ਅਜੇ ਸਿੰਘ ਬੰਗਾ ਨੇ ਵਿਸ਼ਵ ਬੈਂਕ ਦੇ 14ਵੇਂ ਮੁਖੀ ਵਜੋਂ ਸੰਭਾਲਿਆ ਅਹੁਦਾ

ਅਜੇ ਸਿੰਘ ਬੰਗਾ ਨੇ ਵਿਸ਼ਵ ਬੈਂਕ ਦੇ 14ਵੇਂ ਮੁਖੀ ਵਜੋਂ ਸੰਭਾਲਿਆ ਅਹੁਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ – ਭਾਰਤੀ-ਅਮਰੀਕੀ ਅਜੇ ਬੰਗਾ ਨੇ ਬੀਤੇ ਦਿਨੀਂ ਵਿਸ਼ਵ ਬੈਂਕ ਦੇ ਮੁਖੀ ਦਾ ਅਹੁਦਾ ਸੰਭਾਲ ਲਿਆ। ਇਸ ਦੇ ਨਾਲ ਹੀ ਉਹ ਦੋ ਗਲੋਬਲ ਵਿੱਤੀ ਸੰਸਥਾਨਾਂ-ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਪ੍ਰਧਾਨਗੀ ਕਰਨ ਵਾਲੇ ਪਹਿਲੇ ਅਸ਼ਵੇਤ ਵਿਅਕਤੀ ਬਣ ਗਏ ਹਨ। ਵਿਸ਼ਵ ਬੈਂਕ ਦੇ ਕਾਰਜਕਾਰੀ ਡਾਇਰੈਕਟਰਾਂ ਨੇ 3 ਮਈ ਨੂੰ ਬੰਗਾ (63) ਨੂੰ ਵਿਸ਼ਵ ਬੈਂਕ ਦੇ 14ਵੇਂ ਮੁਖੀ ਵਜੋਂ ਚੁਣਿਆ ਸੀ। ਉਨ੍ਹਾਂ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ। ਰਾਸ਼ਟਰਪਤੀ ਜੋ ਬਾਈਡੇਨ ਨੇ ਫਰਵਰੀ ਵਿਚ ਐਲਾਨ ਕੀਤਾ ਸੀ ਕਿ ਵਿਸ਼ਵ ਬੈਂਕ ਦੇ ਮੁਖੀ ਦੇ ਅਹੁਦੇ ਲਈ ਅਮਰੀਕਾ ਬੰਗਾ ਨੂੰ ਨਾਮਜ਼ਦ ਕਰੇਗਾ।

ਵਿਸ਼ਵ ਬੈਂਕ ਨੇ ਬੀਤੇ ਦਿਨੀਂ ਬੰਗਾ ਦੀ ਮੁੱਖ ਦਫਤਰ ਵਿਚ ਐਂਟਰੀ ਕਰਦੇ ਹੋਏ ਫੋਟੋ ਪੋਸਟ ਕਰਦੇ ਹੋਏ ਟਵੀਟ ਕੀਤਾ,‘‘ਸਾਡੇ ਨਾਲ ਮਿਲ ਕੇ ਵਿਸ਼ਵ ਬੈਂਕ ਸਮੂਹ ਦੇ ਨਵੇਂ ਮੁਖੀ ਵਜੋਂ ਅਜੇ ਬੰਗਾ ਦਾ ਸਵਾਗਤ ਕਰੀਏ। ਅਸੀਂ ਗਰੀਬੀ ਤੋਂ ਮੁਕਤ ਦੁਨੀਆ ਬਣਾਉਣ ਲਈ ਵਚਨਬੱਧ ਹਾਂ। ਆਈ. ਐੱਮ. ਐੱਫ. ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲਿਨਾ ਜਾਰਜੀਵਾ ਨੇ ਟਵੀਟ ਕੀਤਾ,‘‘ਮੈਂ ਅਜੇ ਬੰਗਾ ਨੂੰ ਸ਼ੁੱਭਕਾਮਾਨਾਵਾਂ ਦਿੰਦੀ ਹਾਂ, ਕਿਉਂਕਿ ਉਹ ਅੱਜ ਵਿਸ਼ਵ ਬੈਂਕ ਦੇ ਮੁਖੀ ਵਜੋਂ ਆਪਣੀ ਨਵੀਂ ਭੂਮਿਕਾ ਗ੍ਰਹਿਣ ਕਰ ਰਹੇ ਹਨ। ਮੈਂ ਚੰਗਾ ਕਰਨ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਸਾਡੇ ਸੰਸਥਾਨਾਂ ਦਰਮਿਆਨ ਡੂੰਘੀ ਸਾਂਝੇਦਾਰੀ ਜਾਰੀ ਰੱਖਣ ਦੀ ਉਮੀਦ ਕਰਦੀ ਹਾਂ। ਬੰਗਾ ਵਿਸ਼ਵ ਬੈਂਕ ਦੀ ਪ੍ਰਧਾਨਗੀ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਹਨ। ਉਹ ਡੇਵਿਡ ਮਾਲਪਾਸ ਦੀ ਥਾਂ ’ਤੇ ਆਏ ਹਨ, ਜਿਨ੍ਹਾਂ ਨੇ ਫਰਵਰੀ ਵਿਚ ਅਸਤੀਫਾ ਦੇਣ ਦਾ ਫੈਸਲਾ ਲਿਆ ਸੀ। ਇਸ ਤੋਂ ਪਹਿਲਾਂ ਜਨਰਲ ਅਟਲਾਂਟਿਕ ਦੇ ਵਾਈਸ ਚੇਅਰਮੈਨ ਸਨ। ਉਸ ਤੋਂ ਪਹਿਲਾਂ ਉਹ ਗਲੋਬਲ ਕੰਪਨੀ ਮਾਸਟਰਕਾਰਡ ਦੇ ਮੁਖੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਨ। ਮਾਸਟਰਕਾਰਡ ’ਵਿਚ ਲਗਭਗ 24,000 ਕਰਮਚਾਰੀ ਕੰਮ ਕਰਦੇ ਹਨ।