ਟਰੰਪ ਅਮਰੀਕਾ ਤੇ ਦੁਨੀਆ ਭਰ ਦੇ ਲੋਕਤੰਤਰ ਨੂੰ  ਪਾ ਦੇਣਗੇ  ਖ਼ਤਰੇ ਵਿਚ

ਟਰੰਪ ਅਮਰੀਕਾ ਤੇ ਦੁਨੀਆ ਭਰ ਦੇ ਲੋਕਤੰਤਰ ਨੂੰ  ਪਾ ਦੇਣਗੇ  ਖ਼ਤਰੇ ਵਿਚ

ਬਾਈਡੇਨ ਨੇ ਟਰੰਪ ਉਪਰ  ਕੀਤੀ ਤਿੱਖੀ ਟਿਪਣੀ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ- ਦੂਜੇ ਕਾਰਜਕਾਲ ਦੀ ਮੰਗ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਤਿੱਖਾ ਵਾਰ ਕੀਤਾ ਹੈ ਅਤੇ ਉਨ੍ਹਾਂ ’ਤੇ ਦੇਸ਼ ਦੇ ਅੰਦਰ ਅਤੇ ਵਿਸ਼ਵ ਪੱਧਰ ’ਤੇ ਲੋਕਤੰਤਰ ਨੂੰ ਖ਼ਤਰੇ ’ਚ ਪਾਉਣ, ਰੂਸ ਦੇ ਅੱਗੇ ਗੋਡੇ ਟੇਕਣ ਅਤੇ ‘ਨਾਰਾਜ਼ਗੀ, ਬਦਲਾ ਅਤੇ ਗੁੱਸੇ ’ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਹੈ। ਅਮਰੀਕੀ ਕਾਂਗਰਸ ਦੇ ਸੰਯੁਕਤ ਸੈਸ਼ਨ ਨੂੰ ਆਪਣੇ ਅੰਤਿਮ ‘ਸਟੇਟ ਆਫ ਦਿ ਯੂਨੀਅਨ’ ਭਾਸ਼ਣ ’ਚ ਬਾਈਡੇਨ ਨੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਆਪਣੇ ਭਾਸ਼ਣ ਵਿਚ ਟਰੰਪ ਦਾ 13 ਵਾਰ ਜ਼ਿਕਰ ਕੀਤਾ। ਸੁਪਰ ਮੰਗਲਵਾਰ ਤੋਂ ਬਾਅਦ, ਨਵੰਬਰ 2024 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਬਾਈਡੇਨ ਅਤੇ ਟਰੰਪ ਵਿਚਕਾਰ ਦੁਬਾਰਾ ਮੁਕਾਬਲੇ ਦਾ ਰਾਹ ਪੱਧਰਾ ਹੋ ਗਿਆ ਹੈ। 81 ਸਾਲਾ ਬਾਈਡੇਨ ਅਮਰੀਕਾ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਹਨ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਬੰਧ ਵਿਚ ਆਪਣੀ ਤਾਜ਼ਾ ਟਿੱਪਣੀ ਤੋਂ ਲੈ ਕੇ ਇਮੀਗ੍ਰੇਸ਼ਨ, 6 ਜਨਵਰੀ ਦੇ ਵਿਦਰੋਹ , ਗਰਭਪਾਤ ਅਤੇ ਬੰਦੂਕ ਕੰਟਰੋਲ ਵਰਗੇ ਕਈ ਮੁੱਦਿਆਂ ’ਤੇ 77 ਸਾਲਾ ਟਰੰਪ ਦੀ ਆਲੋਚਨਾ ਕੀਤੀ।

