ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਦੀ ਮੁਹਿੰਮ ਤਿਖੀ ਕਰੇਗੀ
ਇਕ ਅਰਬ ਦਾ ਰਖੇਗੀ ਬਜਟ, ਧਰਮ ਪ੍ਰਚਾਰ ਦੇ ਬਜਟ ’ਵਿਚ 30 ਪ੍ਰਤੀਸ਼ਤ ਦਾ ਕੀਤਾ ਵਾਧਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 29 ਮਾਰਚ ਨੂੰ ਸਾਲ 2024-25 ਦੇ ਤਕਰੀਬਨ 12 ਅਰਬ ਦੇ ਬਜਟ ’ਵਿਚ 1 ਅਰਬ ਧਰਮ ਪ੍ਰਚਾਰ ਕਮੇਟੀ ਲਈ ਰੱਖਣ ਦੀ ਯੋਜਨਾ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ ਇਸ ਸਾਲ 2 ਕਰੋੜ ਰੁਪਏ ਖਰਚ ਕੇ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ-ਜੋਤ ਦਿਵਸ ਨੂੰ ਸਮਰਪਿਤ ਅਰਧ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਹਿਲੀ ਵਾਰ ਵਿਦੇਸ਼ ਵਿਚ ਪ੍ਰਚਾਰ ਲਈ 8 ਕਰੋੜ ਰੁਪਏ ਖਰਚ ਕਰਨ ਲਈ ਬਜਟ ਵਿਚ ਰੱਖਣ ਦੀ ਯੋਜਨਾ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਫ੍ਰੀ ਜੁਡੀਸ਼ੀਅਲ ਕੋਰਸਾਂ ਦੀ ਤਿਆਰੀ ਲਈ ਇਕ ਕਰੋੜ ਰੁਪਏ, ਆਈਪੀਐੱਸ, ਪੀਸੀਐੱਸ ਆਦਿ ਦੀ ਤਿਆਰੀ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਲਈ 2 ਕਰੋੜ ਰੁਪਏ ਬਜਟ ਰੱਖਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੁਨੀਵਰਸਿਟੀ ’ਚ 100 ਲੜਕੀਆਂ ਅਤੇ ਮਾਤਾ ਸਾਹਿਬ ਕੌਰ ਕਾਲਜ ਵਿਚ 250 ਲੜਕੀਆਂ ਨੂੰ ਮੁਫਤ ਪੜ੍ਹਾਈ, ਰਹਿਣਾ ਅਤੇ ਖਾਣਾ ਦੇ ਕੇ ਲੋੜਵੰਦ ਲੜਕੀਆਂ ਨੂੰ ਉੱਚ ਵਿੱਦਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਐਡਵੋਕੇਟ ਧਾਮੀ ਦੀ ਅਗਵਾਈ ਵਿਚ ਧਰਮ ਪ੍ਰਚਾਰ ਦੇ ਬਜਟ ਵਿਚ 30 ਪ੍ਰਤੀਸ਼ਤ ਦਾ ਰਿਕਾਰਡ ਵਾਧਾ ਦਰਜ ਹੋਵੇਗਾ ਜਦਕਿ ਸਾਲ 2021-22 ’ਚ ਸ਼੍ਰੋਮਣੀ ਕਮੇਟੀ ਦਾ ਬਜਟ 25 ਪ੍ਰਤੀਸ਼ਤ ਵਧਿਆ ਸੀ।
ਸੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਸਾਲ 2023-24 ਦਾ ਸਾਲਾਨਾ ਬਜਟ 11 ਅਰਬ 38 ਕਰੋੜ 14 ਲੱਖ ਰੁਪਏ ਪੇਸ਼ ਕੀਤਾ ਸੀ ਜਿਸ ਵਿਚ ਸਾਲ 2022-23 ਨਾਲੋਂ 17 ਫੀਸਦੀ ਵਾਧਾ ਦਰਜ ਕੀਤਾ ਗਿਆ ਸੀ। ਇਸ ਬਜਟ ਵਿਚ ਭਵਿੱਖੀ ਯੋਜਨਾਵਾਂ ਤਹਿਤ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਲਈ 1 ਕਰੋੜ ਰੁਪਏ, ਵਿਦੇਸ਼ਾਂ ਵਿਚ ਸਿੱਖੀ ਪ੍ਰਚਾਰ ਕੇਂਦਰ ਸਥਾਪਤ ਕਰਨ ਲਈ 7 ਕਰੋੜ 9 ਲੱਖ ਰੁਪਏ, ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬਾਨ ਵਿਖੇ ਸੋਲਰ ਪਲਾਂਟ ਲਗਾਉਣ ਲਈ 4 ਕਰੋੜ 72 ਲੱਖ ਰੁਪਏ, ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਨਵੀਆਂ ਸਰਾਵਾਂ ਲਈ 24 ਕਰੋੜ ਰੁਪਏ ਆਦਿ ਰੱਖਿਆ ਗਿਆ ਸੀ।
Comments (0)