ਜਰਖੜ ਖੇਡਾਂ: ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ 4 ਮਈ ਤੋਂ

ਜਰਖੜ ਖੇਡਾਂ: ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ 4 ਮਈ ਤੋਂ

ਲੁਧਿਆਣਾ: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਨੌਂਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ 4 ਮਈ ਤੋਂ 2 ਜੂਨ ਤੱਕ ਖੇਡ ਕੰਪਲੈਕਸ ਜਰਖੜ ਵਿੱਚ ਕਰਵਾਇਆ ਜਾਵੇਗਾ। 

ਟੂਰਨਾਮੈਂਟ ਵਿਚ ਸੀਨੀਅਰ ਵਰਗ ਵਿਚ (35 ਸਾਲ ਤੋਂ ਉੱਪਰ) ਅਤੇ ਜੂਨੀਅਰ ਵਰਗ ਅੰਡਰ-17 ਵਿਚ ਅੱਠ-ਅੱਠ ਟੀਮਾਂ ਤੇ ਹਾਕੀ ਨੂੰ ਅਪਗ੍ਰੇਡਿੰਗ ਕਰਨ ਲਈ ਅੰਡਰ-10 ਸਾਲ ਵਰਗ ’ਚ ਚਾਰ ਟੀਮਾਂ ਹਿੱਸਾ ਲੈਣਗੀਆਂ।

ਇਸ ਸਬੰਧੀ ਹੋਈ ਮੀਟਿੰਗ ਮਗਰੋਂ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਅਕੈਡਮੀ ਦੇ ਪ੍ਰਧਾਨ ਪਰਮਜੀਤ ਸਿੰਘ ਨੀਟੂ ਨੇ ਦੱਸਿਆ ਕਿ ਹਾਕੀ ਟੂਰਨਾਮੈਂਟ ਦੇ ਸਾਰੇ ਮੈਚ ਹਫ਼ਤਾਵਰੀ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਸ਼ਾਮ ਛੇ ਵਜੇ ਤੋਂ ਰਾਤ ਨੌਂ ਵਜੇ ਤੱਕ ਖੇਡੇ ਜਾਣਗੇ।

ਟੂਰਨਾਮੈਂਟ ਦਾ ਉਦਘਾਟਨ ਸਮਾਜ ਸੇਵੀ ਭਾਈ ਭੁਪਿੰਦਰ ਸਿੰਘ ਬਾਬਾ ਭਿੰਦਾ ਕਾਰ ਸੇਵਾ ਵਾਲੇ ਅਤੇ ਓਲੰਪੀਅਨ ਗੁਰਬਾਜ ਸਿੰਘ ਕਰਨਗੇ ਅਤੇ ਪੰਜਾਬ ਦੀ ਫੁਟਬਾਲ ਵਿੱਚ ਕੌਮੀ ਚੈਂਪੀਅਨ ਬਣੀ ਸੀਨੀਅਰ ਟੀਮ ਦਾ ਸਨਮਾਨ ਵੀ ਕੀਤਾ ਜਾਵੇਗਾ। ਪਹਿਲੇ ਗੇੜ ਦੇ ਮੁਕਾਬਲੇ ਚਾਰ ਤੋਂ 26 ਮਈ ਤੱਕ, ਜਦੋਂਕਿ ਕੁਆਰਟਰ-ਫਾਈਨਲ 30 ਮਈ, ਸੈਮੀ-ਫਾਈਨਲ 31 ਮਈ ਤੇ ਪਹਿਲੀ ਜੂਨ, ਫਾਈਨਲ ਦੋ ਜੂਨ ਨੂੰ ਖੇਡਿਆ ਜਾਵੇਗਾ।

ਮੀਟਿੰਗ ਵਿੱਚ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਸਰਪੰਚ ਦਪਿੰਦਰ ਸਿੰਘ ਡਿੰਪੀ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਅਤੇ ਸੰਦੀਪ ਸਿੰਘ ਪੰਧੇਰ ਮੌਜੂਦ ਸਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