ਡੈਮੋਕਰੇਟਿਕ ਪਾਰਟੀ ਦੇ ਨੇਤਾ ਬਾਈਡੇਨ ਨੇ ਕਿਹਾ, “ਇਕ ਰਾਸ਼ਟਰਪਤੀ,  ਜੋ ਸਭ ਤੋਂ ਮੁੱਢਲੇ ਫਰਜ਼ ਵਿਚ ਅਸਫ਼ਲ ਰਿਹਾ। ਕਿਸੇ ਵੀ ਰਾਸ਼ਟਰਪਤੀ ਦਾ ਅਮਰੀਕੀ ਲੋਕਾਂ ਦੀ ਦੇਖ਼ਭਾਲ ਕਰਨ ਦਾ ਫਰਜ਼ ਹੁੰਦਾ ਹੈ। ਉਨ੍ਹਾਂ ਦੀ ਅਸਫਲਤਾ ਮੁਆਫ਼ੀਯੋਗ ਨਹੀਂ ਹੈ।” ਉਨ੍ਹਾਂ ਕਿਹਾ ਕਿ ਸਾਬਕਾ ਰਿਪਬਲਿਕਨ ਰਾਸ਼ਟਰਪਤੀ, ਪੁਤਿਨ ਨੂੰ ਕਹਿੰਦੇ ਹਨ, 'ਜੋ ਕੁੱਝ ਵੀ ਤੁਸੀਂ ਕਰਨਾ ਚਾਹੁੰਦੇ ਹੋ , ਉਹ ਕਰੋ।' ਦਰਅਸਲ ਇਕ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇਕ ਰੂਸੀ ਨੇਤਾ ਅੱਗੇ ਝੁਕਦੇ ਹੋਏ ਅਜਿਹਾ ਕਿਹਾ ਸੀ। ਇਹ ਅਪਮਾਨਜਨਕ ਹੈ, ਇਹ ਖ਼ਤਰਨਾਕ ਹੈ। ਇਹ ਅਸਵੀਕਾਰਨਯੋਗ ਹੈ। ਟਰੰਪ ਨੇ ਹਾਲ ਹੀ ’ਚ ਕਿਹਾ ਸੀ ਕਿ ਉਹ ਰੂਸ ਨੂੰ ਕਿਸੇ ਵੀ ਨਾਟੋ ਮੈਂਬਰ ਦੇਸ਼ ਦੇ ਵਿਰੁੱਧ ‘ਜੋ ਕੁੱਝ ਵੀ ਉਹ ਚਾਹੁੰਦੇ ਹਨ’ ਕਰਨ ਲਈ ਉਤਸ਼ਾਹਿਤ ਕਰਨਗੇ ਜੋ ਰੱਖਿਆ ਖ਼ਰਚ ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਪੂਰਾ ਨਹੀਂ ਕਰਦਾ ਹੈ। ਇਕ ਹੈਰਾਨ ਕਰਨ ਵਾਲੇ ਕਬੂਲਨਾਮੇ ਵਿਚ ਟਰੰਪ ਨੇ ਕਿਹਾ ਸੀ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਗੱਠਜੋੜ ਦੇ ਸਮੂਹਿਕ ਰੱਖਿਆ ਪ੍ਰਬੰਧਾਂ ਦੀ ਪਾਲਣਾ ਨਹੀਂ ਕਰਨਗੇ।

ਬਾਈਡੇਨ ਨੇ ਕਿਹਾ ਕਿ ਉਹ ਦੇਸ਼ ਦੇ ਇਤਿਹਾਸ ਦੇ ਸਭ ਤੋਂ ਔਖੇ ਦੌਰ ਵਿਚੋਂ ਇਕ ’ਚੋਂ ਅਮਰੀਕਾ ਨੂੰ ਬਾਹਰ ਕੱਢਣ ਦੇ ਦ੍ਰਿੜ੍ਹ ਇਰਾਦੇ ਨਾਲ ਸੱਤਾ ਵਿਚ ਆਏ ਸਨ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਲਿੰਕਨ ਦੇ ਸਮੇਂ ਤੋਂ ਅਤੇ ਗ੍ਰਹਿ ਯੁੱਧ ਦੇ ਬਾਅਦ ਤੋਂ ਇਥੇ ਘਰੇਲੂ ਪੱਧਰ ’ਤੇ ਆਜ਼ਾਦੀ ਅਤੇ ਲੋਕਤੰਤਰ ’ਤੇ ਉਹੋ ਜਿਹਾ ਹਮਲਾ ਨਹੀਂ ਹੋਇਆ ਹੈ ਜਿਵੇਂ ਕਿ ਅੱਜ ਹੋ ਰਿਹਾ ਹੈ। ਜੋ ਗੱਲ ਸਾਡੇ ਇਸ ਦੌਰ ਨੂੰ ਦੁਰਲੱਭ ਬਣਾਉਂਦੀ ਹੈ, ਉਹ ਇਹ ਹੈ ਕਿ ਇਕ ਹੀ ਸਮੇਂ ਵਿਚ, ਦੇਸ਼ ਅਤੇ ਵਿਦੇਸ਼ ਦੋਵਾਂ ਥਾਂਵਾਂ ’ਤੇ ਆਜ਼ਾਦੀ ਅਤੇ ਲੋਕਤੰਤਰ 'ਤੇ ਹਮਲਾ ਹੋ ਰਿਹਾ ਹੈ। ਵਿਦੇਸ਼ ਵਿਚ, ਰੂਸ ਦੇ ਪੁਤਿਨ ਅੱਗੇ ਵੱਧ ਰਹੇ ਹਨ, ਯੂਕ੍ਰੇਨ ’ਤੇ ਹਮਲਾ ਕਰ ਰਹੇ ਹਨ ਅਤੇ ਪੂਰੇ ਯੂਰਪ ਅਤੇ ਉਸਦੇ ਬਾਹਰ ਅਰਾਜਕਤਾ ਫੈਲਾ ਰਹੇ ਹਨ।’