ਸਰਨਾ ਅਤੇ ਬਾਦਲਾਂ ਦਾ ਹੋਇਆ ਰਲ਼ੇਵਾਂ, ਸਰਨਿਆਂ ਨੂੰ ਮਿਲੀ ਦਿੱਲੀ ਦੀ ਕਮਾਨ

ਸਰਨਾ ਅਤੇ ਬਾਦਲਾਂ ਦਾ ਹੋਇਆ ਰਲ਼ੇਵਾਂ, ਸਰਨਿਆਂ ਨੂੰ ਮਿਲੀ ਦਿੱਲੀ ਦੀ ਕਮਾਨ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 9 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਅਜ ਸ਼੍ਰੋਮਣੀ ਅਕਾਲੀ ਦਲ (ਦਿੱਲੀ)  ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ 'ਤੇ ਸੁਖਬੀਰ ਸਿੰਘ ਬਾਦਲ ਨੇ ਸਰਨਾ ਦੇ ਗ੍ਰਿਹ ਵਿਖੇ ਇਕ ਦੂਜੇ ਨਾਲ ਗਲਵਕੜੀ ਪਾ ਲਈ । ਅਜ ਉਨ੍ਹਾਂ ਦੇ ਗ੍ਰਿਹ ਵਿਖੇ ਭਾਰੀ ਗਿਣਤੀ ਅੰਦਰ ਸੰਗਤਾਂ ਦਾ ਇੱਕੱਠ ਦੇਖਣ ਨੂੰ ਮਿਲਿਆ ਜਿਸ ਵਿਚ ਬਾਦਲ ਦਲ ਅਤੇ ਸਰਨਾ ਦਲ ਦੀ ਸੀਨੀਅਰ ਲੀਡਰਸ਼ਿਪ ਵੀਂ ਹਾਜ਼ਿਰ ਸੀ । ਰਖੇ ਗਏ ਪ੍ਰੋਗਰਾਮ ਵਿਚ ਵੱਖ ਵੱਖ ਬੁਲਾਰਿਆ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਇਕਤਰਤਾ ਦੀ ਗੂੰਜ ਬਹੁਤ ਦੂਰ ਤਕ ਜਾਏਗੀ ਤੇ ਸਰਕਾਰਾਂ ਅਤੇ ਵਿਰੋਧੀਆਂ ਨੂੰ ਕਾਂਬਾ ਛਿੱੜ ਜਾਏਗਾ ।

ਬੁਲਾਰਿਆ ਨੇ ਸਿੱਖ ਪੰਥ ਦੇ ਪੁਰਾਤਨ ਇਤਿਹਾਸ ਨਾਲ ਹਾਜ਼ਿਰ ਸੰਗਤਾਂ ਨੂੰ ਜਾਣੂ ਕਰਵਾਂਦਿਆਂ ਕੇਂਦਰ ਤੇ ਜੰਮ ਕੇ ਨਿਸ਼ਾਨੇ ਸਾਧੇ ਕਿ ਓਹ ਜਾਣਬੁਝ ਕੇ ਸਿੱਖ ਕੌਮ ਦੇ ਅਦਾਰੇਆ ਅਤੇ ਸੰਸਥਾਵਾਂ ਨੂੰ ਖ਼ਤਮ ਕਰਣ ਤੇ ਲੱਗੀ ਹੋਈ ਹੈ ਜਿਸ ਨੂੰ ਦੇਖਦਿਆਂ ਸਰਨਾ ਬਾਦਲ ਦੀ ਏਕਤਾ ਪੰਥਕ ਏਕਤਾ ਤਹਿਤ ਇਨ੍ਹਾਂ ਨੂੰ ਬਚਾਉਣ ਲਈ ਹਰ ਪ੍ਰਕਾਰ ਦੇ ਜਤਨ ਕਰੇਗੀ ਤੇ ਸਰਕਾਰ ਅਤੇ ਵਿਰੋਧੀਆਂ ਨੂੰ ਦਸ ਦੇਵੇਗੀ ਕਿ ਸਿੱਖ ਨਾ ਝੁੱਕ ਸਕਦਾ ਹੈ ਤੇ ਨਾ ਹੀ ਜ਼ਾਬਰ ਦੇ ਜ਼ੁਲਮ ਤੋਂ ਡਰਦਾ ਹੈ । ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦਸਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਪੁਰਾਤਨ ਇਤਿਹਾਸ ਨੂੰ ਮੁੜ ਸੁਰਜੀਤ ਕਰਣ ਦੀ ਬਹੁਤ ਵੱਡੀ ਲੋੜ ਹੈ ਜਿਸ ਤਹਿਤ ਅਸੀਂ ਇਹ ਏਕਤਾ ਕਰਦਿਆਂ ਇੱਕੋ ਪੰਥਕ ਨਿਸ਼ਾਨ ਹੇਠ ਇਕੱਠੇ ਤੂਰਾਂਗੇ ਜਿਸ ਲਈ ਅਸੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਨਿਟ ਲਈ ਸਰਨਾ ਭਰਾਵਾਂ ਨੂੰ ਇਥੋਂ ਦੇ ਮੁੱਖੀ ਬਣਾ ਰਹੇ ਹਾਂ । ਇਸ ਦੌਰਾਨ ਬਾਬਾ ਦਾਦੂਵਾਲ ਤੇ ਹੋਰ ਹਰਿਆਣਾ ਕਮੇਟੀ ਦੇ ਮੈਂਬਰਾਂ ਨੂੰ ਵੀਂ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਓਹ ਸਾਰੇ ਪੰਥ ਵਿਰੋਧੀਆਂ ਨਾਲ ਮਿਲੇ ਹੋਏ ਹਨ ਤੇ ਕੌਮ ਨੂੰ ਨਿਜ ਖਾਤਿਰ ਕਮਜ਼ੋਰ ਕਰ ਰਹੇ ਹਨ । ਸਰਨਾ ਨੇ ਕਿਹਾ ਮੈ ਅਕਾਲੀ ਹਾਂ ਤੇ ਅਕਾਲੀ ਦਲ ਵਿੱਚੋਂ ਮੈਨੂੰ ਢੀਂਡਸਾ ਦੇ ਕਹਿਣ ਤੇ ਕਢਿਆ ਗਿਆ ਸੀ ਕਿ ਕਿਥੇ ਮੈਨੂੰ ਕੋਈ ਰਾਜਸਭਾ ਦੀ ਕੁਰਸੀ ਨਾ ਮਿਲ ਜਾਏ ।  ਉਨ੍ਹਾਂ ਕਿਹਾ ਕਿ ਮੈਨੂੰ ਜੋ ਜਿੰਮੇਵਾਰੀ ਦਿੱਤੀ ਗਈ ਓਸ ਨੂੰ ਨਿਭਾਦਿਆਂ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਣ ਦੇ ਨਾਲ ਬੁਲੰਦੀਆ ਤੇ ਲੈ ਕੇ ਜਾਵਾਂਗੇ । ਬਲਦੇਵ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਗੋਬਿੰਦ ਸਿੰਘ ਲੌਂਗੋਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਬਲਦੇਵ ਸਿੰਘ ਮਾਨ, ਤਜਿੰਦਰ ਸਿੰਘ ਗੋਪਾ, ਰਮਨਜੀਤ ਸਿੰਘ ਸੋਨੂੰ, ਜਤਿੰਦਰ ਸਿੰਘ ਸੋਨੂੰ, ਭੁਪਿੰਦਰ ਸਿੰਘ ਪੀ ਆਰ ਓ, ਸੁਖਵਿੰਦਰ ਸਿੰਘ ਬੱਬਰ, ਬੀਬੀ ਰਣਜੀਤ ਕੌਰ ਅਤੇ ਹੋਰ ਵੱਡੀ ਗਿਣਤੀ ਅੰਦਰ ਪਾਰਟੀ ਦੇ ਮੈਂਬਰ ਮੌਜੂਦ ਸਨ ।