ਅਮਰੀਕੀ ਸੁਪਰੀਮ ਕੋਰਟ ਨੇ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਦੀ ਮੌਤ ਦੀ ਸਜ਼ਾ ਉਪਰ ਰੋਕ ਲਾਉਣ ਤੋਂ ਕੀਤੀ ਨਾਂਹ

ਅਮਰੀਕੀ ਸੁਪਰੀਮ ਕੋਰਟ ਨੇ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਦੀ ਮੌਤ ਦੀ ਸਜ਼ਾ ਉਪਰ ਰੋਕ ਲਾਉਣ ਤੋਂ ਕੀਤੀ ਨਾਂਹ
ਕੈਪਸ਼ਨ ਕੈਨੇਥ ਸਮਿਥ

ਅਲਾਬਾਮਾ ਵਿਚ ਨਾਈਟਰੋਜਨ ਗੈਸ ਨਾਲ ਦਿੱਤੀ ਜਾਵੇਗੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਭਾੜੇ 'ਤੇ ਹੱਤਿਆ ਮਾਮਲੇ ਵਿਚ ਦੋਸ਼ੀ ਕੈਨੇਥ ਸਮਿਥ ਦੀ ਮੌਤ ਦੀ ਸਜ਼ਾ ਦੇ ਅਮਲ ਉਪਰ ਰੋਕ ਲਾਉਣ ਤੋਂ ਨਾਂਹ ਕਰ ਦੇਣ ਦੀ ਖਬਰ ਹੈ ਜਿਸ ਨੂੰ ਅਲਾਬਾਮਾ ਰਾਜ ਵਿਚ ਨਾਈਟਰੋਜਨ ਗੈਸ ਦੀ ਵਰਤੋਂ ਨਾਲ ਫਾਹੇ ਲਾਇਆ ਜਾਣਾ ਹੈ। ਅਲਾਬਾਮਾ ਰਾਜ ਵਿਚ ਨਾਈਟਰੋਜਨ ਗੈਸ ਨਾਲ ਮੌਤ ਦੀ ਸਜ਼ਾ ਉਪਰ ਅਮਲ ਕਰਨ ਦੀ ਵਿਵਸਥਾ ਹੈ ਜਿਸ ਬਾਰੇ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਢੰਗ ਤਰੀਕੇ ਨਾਲ ਬਹੁਤ ਜਿਆਦਾ ਦਰਦ ਹੋ ਸਕਦਾ ਹੈ। ਸਮਿਥ ਦੀ ਮੌਤ ਦੀ ਸਜ਼ਾ ਉਪਰ ਵੀਰਵਾਰ ਤੋਂ ਬਾਅਦ 30 ਘੰਟਿਆਂ ਦੌਰਾਨ ਅਮਲ ਕੀਤਾ ਜਾਣਾ ਹੈ। 2022 ਵਿਚ ਸਮਿਥ ਨੂੰ ਫਾਂਸੀ ਦੇਣ ਲਈ ਮੌਤ ਦੇ ਵਾਰੰਟਾਂ ਦੇ ਸਮੇ ਤੋਂ ਪਹਿਲਾਂ ਜ਼ਹਿਰ ਦਾ ਟੀਕਾ ਨਹੀਂ ਲਾਇਆ ਜਾ ਸਕਿਆ ਸੀ ਜਿਸ ਕਾਰਨ ਸਜ਼ਾ ਉਪਰ ਅਮਲ ਰੋਕਣਾ ਪਿਆ ਸੀ। ਸੁਪਰੀਮ ਕੋਰਟ ਵਿਚ ਉਸ ਦੇ ਵਕੀਲਾਂ ਨੇ ਕੀਤੀ ਅਪੀਲ ਵਿਚ ਕਿਹਾ ਸੀ ਕਿ 14 ਮਹੀਨੇ ਪਹਿਲਾਂ ਨਵੰਬਰ 2022 ਵਿਚ ਸਮਿਥ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ । ਉਸ ਦੀਆਂ ਬਾਹਾਂ ਤੇ ਹੱਥਾਂ 'ਤੇ ਵਾਰ ਵਾਰ ਟੀਕਾ ਲਾਉਣ ਦਾ ਯਤਨ ਕੀਤਾ ਗਿਆ ਪਰੰਤੂ ਡਾਕਟਰ ਉਸ ਦੀ ਨਾੜ ਲੱਭਣ ਵਿਚ ਅਸਫਲ ਰਹੇ ਸਨ। ਵਕੀਲਾਂ ਅਨੁਸਾਰ ਇਸ ਕਾਰਨ ਸਮਿੱਥ ਨੂੰ ਬਹੁਤ ਸਰੀਰਕ ਤੇ ਮਾਨਸਿਕ ਦੁੱਖ ਸਹਿਣਾ ਪਿਆ ਸੀ। ਅਪੀਲ ਵਿਚ ਵਕੀਲਾਂ ਨੇ ਮੰਗ ਕੀਤੀ ਸੀ ਕਿ ਸਮਿਥ ਦੀ ਮੌਤ ਦੀ ਸਜ਼ਾ ਉਪਰ ਅਮਲ ਰੋਕ ਦਿੱਤਾ ਜਾਵੇ ਤਾਂ ਜੋ ਉਹ ਦੂਸਰੀ ਵਾਰ ਦਿੱਤੀ ਜਾਣ ਵਾਲੀ ਫਾਂਸੀ ਬਾਰੇ ਆਪਣਾ ਪੱਖ ਰਖ ਸਕਣ ਕਿਉਂਕਿ ਨਾਈਟਰੋਜਨ ਦੀ ਵਰਤੋਂ ਨਾਲ ਉਸ ਨੂੰ ਅਸਧਾਰਨ ਦੁੱਖ ਸਹਿਣਾ ਪਵੇਗਾ ਤੇ ਇਹ ਉਸ ਉਪਰ ਤਸ਼ੱਦਦ ਹੋਵੇਗਾ ਤੇ ਅਜਿਹਾ ਕਰਨਾ ਸੰਵਿਧਾਨ ਦੀ 8 ਵੀਂ ਤੇ14 ਵੀਂ ਸੋਧ ਦੀ ਵੀ ਉਲੰਘਣਾ ਹੋਵੇਗੀ। ਜੱਜਾਂ ਨੇ ਵਕੀਲਾਂ ਦੀ ਬੇਨਤੀ ਰੱਦ ਕਰ ਦਿੱਤੀ। ਜੱਜਾਂ ਨੇ ਆਪਣੇ ਸੰਖੇਪ ਆਦੇਸ਼ ਵਿਚ ਬੇਨਤੀ ਰੱਦ ਕਰਨ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਇਸੇ ਦੌਰਾਨ ਸਮਿਥ ਦੇ ਵਕੀਲਾਂ ਵੱਲੋਂ ਫਾਂਸੀ 'ਤੇ ਰੋਕ ਲਾਉਣ ਸਬੰਧੀ 11 ਵੀਂ ਸਰਕਟ ਕੋਰਟ ਆਫ ਅਪੀਲਜ ਵਿਚ ਵੀ ਵੱਖਰੀ ਬੇਨਤੀ ਦਾਇਰ ਕਰਨ ਦੀ ਖਬਰ ਹੈ।