ਰਹਮਵਾਦੀ ਸੋਚ ਵਾਲਿਆਂ ਨੇ ਦਰਬਾਰ ਸਾਹਿਬ ਤੇ ਹਮਲੇ ਵੇਲੇ ਖੁਸੀਆਂ ਮਨਾਈਆਂ ਫੌਜ ਨੂੰ ਮਿਠਾਈਆਂ ਵੰਡ ਕੇ ਸਿੱਖ ਕੌਮ ਦੇ ਜ਼ਖਮਾਂ ਤੇ ਮਲੱਮ ਦੀ ਬਜਾਏ ਮਿਰਚਾਂ ਛਿੜਕੀਆਂ ਇਸ ਖੂਨੀ ਸਾਕੇ ਨੂੰ ਭੁਲਾਉਣ ਵਾਲੇ ਸਿੱਖਾਂ ਨੂੰ ਇਹ ਗੱਲ ਯਾਦ ਕਰ ਲੈਣੀ ਚਾਹੀਦੀ ਹੈ ਕਿ ਜੋ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਦੀ ਹੈ ਜਾਂ ਉਸ ਨੂੰ ਰਸਮੀ ਤੌਰਤੇ ਯਾਦ ਕਰਨ ਲੱਗ ਜਾਦੀ ਹੈ ਉਹ ਕੌਮ ਵੀ ਮਾਰਸ਼ਲ ਨਾ ਹੋਕੇ ਇੱਕ ਰਸਮੀ ਕੌਮ ਬਣ ਕੇ ਰਹਿ ਜਾਦੀ ਹੈ ।ਇਸ ਲਈ ਸ਼੍ਰੀ ਦਰਬਾਰ ਸਾਹਿਬ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰਨ ਵਾਲੇ ਹਰ ਸਿੱਖ ਦਾ ਆਪਣਾ ਫਰਜ਼ ਬਣਦਾ ਹੈ ਕਿ ਹਿੰਦੋਸਤਾਨ ਦੀ ਹਕੂਮਤ ਵੱਲੋ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਿੱਖ ਕੌਮ ਤੇ ਜੋ ਕਹਿਰ ਢਾਹਿਆ ਹੈ ਉਹ ਸਾਨੂੰ ਭੁਲਿਆਂ ਨਹੀ ਇਹ ਦਰਸਾਉਣ ਲਈ ਆਪਾ ਆਪਣੀ ਜਿੰਦਗੀ ਦੇ ਰਝੇਵਿਆਂ ਵਿੱਚੋ ਟਾਈਮ ਕੱਢਕੇ ਸ਼ਹੀਦਾਂ ਦੀ ਯਾਦ ਵਿਚ ਹੋ ਰਹੇ ਸਮਾਗਮਾਂ ਵਿਚ ਹਾਜ਼ਿਰੀ ਭਰਣ ਦੇ ਨਾਲ ਵਿਦੇਸ਼ਾਂ ਵਿਚ ਹੋਣ ਵਾਲੇ ਮੁਜਾਹਿਰਿਆ ਵਿਚ ਆਪਣੇ ਰੋਹ ਦਾ ਪ੍ਰਗਟਾਵਾਂ ਭਾਰਤ ਦੇ ਹਾਕਮਾਂ ਤੱਕ ਜਰੂਰ ਦਰਜ ਕਰਾਈਏ । ਇਹ ਹੀ ਸਾਡਾ ਘੱਲੂਘਾਰਾ ਜੂਨ '84 ਦੌਰਾਨ ਸਿੱਖੀ ਦੀ ਆਨ-ਸ਼ਾਨ ਦੀ ਰਾਖੀ ਲਈ ਸ਼ਹੀਦ ਹੋਏ ਸਿੰਘ-ਸਿੰਘਣੀਆਂ ਨੂੰ ਲਹੂ ਭਿੱਜਿਆ ਕੇਸਰੀ ਸਲਾਮ ਹੋਵੇਗਾ ।